ਯਸ਼ ਨੇ ‘ਰਾਮਾਇਣ’ ’ਚ ਰਾਵਣ ਦਾ ਕਿਰਦਾਰ ਨਿਭਾਉਣ ਤੋਂ ਕੀਤਾ ਇਨਕਾਰ

ਮੁੰਬਈ – ‘ਕੇ. ਜੀ. ਐੱਫ.’ ਦੇ ਸੁਪਰਸਟਾਰ ਯਸ਼ ਨੂੰ ਨਿਤੇਸ਼ ਤਿਵਾਰੀ ਦੀ ‘ਰਾਮਾਇਣ’ ’ਤੇ ਆਧਾਰਿਤ ਫ਼ਿਲਮ ’ਚ ਰਾਵਣ ਦੀ ਭੂਮਿਕਾ ਦੀ ਪੇਸ਼ਕਸ਼ ਕੀਤੀ ਗਈ ਸੀ। ਹੁਣ ਯਸ਼ ਨੇ ਅਫਸੋਸ ਨਾਲ ਇਹ ਰੋਲ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਘਟਨਾ ਨਾਲ ਜੁੜੇ ਇਕ ਸੂਤਰ ਨੇ ਕਿਹਾ, ‘‘ਯਸ਼ ਇਸ ਨੂੰ ਕਰਨ ਲਈ ਬਹੁਤ ਉਤਸ਼ਾਹਿਤ ਸੀ। ਉਸ ਲਈ ਰਾਮ ਦੀ ਭੂਮਿਕਾ ਨਿਭਾਉਣ ਨਾਲੋਂ ਰਾਵਣ ਦਾ ਕਿਰਦਾਰ ਨਿਭਾਉਣਾ ਜ਼ਿਆਦਾ ਔਖਾ ਹੈ। ਜਦੋਂ ਤੋਂ ਰਣਬੀਰ ਕਪੂਰ ਨੂੰ ਰਾਮ ਦਾ ਕਿਰਦਾਰ ਨਿਭਾਉਣ ਲਈ ਲਿਆ ਗਿਆ ਹੈ, ਯਸ਼ ਇਸ ਨੂੰ ਕਰਨ ਲਈ ਹੋਰ ਵੀ ਉਤਸ਼ਾਹਿਤ ਸੀ। ਪਰ ਇਸ ਦੌਰਾਨ ਯਸ਼ ਦੀ ਟੀਮ ਨੇ ਉਸ ਨੂੰ ਸਲਾਹ ਦਿੱਤੀ ਕਿ ਉਹ ਅਜਿਹਾ ਨਾ ਕਰੇ। ਉਸ ਨੇ ਮਹਿਸੂਸ ਕੀਤਾ ਕਿ ਉਸ ਦੇ ਪ੍ਰਸ਼ੰਸਕ ਯਸ਼ ਨੂੰ ਨਕਾਰਾਤਮਕ ਭੂਮਿਕਾ ਨਿਭਾਉਂਦੇ ਦੇਖ ਕੇ ਖ਼ੁਸ਼ ਨਹੀਂ ਹੋਣਗੇ, ਭਾਵੇਂ ਇਹ ਰਾਵਣ ਵਰਗਾ ਸ਼ਕਤੀਸ਼ਾਲੀ ਵਿਰੋਧੀ ਹੋਵੇ।’’

ਇਸ ਤੋਂ ਪਹਿਲਾਂ ਇਕ ਗੱਲਬਾਤ ਦੌਰਾਨ ਯਸ਼ ਨੇ ਕਿਹਾ ਸੀ, ‘‘ਮੈਨੂੰ ਆਪਣੇ ਪ੍ਰਸ਼ੰਸਕਾਂ ਦੀਆਂ ਭਾਵਨਾਵਾਂ ਦਾ ਬਹੁਤ ਧਿਆਨ ਰੱਖਣਾ ਹੋਵੇਗਾ। ਉਹ ਬਹੁਤ ਭਾਵੁਕ ਹੁੰਦੇ ਹਨ ਤੇ ਜਦੋਂ ਮੈਂ ਉਨ੍ਹਾਂ ਦੀ ਇੱਛਾ ਦੇ ਵਿਰੁੱਧ ਜਾਂਦਾ ਹਾਂ ਤਾਂ ਉਹ ਪ੍ਰਤੀਕਿਰਿਆ ਕਰਦੇ ਹਨ।’’

ਹਿੰਦੀ ਫ਼ਿਲਮ ਇੰਡਸਟਰੀ ‘ਰਾਮਾਇਣ’ ’ਤੇ ਮੁੜ ਫ਼ਿਲਮ ਬਣਾਉਣ ਲਈ ਪੂਰੀ ਤਰ੍ਹਾਂ ਤਿਆਰ ਹੈ। ਇਸ ਵਾਰ ਰਣਬੀਰ ਭਗਵਾਨ ਰਾਮ ਦੀ ਭੂਮਿਕਾ ਨਿਭਾਅ ਰਹੇ ਹਨ ਤੇ ਉਦੋਂ ਹੀ ਇਹ ਗੱਲ ਸਾਹਮਣੇ ਆਈ ਹੈ ਕਿ ਫ਼ਿਲਮ ’ਚ ਸੀਤਾ ਦਾ ਕਿਰਦਾਰ ਨਿਭਾਉਣ ਲਈ ਆਲੀਆ ਤੋਂ ਇਲਾਵਾ ਕਿਸੇ ਹੋਰ ਨੂੰ ਨਹੀਂ ਲਿਆ ਗਿਆ ਹੈ। ਇਸ ਤੋਂ ਪਹਿਲਾਂ ਅਫਵਾਹਾਂ ਸਨ ਕਿ ਦੀਪਿਕਾ ਪਾਦੁਕੋਣ ਨੂੰ ਸੀਤਾ ਦੇ ਰੂਪ ’ਚ ਕਾਸਟ ਕੀਤਾ ਜਾਵੇਗਾ।

ਫ਼ਿਲਮ ਪੂਰੀ ਤਰ੍ਹਾਂ ਟਰੈਕ ’ਤੇ ਹੈ ਤੇ ਜ਼ਾਹਿਰ ਹੈ ਕਿ ਲੀਡ ਨੂੰ ਅੰਤਿਮ ਰੂਪ ਦਿੱਤਾ ਜਾ ਰਿਹਾ ਹੈ। ਜਿਥੇ ਰਣਬੀਰ ਕਪੂਰ ਇਸ ਫ਼ਿਲਮ ’ਚ ਭਗਵਾਨ ਰਾਮ ਦਾ ਕਿਰਦਾਰ ਨਿਭਾਉਣਗੇ, ਉਥੇ ਹੀ ਆਲੀਆ ਭੱਟ ਨੂੰ ਸੀਤਾ ਦਾ ਕਿਰਦਾਰ ਨਿਭਾਉਣ ਲਈ ਕਿਹਾ ਗਿਆ ਹੈ। ਰਾਵਣ ਦੀ ਕਾਸਟਿੰਗ ਅਜੇ ਤੈਅ ਨਹੀਂ ਹੋਈ ਹੈ। ਯਸ਼ ਨੇ ਰਾਵਣ ਬਣਨ ਤੋਂ ਇਨਕਾਰ ਕਰ ਦਿੱਤਾ ਹੈ। ਇਹ ਫ਼ਿਲਮ ਦਸੰਬਰ ਤੋਂ ਫਲੋਰ ’ਤੇ ਜਾਵੇਗੀ।

Add a Comment

Your email address will not be published. Required fields are marked *