ਮੰਦਰ ਜਾਂ ਗੁਰਦੁਆਰੇ ’ਚ ਭੰਨਤੋੜ ਨੂੰ ਵੀ ਅਮਰੀਕਾ ’ਚ ਹੁਣ ਮੰਨਿਆ ਜਾਵੇਗਾ ‘ਨਫ਼ਰਤ ਅਪਰਾਧ’

ਵਾਸ਼ਿੰਗਟਨ – ਅਮਰੀਕਾ ਦੇ ਮਿਸ਼ੀਗਨ ਸੂਬੇ ਵਿਚ ਇਕ ਭਾਰਤੀ-ਅਮਰੀਕੀ ਸੰਸਦ ਮੈਂਬਰ ਨੇ ‘ਨਫਰਤ ਅਪਰਾਧ’ ਦੀ ਵਿਆਖਿਆ ਵਿਚ ਵਿਸਤਾਰ ਕਰਨ ਲਈ ਇਕ ਬਿੱਲ ਪੇਸ਼ ਕੀਤਾ ਅਤੇ ਇਸ ਵਿਚ ਪੂਜਾ ਵਾਲੀ ਜਗ੍ਹਾ ’ਤੇ ਭੰਨਤੋੜ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਉਨ੍ਹਾਂ ਦੀਵਾਲੀ, ਵਿਸਾਖੀ, ਈਦ-ਉਲ-ਫਿਤਰ, ਈਦ-ਉਲ-ਅਜਹਾ (ਬਕਰੀਦ) ਅਤੇ ਚੰਦਰ ਨਵੇਂ ਸਾਲ ਨੂੰ ਮਿਸ਼ੀਗਨ ਵਿਚ ਅਧਿਕਾਰਕ ਛੁੱਟੀ ਦੇ ਰੂਪ ਵਿਚ ਮਾਨਤਾ ਦੇਣ ਲਈ ਵੀ ਇਕ ਬਿੱਲ ਪੇਸ਼ ਕੀਤਾ ਹੈ। ਮਿਸ਼ੀਗਨ ਸੂਬੇ ਦੀ ਨੁਮਾਇੰਦਗੀ ਕਰਨ ਵਾਲੇ ਰਾਜੀਵ ਪੁਰੀ ਦੇ ਮਾਤਾ-ਪਿਤਾ 1970 ਦੇ ਦਹਾਕੇ ਵਿਚ ਅੰਮ੍ਰਿਤਸਰ ਤੋਂ ਅਮਰੀਕਾ ਆਏ ਸਨ ਅਤੇ ਉਨ੍ਹਾਂ ਦੇ ਪਿਤਾ ਨੇ ਵਿਸਕੋਂਸਿਨ ਵਿਚ ਪਹਿਲਾ ਸਿੱਖ ਗੁਰਦੁਆਰਾ ਸਥਾਪਤ ਕਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ ਸੀ।

ਪੁਰੀ ਨੇ ਦੱਸਿਆ ਕਿ ਮਿਸ਼ੀਗਨ ਵਿਚ ਮੂਲ ਨਫਰਤ ਅਪਰਾਧ ਬਿੱਲ 1988 ਵਿਚ ਲਿਖਿਆ ਗਿਆ ਸੀ ਅਤੇ ਉਦੋਂ ਤੋਂ ਇਸ ਨੂੰ ਅਪਡੇਟ ਨਹੀਂ ਕੀਤਾ ਗਿਆ ਹੈ। 35 ਸਾਲ ਹੋ ਗਏ ਹਨ ਅਤੇ ਇਸ ਲਈ ਅਸੀਂ ਇਸ ਨੂੰ ਜ਼ਿਆਦਾ ਸਮਾਵੇਸ਼ੀ ਬਣਾਉਣ ਦੇ ਉਦੇਸ਼ ਨਾਲ ਵਿਆਖਿਆ ਨੂੰ ਅਪਡੇਟ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਜੇਕਰ ਮੰਦਰ, ਮਸਜਿਦ ਜਾਂ ਗੁਰਦੁਆਰਾ ਵਰਗੀਆਂ ਧਾਰਮਿਕ ਸੰਸਥਾਵਾਂ ਵਿਚ ਤੋੜਭੰਨ ਕੀਤੀ ਜਾਂਦੀ ਹੈ ਜਾਂ ਉਨ੍ਹਾਂ ਦੀ ਬੇਅਦਬੀ ਕੀਤੀ ਜਾਂਦੀ ਹੈ ਤਾਂ ਹੁਣ ਉਨ੍ਹਾਂ ਲੋਕਾਂ ਖਿਲਾਫ ਅਤਿਅੰਤ ਜ਼ਿੰਮੇਵਾਰੀ ਨਾਲ ਮੁਕੱਦਮਾ ਚਲਾਉਣਾ ਬਹੁਤ ਸੌਖਾ ਹੋਣ ਵਾਲਾ ਹੈ ਕਿਉਂਕਿ ਹੁਣ ਇਹ ‘ਨਫਰਤ ਅਪਰਾਧ’ ਵਿਚ ਸ਼ਾਮਲ ਹੋ ਜਾਵੇਗਾ। ਅਜਿਹੇ ਕਈ ਮੁੱਦੇ ਹਨ, ਜਿਨ੍ਹਾਂ ਨਾਲ ਅਸੀਂ ਨਜਿੱਠ ਰਹੇ ਹਾਂ। ਮੈਨੂੰ ਮਾਣ ਹੈ ਕਿ ਮਿਸ਼ੀਗਨ ਵਿਚ ਬੰਦੂਕ ਸੁਧਾਰ ਦੀ ਆਵਾਜ਼ ਉਠਾਉਣ ਵਾਲਿਆਂ ਵਿਚ ਮੈਂ ਮੋਹਰੀ ਰਿਹਾ। ਸੂਬੇ ਦੀ ਨੁਮਾਇੰਦਗੀ ਦੇ ਰੂਪ ਵਿਚ ਆਪਣੇ ਦੂਜੇ ਕਾਰਜਕਾਲ ਵਿਚ ਪੁਰੀ ਹੁਣ ਮਿਸ਼ੀਗਨ ਪ੍ਰਤੀਨਿਧੀ ਸਭਾ ਦੇ ਬਹੁਮਤ ਦੇ ਵ੍ਹਿਪ ਹਨ। ਉਹ ਕੁਝ-ਕੁਝ ਸਾਲ ਦੇ ਵਕਫੇ ’ਤੇ ਭਾਰਤ ਦੀ ਯਾਤਰਾ ’ਤੇ ਆਉਂਦੇ ਰਹਿੰਦੇ ਹਨ।

Add a Comment

Your email address will not be published. Required fields are marked *