ਇਟਲੀ ਦੇ ਸ਼ਹਿਰ ਕਤਾਨੀਆਂ ਵਿਖੇ ਬਾਬਾ ਸਾਹਿਬ ਅੰਬੇਡਕਰ ਜੀ ਦਾ ਮਨਾਇਆ ਜਨਮ ਦਿਨ

ਰੋਮ : ਇਟਲੀ ਦੇ ਸ਼ਹਿਰ ਕਤਾਨੀਆਂ ਵਿਖੇ ਭਾਰਤੀ ਭਾਈਚਾਰੇ ਦੇ ਸਹਿਯੋਗ ਨਾਲ ਭਾਰਤ ਦੇ ਪਹਿਲੇ ਕਾਨੂੰਨ ਮੰਤਰੀ, ਗਰੀਬਾਂ ਦੇ ਮਸੀਹਾ, ਭਾਰਤ ਰਤਨ ਡਾ. ਭੀਮ ਰਾਓ ਅੰਬੇਡਕਰ ਜੀ ਦਾ 132ਵਾਂ ਜਨਮ ਦਿਨ ਸ੍ਰੀ ਗੁਰੂ ਰਵਿਦਾਸ ਮਹਾਰਾਜ ਅਤੇ ਬਾਬਾ ਸਾਹਿਬ ਬੀਆਰ ਅੰਬੇਡਕਰ ਵੈੱਲਫੇਅਰ ਸੁਸਾਇਟੀ ਕਤਾਨੀਆਂ ਵੱਲੋਂ ਧੂਮਧਾਮ ਨਾਲ ਮਨਾਇਆ ਗਿਆ। ਸਟੇਜ ਸਕੱਤਰ ਚਮਨ ਲਾਲ ਫ਼ੌਜੀ ਨੇ ਡਾ. ਅੰਬੇਡਕਰ ਜੀ ਦੇ ਜੀਵਨ ਸਬੰਧੀ ਅਤੇ ਉਨ੍ਹਾਂ ਵੱਲੋਂ ਕੀਤੇ ਸਮਾਜ ‘ਤੇ ਪਰਉਪਕਾਰ ਦੀ ਜਾਣਕਾਰੀ ਦਿੱਤੀ।

ਮਿਸ਼ਨਰੀ ਗਾਇਕ ਸੰਤੋਸ਼ ਮਹੇ ਨੇ ਡਾ. ਅੰਬੇਡਕਰ ਜੀ ਦੀ ਜ਼ਿੰਦਗੀ ਸਬੰਧੀ ਕ੍ਰਾਂਤੀਕਾਰੀ ਗੀਤ ਪੇਸ਼ ਕੀਤੇ। ਸਾਥੀ ਮਨਦੀਪ ਅੰਬੇਡਕਰ ਵਲੋਂ ਵੀ ਬਾਬਾ ਸਾਹਿਬ ਦੇ ਜੀਵਨ ਸਬੰਧੀ ਅਤੇ ਸਮਾਜ ਸੁਧਾਰਾਂ ਬਾਰੇ ਵਿਚਾਰ ਰੱਖੇ ਗਏ। ਬੱਚਿਆਂ ਨੇ ਇਟਾਲੀਅਨ ਭਾਸ਼ਾ ‘ਚ ਬਾਬਾ ਸਾਹਿਬ ਅੰਬੇਡਕਰ ਜੀ ਦੇ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ। ਇਸ ਮੌਕੇ ਅੰਬੇਡਕਰੀ ਸਾਥੀ ਰਾਏ ਦੇ ਭੁਝੰਗੀ ਨੇ ਆਪਣੇ ਹਮਉਮਰ ਬੱਚਿਆਂ ਨੂੰ ਕਾਪੀਆਂ, ਟੌਫੀਆਂ ਅਤੇ ਬਾਬਾ ਸਾਹਿਬ ਅੰਬੇਡਕਰ ਜੀ ਦੀਆਂ ਫੋਟੋਆਂ ਭੇਟ ਕੀਤੀਆਂ। ਇਸ ਮੌਕੇ ਪਰਗਟ ਸਿੰਘ ਗੋਸਲ ਨੇ ਵੀ ਆਪਣੇ ਵਿਚਾਰ ਰੱਖੇ।

ਅੰਤ ‘ਚ ਸ੍ਰੀ ਗੁਰੂ ਰਵਿਦਾਸ ਅਤੇ ਡਾ. ਅੰਬੇਡਕਰ ਵੈੱਲਫੇਅਰ ਸੁਸਾਇਟੀ ਕਤਾਨੀਆਂ ਦੇ ਸੇਵਾਦਾਰਾਂ ਸੱਤਪਾਲ, ਪਰਗਟ ਸਿੰਘ ਗੋਸਲ, ਚਮਨ ਲਾਲ ਫ਼ੌਜੀ, ਚਰਨਜੀਤ ਚੰਨੀ, ਅਸ਼ੋਕ ਮਹਿਮੀ, ਰਾਏ ਜੀ, ਸੁਖਵਿੰਦਰਪਾਲ, ਅਨਿਲ ਆਦਿ ਨੇ ਹਾਜ਼ਰ ਸੰਗਤਾਂ ਨੂੰ ਬਾਬਾ ਸਾਹਿਬ ਡਾ. ਅੰਬੇਡਕਰ ਜੀ ਦੇ ਜਨਮ ਦਿਨ ਦੀਆਂ ਲੱਖ-ਲੱਖ ਵਧਾਈਆਂ ਦਿੱਤੀਆਂ ਅਤੇ ਕਿਹਾ ਕਿ ਉਨ੍ਹਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਸਾਰਿਆਂ ਨੂੰ ਅੱਗੇ ਆਉਣਾ ਚਾਹੀਦਾ ਹੈ ਤਾਂ ਕਿ ਸਮਾਜ ਕੁਰੀਤੀਆਂ ਤੋਂ ਬਚ ਸਕੇ। ਕਮੇਟੀ ਨੇ ਸਮਾਰੋਹ ਦੇ ਅੰਤ ਵਿੱਚ ਦੂਰੋਂ-ਨੇੜਿਓਂ ਆਈਆਂ ਸਾਰੀਆਂ ਸੰਗਤਾਂ ਦਾ ਧੰਨਵਾਦ ਕੀਤਾ। ਗੁਰੂ ਘਰ ਦਾ ਅਟੁੱਟ ਲੰਗਰ ਵੀ ਵਰਤਇਆ ਗਿਆ। ਇਸ ਮੌਕੇ ਨੰਨ੍ਹੇ-ਮੁੰਨੇ ਬੱਚਿਆਂ ਵੱਲੋਂ ਬਾਬਾ ਸਾਹਿਬ ਜੀ ਦੇ ਜਨਮ ਦਿਨ ਦਾ ਕੇਕ ਕੱਟਿਆ ਗਿਆ।

Add a Comment

Your email address will not be published. Required fields are marked *