8.49 ਕਰੋੜ ਲੁੱਟ ਦਾ ਮਾਮਲਾ : ਮੋਨਾ ਨਹੀਂ ਮਨਜਿੰਦਰ ਸੀ ਅਸਲ ਮਾਸਟਰ ਮਾਈਂਡ
ਲੁਧਿਆਣਾ : ਸੀ. ਐੱਮ. ਐੱਸ. ਏਜੰਸੀ ’ਚ ਹੋਈ 8.49 ਕਰੋੜ ਦੀ ਲੁੱਟ ਦੇ ਮਾਮਲੇ ’ ਪੁਲਸ ਨੇ ਫੜ੍ਹੇ ਗਏ ਮੁਲਜ਼ਮਾਂ ਨੂੰ ਆਹਮਣੇ-ਸਾਹਮਣੇ ਬਿਠਾ ਕੇ ਪੁੱਛਗਿਛ ਕੀਤੀ। ਉਸ ਪੁੱਛਗਿੱਛ ’ਚ ਖੁਲਾਸਾ ਹੋਇਆ ਕਿ ਲੁੱਟ ਦੀ ਅਸਲ ਮਾਸਟਰਮਾਈਂਡ ਮਨਦੀਪ ਕੌਰ ਨਹੀਂ ਸਗੋਂ ਮਨਜਿੰਦਰ ਸਿੰਘ ਸੀ। ਮਨਜਿੰਦਰ ਨੇ ਵਾਰਦਾਤ ਲਈ ਮੋਨਾ ਨੂੰ ਰਾਜ਼ੀ ਕੀਤਾ ਸੀ। ਫੜ੍ਹੇ ਜਾਣ ਤੋਂ ਬਾਅਦ ਮਨਜਿੰਦਰ ਸਿੰਘ ਨੇ ਮਨਦੀਪ ਕੌਰ ਉਰਫ਼ ਮੋਨਾ ਨੂੰ ਹੀ ਮਾਸਟਰਮਾਈਂਡ ਦੱਸਿਆ ਸੀ ਪਰ ਹੁਣ ਹੋਈ ਪੁੱਛਗਿੱਛ ਵਿਚ ਇਹ ਖੁਲਾਸਾ ਹੋਇਆ ਹੈ। ਇਸ ਦੇ ਇਲਾਵਾ ਇਹ ਵੀ ਪਤਾ ਲੱਗਾ ਹੈ ਕਿ ਵਾਰਦਾਤ ਤੋਂ ਇਕ ਮਹੀਨੇ ਪਹਿਲਾਂ ਮੁਲਜ਼ਮਾਂ ਦੀਆਂ ਲਗਾਤਾਰ ਮੀਟਿੰਗਾਂ ਹੁੰਦੀਆਂ ਰਹੀਆਂ ਹਨ। ਵਾਰਦਾਤ ਤੋਂ ਇਕ ਦਿਨ ਪਹਿਲਾਂ ਉਨ੍ਹਾਂ ਨੇ ਜਗਰਾਓਂ ਸਥਿਤ ਇਕ ਢਾਬੇ ਵਿਚ ਮੀਟਿੰਗ ਕੀਤੀ ਸੀ। ਜਿਥੇ ਸਾਰੇ ਵੱਖ-ਵੱਖ ਹੋ ਗਏ ਸਨ। ਭਾਵੇਂ ਕਿ ਪੁਲਸ ਦਾ ਕਹਿਣਾ ਹੈ ਕਿ ਹੁਣ ਤੱਕ ਦੀ ਜਾਂਚ ਵਿਚ ਮਨਦੀਪ ਕੌਰ ਦਾ ਮਾਸਟਰਮਾਈਂਡ ਹੋਣਾ ਹੀ ਪਾਇਆ ਗਿਆ ਸੀ ਕਿਉਂਕਿ ਬੰਦੀ ਬਣਾਏ ਮੁਲਜ਼ਮਾਂ ਨੇ ਦੱਸਿਆ ਕਿ ਵਰਦਾਤ ਦੇ ਸਮੇਂ ਇਕ ਔਰਤ ਸੀ, ਜੋ ਕਿ ਸਾਰੇ ਕੰਮ ਕਰਨ ਲਈ ਕਹਿ ਰਹੀ ਸੀ। ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਅਕਸਰ ਫੜੇ ਜਾਣ ਦੇ ਬਾਅਦ ਮੁਲਜ਼ਮ ਇਕ-ਦੂਜੇ ’ਤੇ ਦੋਸ਼ ਲਾਉਂਦੇ ਹਨ।
ਪੁਲਸ ਨੂੰ ਲੀਡ ਮਿਲ ਗਈ ਸੀ ਕਿ ਮਨਦੀਪ ਕੌਰ ਆਪਣੇ ਪਤੀ ਨਾਲ ਸ੍ਰੀ ਹੇਮਕੁੰਟ ਸਾਹਿਬ ਵਿਚ ਹੈ। ਇਸ ਦੇ ਬਾਅਦ ਸੀ. ਆਈ. ਏ. ਦੇ ਇੰਚਾਰਜ ਬੇਅੰਤ ਜੁਨੇਜਾ ਤੇ ਇੰਸ. ਕੁਲਵੰਤ ਸਿੰਘ ਸਾਦੀ ਵਰਦੀ ਵਿਚ ਹੇਮਕੁੰਟ ਸਾਹਿਬ ਪੁੱਜ ਗਏ। ਉਹ ਉਨ੍ਹਾਂ ਦੇ ਪਿਛੇ ਹੀ ਰਹੇ। ਮੁਲਜ਼ਮਾਂ ਨੇ ਅੰਦਰ ਮੱਥਾ ਟੇਕਿਆ ਅਤੇ ਜਦ ਵਾਪਸੀ ਕਰ ਰਹੇ ਸਨ ਤਾਂ ਰਸਤੇ ਵਿਚ ਉਹ ਫਰੂਟੀ ਦੇ ਲੰਗਰ ਲਈ ਰੁਕੇ। ਉਥੋਂ ਜਦ ਚੱਲਣ ਲੱਗੇ ਤਾਂ ਸਾਦੀ ਵਰਦੀ ਵਿਚ ਪਿਛਾ ਕਰ ਰਹੇ ਇੰਸਪੈਕਟਰ ਬੇਅੰਤ ਜੁਨੇਜ ਨੇ ਮੁਲਜ਼ਮਾਂ ਨੂੰ ਫੜ ਲਿਆ। ਫਿਰ ਉਨ੍ਹਾਂ ਨੂੰ ਆਪਣੇ ਨਾਲ ਲੁਧਿਆਣਾ ਲੈ ਆਏ।
ਹੁਣ ਤੱਕ ਮੁਲਜ਼ਮਾਂ ਤੋਂ ਡੀ. ਵੀ. ਆਰ. ਹਾਸਲ ਨਹੀਂ ਹੋ ਸਕੇ ਹਨ। ਪੁਲਸ ਦੀਆਂ ਟੀਮਾਂ ਮੁਲਜ਼ਮਾਂ ਤੋਂ ਪੁੱਛਗਿਛ ਕਰ ਕੇ ਡੀ. ਵੀ. ਆਰ. ਦਾ ਪਤਾ ਲਾਉਣ ਵਿਚ ਲੱਗੀਆਂ ਹੋਈਆਂ ਹਨ, ਜੋ ਕਿ ਕੇਸ ਨੂੰ ਅੱਗੇ ਵਧਾਉਣ ਅਤੇ ਮੁਲਜ਼ਮਾਂ ਨੂੰ ਸਜਾ ਦਿਵਾਉਣ ਵਿਚ ਵੱਡਾ ਸਬੂਤ ਸਾਬਿਤ ਹੋ ਸਕਦਾ ਹੈ।

