ਪਹਿਲਵਾਨਾਂ ਦੇ ਮਸਲੇ ’ਤੇ ਅਦਾਲਤੀ ਫ਼ੈਸਲੇ ਦੀ ਉਡੀਕ: ਬ੍ਰਿਜ ਭੂਸ਼ਨ

ਗੌਂਡਾ , 11 ਜੂਨ-: ਭਾਰਤੀ ਜਨਤਾ ਪਾਰਟੀ ਦੇ ਸੰਸਦ ਮੈਂਬਰ ਤੇ ਡਬਲਯੂਐੱਫਆਈ ਦੇ ਮੁਖੀ ਬ੍ਰਿਜ ਭੂਸ਼ਨ ਸ਼ਰਨ ਸਿੰਘ ਨੇ ਅੱਜ ਕਿਹਾ ਕਿ ਉਹ 2024 ਦੀ ਲੋਕ ਸਭਾ ਚੋਣ ਮੁੜ ਕੈਸਰਗੰਜ ਤੋਂ ਹੀ ਲੜੇਗਾ ਅਤੇ ਉਹ ਪਹਿਲਵਾਨਾਂ ਦੇ ਮਸਲੇ ’ਤੇ ਅਦਾਲਤ ਦੇ ਫ਼ੈਸਲੇ ਦੀ ਉਡੀਕ ਕਰ ਰਿਹਾ ਹੈ। ਉਹ ਜ਼ਿਲ੍ਹੇ ਦੇ ਬਲਪੁਰ ਇਲਾਕੇ ’ਚ ਰੈਲੀ ਨੂੰ ਸੰਬੋਧਨ ਕਰਨ ਤੋਂ ਬਾਅਦ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦੇ ਰਿਹਾ ਸੀ। ਰੈਲੀ ਦੌਰਾਨ ਉਸ ਨੇ ਪਹਿਲਵਾਨਾਂ ਦੇ ਮਸਲੇ ’ਤੇ ਸਿੱਧੇ ਤੌਰ ’ਤੇ ਕੁਝ ਵੀ ਕਹਿਣ ਤੋਂ ਗੁਰੇਜ਼ ਕੀਤਾ ਅਤੇ ਰਾਮ ਮੰਦਰ, ਐਮਰਜੈਂਸੀ ਤੇ ’84 ਦੇ ਸਿੱਖ ਵਿਰੋਧੀ ਦੰਗਿਆਂ ਲਈ ਕਾਂਗਰਸ ਨੂੰ ਨਿਸ਼ਾਨੇ ’ਤੇ ਰੱਖਿਆ।

ਪੱਤਰਕਾਰਾਂ ਵੱਲੋਂ ਇਹ ਪੁੱਛੇ ਜਾਣ ’ਤੇ ਕਿ ਉਹ ਪਹਿਲਵਾਨਾਂ ਬਾਰੇ ਕੋਈ ਟਿੱਪਣੀ ਕਿਉਂ ਨਹੀਂ ਕਰ ਰਿਹਾ ਤੇ ਉਸ ਨੂੰ ਕਿਸ ਚੀਜ਼ ਦੀ ਉਡੀਕ ਹੈ ਤਾਂ ਭਾਜਪਾ ਆਗੂ ਨੇ ਕਿਹਾ, ‘ਕੋਰਟ ਦੇ ਫ਼ੈਸਲੇ ਦੀ ਉਡੀਕ।’ ਲੋਕ ਸਭਾ ਚੋਣ ਗੌਂਡਾ ਜਾਂ ਅਯੁੱਧਿਆ ਤੋਂ ਲੜਨ ਸਬੰਧੀ ਸਵਾਲ ’ਤੇ ਬ੍ਰਿਜ ਭੂਸ਼ਨ ਨੇ ਕਿਹਾ, ‘ਕੈਰਸਗੰਜ ਲੋਕ ਸਭਾ ਹਲਕੇ ਤੋਂ ਹੀ ਚੋਣ ਲੜਾਂਗਾ।’ ਜ਼ਿਕਰਯੋਗ ਹੈ ਕਿ ਬ੍ਰਿਜ ਭੂਸ਼ਨ ਕੈਸਰਗੰਜ ਲੋਕ ਸਭਾ ਹਲਕੇ ਤੋਂ ਤਿੰਨ ਵਾਰ ਸੰਸਦ ਮੈਂਬਰ ਰਹਿ ਚੁੱਕਾ ਹੈ। ਇਸ ਸਮੇਂ ਉਹ ਬਤੌਰ ਲੋਕ ਸਭਾ ਮੈਂਬਰ ਆਪਣਾ ਛੇਵਾਂ ਕਾਰਜਕਾਲ ਪੂਰਾ ਕਰ ਰਿਹਾ ਹੈ।

ਇਸ ਤੋਂ ਪਹਿਲਾਂ ਰੈਲੀ ਨੂੰ ਸੰਬੋਧਨ ਕਰਦਿਆਂ ਉਸ ਨੇ ਭਾਜਪਾ ਸਰਕਾਰ ਦੇ ਨੌਂ ਸਾਲਾਂ ਦੇ ਕਾਰਜਕਾਲ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕੀਤਾ। ਉਸ ਨੇ ਕਿਹਾ ਕਿ ਜੇਕਰ 1971 ’ਚ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਹੁੰਦੇ ਤਾਂ ਪਾਕਿਸਤਾਨ ਵੱਲੋਂ 1947 ਵਿੱਚ ਤੇ ਚੀਨ ਵੱਲੋਂ 1962 ’ਚ ਹੜੱਪੀ ਗਈ ਜ਼ਮੀਨ ਆਜ਼ਾਦ ਕਰਵਾ ਲਈ ਗਈ ਹੁੰਦੀ। ਉਸ ਨੇ 1975 ’ਚ ਦੇਸ਼ ’ਚ ਐਮਰਜੈਂਸੀ ਲਾਉਣ ਲਈ ਕਾਂਗਰਸ ਨੂੰ ਨਿਸ਼ਾਨੇ ’ਤੇ ਲਿਆ ਤੇ ਦੋਸ਼ ਲਾਇਆ ਕਿ ਕਾਂਗਰਸ ਨੇ 1984 ’ਚ ਸਿੱਖ ਵਿਰੋਧੀ ਦੰਗੇ ਕਰਵਾਏ ਸਨ।

Add a Comment

Your email address will not be published. Required fields are marked *