ਪੰਜਾਬ ‘ਚ ਅਚਾਨਕ ਬਦਲਿਆ ਮੌਸਮ

ਲੁਧਿਆਣਾ: ਪੰਜਾਬ ‘ਚ ਇਸ ਸਾਲ ਮੌਸਮ ਆਪਣੇ ਕਈ ਰੰਗ ਦਿਖਾ ਰਿਹਾ ਹੈ। ਜੇਕਰ ਬੀਤੇ ਸ਼ਨੀਵਾਰ ਦੀ ਗੱਲ ਕਰੀਏ ਤਾਂ ਸਵੇਰ ਤੋਂ ਹੀ ਗਰਮੀ ਨੇ ਆਪਣਾ ਜ਼ੋਰ ਦਿਖਾਉਣਾ ਸ਼ੁਰੂ ਕਰ ਦਿੱਤਾ ਸੀ। ਦੁਪਹਿਰ ਸਮੇਂ ਤੇਜ਼ ਤਪਿਸ਼ ਕਾਰਨ ਆਮ ਲੋਕ ਬੇਹਾਲ ਰਹੇ ਪਰ ਸ਼ਾਮ ਹੁੰਦਿਆਂ ਹੁੰਦਿਆਂ ਤੇਜ਼ ਹਵਾਵਾਂ ਕਾਰਨ ਗਰਮੀ ਤੋਂ ਥੋੜ੍ਹੀ ਰਾਹਤ ਮਹਿਸੂਸ ਕੀਤੀ ਗਈ ਅਤੇ ਮੌਸਮ ਕੂਲ-ਕੂਲ ਹੋ ਗਿਆ। ਸੂਬੇ ‘ਚ ਤਾਪਮਾਨ ਹੁਣ ਤੱਕ ਦੀ ਸਭ ਤੋਂ ਵੱਡੀ ਛਾਲ ਮਾਰਦਿਆਂ 45 ਡਿਗਰੀ ਸੈਲਸੀਅਸ ਦੇ ਅੰਕੜੇ ਕੋਲ ਪਹੁੰਚਿਆ।

ਦੁਪਹਿਰ ਸਮੇਂ ਹੀਟ ਵੇਟ ਨੇ ਆਪਣਾ ਜ਼ੋਰ ਦਿਖਾਇਆ। ਸ਼ਾਮ ਸਮੇਂ ਪੰਜਾਬ ਦੇ ਜ਼ਿਆਦਾਤਰ ਇਲਾਕਿਆਂ ਸਰਦੂਲਗੜ੍ਹ, ਬੁਢਲਾਡਾ, ਲਹਿਰਾ, ਮਾਨਸਾ, ਸੁਨਾਮ, ਸੰਗਰੂਰ, ਬਰਨਾਲਾ, ਤਪਾ, ਧੂਰੀ, ਮਾਲੇਰਕੋਟਲਾ, ਮੂਨਕ, ਪਾਤੜਾਂ, ਸਮਾਣਾ, ਪਟਿਆਲਾ, ਖਰੜ, ਖੁਮਾਣੋ, ਲੁਧਿਆਣਾ, ਚਮਕੌਰ ਸਾਹਿਬ, ਸਮਰਾਲਾ, ਰੂਪ ਨਗਰ, ਬਲਾਚੌਰ, ਬਾਘਾ ਪੁਰਾਣਾ, ਫਰੀਦਕੋਟ, ਮੋਗਾ, ਜਲੰਧਰ, ਕਪੂਰਥਲਾ, ਨਵਾਂਸ਼ਹਿਰ, ਸੁਲਤਾਨਪੁਰ ਲੋਧੀ, ਬਟਾਲਾ, ਅੰਮ੍ਰਿਤਸਰ, ਡੇਰਾ ਬਾਬਾ ਨਾਨਕ, ਰਾਜਪੁਰਾ, ਡੇਰਾਬੱਸੀ, ਤਰਨਤਾਰਨ, ਬੱਸੀ ਪਠਾਣਾਂ, ਆਨੰਦਪੁਰ ਸਾਹਿਬ ਸਮੇਤ ਕਈ ਇਲਾਕਿਆਂ ਵਿਚ ਆਸਮਾਨੀ ਬਿਜਲੀ ਚਮਕਣ ਦੇ ਨਾਲ-ਨਾਲ 40 ਤੋਂ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲੀਆਂ ਅਤੇ ਕਈ ਜਗ੍ਹਾ ਮੀਂਹ ਦੇ ਤੇਜ਼ ਛਿੱਟੇ ਵੀ ਪਏ।

ਮੌਸਮ ਵਿਭਾਗ ਮੁਤਾਬਕ ਬੀਤੇ ਦਿਨ ਤਾਪਮਾਨ ਵਿਚ 1 ਡਿਗਰੀ ਸੈਲਸੀਅਸ ਦਾ ਵਾਧਾ ਹੋਇਆ, ਜੋ ਔਸਤਨ ਨਾਲੋਂ 2.4 ਡਿਗਰੀ ਸੈਲਸੀਅਸ ਵੱਧ ਰਿਹਾ। ਸੂਬੇ ਵਿਚ ਸਭ ਤੋਂ ਵੱਧ ਤਾਪਮਾਨ ਸਮਰਾਲਾ (ਲੁਧਿਆਣਾ) ਦਾ 44.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਜ਼ਿਆਦਾਤਰ ਜ਼ਿਲ੍ਹਿਆਂ ਦਾ ਤਾਪਮਾਨ 41 ਡਿਗਰੀ ਸੈਲਸੀਅਸ ਤੋ ਵੱਧ ਰਿਹਾ। ਆਉਣ ਵਾਲੇ ਤਿੰਨ ਦਿਨਾਂ ਦੌਰਾਨ ਪੰਜਾਬ ਵਿਚ ਕਈ ਥਾਈਂ ਆਸਮਾਨੀ ਬਿਜਲੀ, ਗਰਜ ਚਮਕ, ਤੇਜ਼ ਹਵਾਵਾਂ ਅਤੇ ਹਲਕੇ ਮੀਂਹ ਦੀ ਸੰਭਾਵਨਾ ਜਤਾਈ ਗਈ ਹੈ।

Add a Comment

Your email address will not be published. Required fields are marked *