GHG ਅਕੈਡਮੀ ਫਰਿਜ਼ਨੋ ਵੱਲੋਂ 13ਵਾਂ ਸਾਲਾਨਾ ਕੈਂਪ 5 ਜੁਲਾਈ ਤੋਂ

ਫਰਿਜ਼ਨੋ : ਬੀਤੇ ਦਿਨੀਂ ਜੀਐੱਚਜੀ ਡਾਂਸ ਐਂਡ ਸੰਗੀਤ ਅਕੈਡਮੀ ਫਰਿਜ਼ਨੋ ਦੇ ਪ੍ਰਬੰਧਕੀ ਬੋਰਡ ਅਤੇ ਕੋਚਾਂ ਦੀ ਅਹਿਮ ਮੀਟਿੰਗ ਫਰਿਜ਼ਨੋ ਵਿਖੇ ਹੋਈ, ਜਿਸ ਵਿੱਚ ਅਕੈਡਮੀ ਵੱਲੋਂ ਹਰ ਸਾਲ ਵਾਂਗ ਇਸ ਸਾਲ ਵੀ ਗਿੱਧਾ, ਭੰਗੜਾ ਅਤੇ ਸੰਗੀਤ ਆਦਿ ਕੈਂਪ ਅਤੇ ਪ੍ਰਬੰਧਾਂ ਸਬੰਧੀ ਵਿਚਾਰਾਂ ਹੋਈਆਂ। ਹਾਜ਼ਰ ਸਮੂਹ ਮੈਂਬਰਾਂ ਵੱਲੋਂ ਇਹ ਤੈਅ ਕੀਤਾ ਗਿਆ ਕਿ ਇਸ ਸਾਲ ਮਿੱਥੀ ਤਰੀਕ ਅਨੁਸਾਰ ਪੰਜਾਬੀ ਸੱਭਿਆਚਾਰਕ ਸਿਖਲਾਈ ਕੈਂਪ 5 ਤੋਂ 20 ਜੁਲਾਈ ਤੱਕ HOLLAND PARK WEST 3855 N. BRYAN AVE, FRESNO-CA ਵਿਖੇ ਬੜੀ ਸਫਲਤਾ ਨਾਲ ਲਾਇਆ ਜਾਵੇਗਾ।

ਇਸ ਕੈਂਪ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਸਮੂਹ ਮੈਂਬਰਾਂ ਵੱਲੋਂ ਪੂਰਨ ਤਸੱਲੀ ਪ੍ਰਗਟਾਈ ਗਈ ਕਿ ਕੈਂਪ ਵਿੱਚ ਪੰਜਾਬੀ ਸੱਭਿਆਚਾਰ ਨਾਲ ਸਬੰਧਤ ਗਿੱਧਾ-ਭੰਗੜਾ ਤੇ ਹੋਰ ਗੀਤ-ਸੰਗੀਤ ਆਦਿ ਗਤੀਵਿਧੀਆਂ ਦੀ ਸਿੱਖਿਆ ਡਾ. ਦਲਜਿੰਦਰ ਸਿੰਘ ਜੌਹਲ (ਅਕੈਡਮੀ ਫਾਊਂਡਰ) ਦੀ ਅਗਵਾਈ ਵਿੱਚ ਸੁਚੱਜੇ ਮਾਹਿਰ ਕੋਚਾਂ ਦੁਆਰਾ ਦਿੱਤੀ ਜਾਵੇਗੀ। ਕੈਂਪ ਦੌਰਾਨ ਬੱਚਿਆਂ ਨੂੰ ਆਪਣੇ ਅਮੀਰ ਵਿਰਸੇ ਨਾਲ ਜੋੜਨ ਲਈ ਭਾਈਚਾਰਕ ਸਾਂਝ ਤੇ ਸਮਾਨਤਾ ਨਾਲ ਰਹਿਣ ਦੇ ਗੁਣ ਵੀ ਭਰੇ ਜਾਣਗੇ।

ਜੀਐੱਚਜੀ ਅਕੈਡਮੀ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਅਸੀਂ ਇਹ ਮਾਣ ਮਹਿਸੂਸ ਕਰਦੇ ਹਾਂ ਕਿ ਅਕੈਡਮੀ ਵੱਲੋਂ 1992 ਤੋਂ ਇੱਥੋਂ ਦੀ ਨਵੀਂ ਜੰਮੀ-ਪਲ਼ੀ ਪਨੀਰੀ ਨੂੰ ਪੰਜਾਬੀ ਸੱਭਿਆਚਾਰ, ਮਾਂ-ਬੋਲੀ, ਵਿਰਾਸਤੀ ਜੜ੍ਹਾਂ ਅਤੇ ਧਰਮ ਨਾਲ ਜੋੜਨ ਲਈ ਸਾਰਾ ਸਾਲ ਸਰਗਰਮ ਰਹਿੰਦਿਆਂ ਸੇਵਾਵਾਂ ਨਿਭਾ ਰਹੇ ਹਾਂ। ਨਸ਼ੇ ਛੱਡੋ ਕੋਹੜ ਵੱਢੋ ਸਾਡਾ ਨਾਅਰਾ ਹੈ। ਇਸ ਸਿਖਲਾਈ ਕੈਂਪ ਦੀ ਸਮਾਪਤੀ ਦੇ ਆਖਰੀ ਦਿਨ 22 ਜੁਲਾਈ ਸ਼ਨੀਵਾਰ ਨੂੰ ਅੰਤਰਰਾਸ਼ਟਰੀ ਪੱਧਰ ‘ਤੇ ਯੁਵਕ ਮੇਲਾ ਕਰਵਾਇਆ ਜਾਵੇਗਾ, ਜਿਸ ਵਿੱਚ ਅੰਤਰਰਾਸ਼ਟਰੀ ਪੱਧਰ ਦੀਆਂ 10 ਟੀਮਾਂ ਵਿਚਾਲੇ ਭੰਗੜੇ ਦਾ ਮੁਕਾਬਲਾ ਬਹੁਤ ਰੌਚਿਕ ਹੋਵੇਗਾ। ਸਟੇਜ ਸੰਚਾਲਨ ਬਹੁਪੱਖੀ ਸ਼ਖ਼ਸੀਅਤ, ਪੰਜਾਬੀਅਤ ਦਾ ਮਾਣ, ਸਟੇਜਾਂ ਦੀ ਮਲਕਾ ਬੀਬੀ ਆਸ਼ਾ ਸ਼ਰਮਾ ਕਰਨਗੇ।

ਇਸ ਅੰਤਰਰਾਸ਼ਟਰੀ ਗਿੱਧਾ-ਭੰਗੜਾ ਮੁਕਾਬਲੇ ‘ਚ ਹਿੱਸਾ ਲੈਣ ਵਾਲੇ ਸਭ ਹਾਜ਼ਰ ਬੱਚਿਆਂ ਨੂੰ ਮਾਣ-ਸਨਮਾਨ ਦਿੱਤਾ ਜਾਵੇਗਾ। ਇਹ ਮੁਕਾਬਲਾ 730 M Street ,Fresno, CA-93721 William Saroyan Theater ਫਰਿਜ਼ਨੋ ਵਿਖੇ ਹੋਵੇਗਾ, ਜਿਸ ਵਿੱਚ ਸਥਾਨਕ ਕੈਂਪ ‘ਚ ਭਾਗ ਲੈ ਰਹੇ ਬੱਚਿਆਂ ਦੀਆਂ ਵੱਖ-ਵੱਖ ਉਮਰ ਵਾਲੀਆਂ ਟੀਮਾਂ ਅਤੇ ਅਮਰੀਕਾ ਦੀਆਂ ਵੱਖ-ਵੱਖ ਸਟੇਟਾਂ ਤੋਂ ਇਲਾਵਾ ਕੈਨੇਡਾ ਤੋਂ ਵੀ ਟੀਮਾਂ ਸ਼ਿਰਕਤ ਕਰਨਗੀਆਂ, ਜਿਨ੍ਹਾਂ ‘ਚ ਭੰਗੜੇ ਦੇ ਮੁਕਾਬਲੇ ਹੋਣਗੇ।

Add a Comment

Your email address will not be published. Required fields are marked *