ਗੁਜਰਾਤ ਪਹੁੰਚਿਆ ਚੱਕਰਵਾਤ ‘ਬਿਪਰਜੋਏ’, ਝੱਖੜ-ਤੂਫ਼ਾਨ ਨਾਲ ਤੇਜ਼ ਬਾਰਿਸ਼

ਨਵੀਂ ਦਿੱਲੀ : ਭਾਰਤੀ ਮੌਸਮ ਵਿਗਿਆਨ ਵਿਭਾਗ ਨੇ ਵੀਰਵਾਰ ਸ਼ਾਮ ਨੂੰ ਕਿਹਾ ਕਿ ਅਰਬ ਸਾਗਰ ਵਿਚ 10 ਦਿਨਾਂ ਤਕ ਛਾਏ ਰਹਿਣ ਤੋਂ ਬਾਅਦ ਚੱਕਰਵਾ ‘ਬਿਪਰਜੋਏ’ ਨੇ ਗੁਜਰਾਤ ਦੇ ਕੱਛ ਜ਼ਿਲ੍ਹੇ ਵਿਚ ਜਖੋ ਬੰਦਰਗਾਹ ਨੇੜੇ ਦਸਤਕ ਦੇ ਦਿੱਤੀ ਹੈ ਤੇ ਇਸ ਦੇ ਟਕਰਾਉਣ ਦੀ ਪ੍ਰਕੀਰਿਆ ਸ਼ੁਰੂ ਹੋ ਗਈ ਹੈ। ਇਸ ਨੇ ਕਿਹਾ ਕਿ ਇਹ ਪ੍ਰਕੀਰਿਆ ਅੱਧੀ ਰਾਤ ਤਕ ਪੂਰੀ ਹੋਵੇਗੀ। ਚੱਕਰਵਾਤ ਦੇ ਕਾਰਨ ਕੱਛ ਅਤੇ ਸੌਰਾਸ਼ਟਰ ਤੱਟਾਂ ਦੇ ਨੇੜੇ ਤੇਜ਼ ਹਵਾਵਾਂ ਨਾਲ ਭਾਰੀ ਬਾਰਿਸ਼ ਹੋਈ, ਜਿਸ ਕਾਰਨ ਏਜੰਸੀਆਂ ਨੂੰ ਅਲਰਟ ‘ਤੇ ਰੱਖਿਆ ਗਿਆ ਹੈ।

ਆਈ.ਐੱਮ.ਡੀ. ਦੇ ਮਹਾ ਨਿਰਦੇਸ਼ਕ ਮ੍ਰਿਤੰਯੁਜੇ ਮਹਾਪਾਤਰਾ ਨੇ ਕਿਹਾ ਕਿਹਾ ਕਿ ਕੱਛ ਤੇ ਦੇਵਭੂਮੀ ਦਵਾਰਕਾ ਜ਼ਿਲ੍ਹਿਆਂ ਵਿਚ ਦਾਖ਼ਲੇ ਤੋਂ ਬਾਅਦ ਚੱਕਰਵਾਤ ਦੇ ਟਕਰਾਉਣ ਦੀ ਪ੍ਰਕੀਰਿਆ ਸ਼ੁਰੂ ਹੋ ਗਈ। ਇਹ ਅੱਧੀ ਰਾਤ ਤਕ ਪੂਰੀ ਹੋਵੇਗੀ। ਉੱਥੇ ਹੀ ਗੁਜਰਾਤ ਤੇ ਗ੍ਰਹਿ ਰਾਜ ਮੰਤਰੀ ਹਰਸ਼ ਸੰਘਵੀ ਨੇ ਦੱਸਿਆ ਕਿ ਚੱਕਰਵਾਤ ਦੇ ਗੁਜਰਾਤ ਦੇ ਕੱਛ ਤੱਟ ਨਾਲ ਟਕਰਾਉਣ ਤੋਂ ਬਾਅਦ ਤੇਜ਼ ਹਵਾਵਾਂ ਚੱਲਣ ਕਾਰਨ ਦੇਵਭੂਮੀ ਦਵਾਰਕਾ ਜ਼ਿਲ੍ਹੇ ਵਿਚ ਦਰਖ਼ਤ ਉੱਖੜ ਗਏ, ਜਿਸ ਦੀ ਲਪੇਟ ਵਿਚ ਆ ਕੇ 3 ਲੋਕ ਜ਼ਖ਼ਮੀ ਹੋਏ ਹਨ।

ਉਨ੍ਹਾਂ ਦੱਸਿਆ ਕਿ ਕੱਛ ਜ਼ਿਲ੍ਹੇ ਦੇ ਜਖੌ ਤੇ ਮਾਂਡਵੀ ਕਸਬਿਆਂ ਨੇੜੇ ਕਈ ਦਰਖ਼ਤ ਤੇ ਬਿਜਲੀ ਦੇ ਖੰਭੇ ਉੱਖੜ ਗਏ, ਜਦਕਿ ਘਰ ਦੇ ਨਿਰਮਾਣ ਵਿਚ ਵਰਤੇ ਜਾਣ ਵਾਲੇ ਟਿਨ ਦੀਆਂ ਚਾਦਰਾਂ ਉੱਡ ਗਈਆਂ। ਉਨ੍ਹਾਂ ਕਿਹਾ ਕਿ ਸ਼ਾਮ 7 ਵਜੇ ਤਕ ਕਿਸੇ ਦੀ ਮੌਤ ਦੀ ਖ਼ਬਰ ਨਹੀਂ ਮਿਲੀ। ਚੱਕਰਵਾਤ ਦੇ ਮੱਦੇਨਜ਼ਰ ਗੁਜਰਾਤ ਦੇ ਨਵਸਾਰੀ ਜ਼ਿਲ੍ਹੇ ਦੇ ਸਾਰੇ ਸਕੂਲ 16 ਜੂਨ ਨੂੰ ਬੰਦ ਰਹਿਣਗੇ। ਜ਼ਿਲ੍ਹਾ ਕਲੈਕਟਰ ਨੇ ਇਸ ਬਾਰੇ ਨੋਟੀਫ਼ਿਕੇਸ਼ਨ ਜਾਰੀ ਕੀਤੀ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੁਜਰਾਤ ਦੇ ਮੁੱਖ ਮੰਤਰੀ ਭੂਪਿੰਦਰ ਪਟੇਲ ਨਾਲ ਵੀਰਵਾਰ ਰਾਤ ਫੋਨ ’ਤੇ ਗੱਲ ਕੀਤੀ ਤੇ ਚੱਕਰਵਾਤ ਆਉਣ ਤੋਂ ਬਾਅਦ ਸੂਬੇ ਦੀ ਸਥਿਤੀ ਬਾਰੇ ਜਾਣਕਾਰੀ ਲਈ। ਹੋਰਨਾਂ ਗੱਲਾਂ ਤੋਂ ਇਲਾਵਾ ਪੀ. ਐੱਮ. ਨੇ ਜੰਗਲੀ ਜਾਨਵਰਾਂ ਵਿਸ਼ੇਸ਼ ਤੌਰ ’ਤੇ ਗਿਰ ਦੇ ਜੰਗਲ ਵਿਚ ਸ਼ੇਰਾਂ ਦੀ ਸੁਰੱਖਿਆ ਲਈ ਸੂਬਾ ਪ੍ਰਸ਼ਾਸਨ ਵਲੋਂ ਚੁੱਕੇ ਗਏ ਕਦਮਾਂ ਬਾਰੇ ਜਾਣਕਾਰੀ ਲਈ।

ਗੁਜਰਾਤ ਤੇ ਰਿਲੀਫ਼ ਕਮਿਸ਼ਨਰ ਅਲੋਕ ਪਾਂਡੇ ਨੇ ਦੱਸਿਆ ਕਿ ਤੂਫ਼ਾਨ ਵਿਚ 22 ਲੋਕ ਜ਼ਖ਼ਮੀ ਹੋਏ ਹਨ। ਫ਼ਿਲਹਾਲ ਕਿਸੇ ਵਿਅਕਤੀ ਦੀ ਮੌਤ ਦੀ ਸੂਚਨਾ ਸਾਹਮਣੇ ਨਹੀਂ ਆਈ। 23 ਪਸ਼ੂਆਂ ਦੀ ਮੌਤ ਹੋ ਗਈ ਹੈ, 524 ਰੁੱਖ ਡਿੱਗ ਗਏ ਹਨ ਤੇ ਕੁੱਝ ਥਾਵਾਂ ‘ਤੇ ਬਿਜਲੀ ਦੇ ਖੰਭੇ ਵੀ ਡਿੱਗ ਗਏ ਹਨ। ਖੰਭੇ ਡਿੱਗਣ ਕਾਰਨ 940  ਦੇ ਕਰੀਬ ਪਿੰਡਾਂ ਵਿਚ ਬਿਜਲੀ ਨਹੀਂ ਹੈ।

Add a Comment

Your email address will not be published. Required fields are marked *