ਘਰ ‘ਚ ਅਸਮਾਨੀ ਬਿਜਲੀ ਡਿੱਗਣ ਨਾਲ ਹੋਇਆ ਭਾਰੀ ਨੁਕਸਾਨ

ਗੁਰਦਾਸਪੁਰ : ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਡੇਰਾ ਬਾਬਾ ਨਾਨਕ ਦੇ ਅਧੀਨ ਆਉਂਦੇ ਪਿੰਡ ਸ਼ਾਹਪੁਰ ਜਾਜਨ ਵਿਚ ਇਕ ਗਰੀਬ ਪਰਿਵਾਰ ਦੇ ਘਰ ਉੱਪਰ ਅਸਮਾਨੀ ਬਿਜਲੀ ਡਿੱਗਣ ਨਾਲ ਭਾਰੀ ਨੁਕਸਾਨ ਹੋ ਗਿਆ। ਇਸ ਸਬੰਧੀ ਜਾਣਕਾਰੀ ਦਿੰਦੀ ਹੋਈ ਘਰ ਦੀ ਮਾਲਕਣ ਡੋਰਸ ਨੇ ਦੱਸਿਆ ਇਕ ਦਮ ਅਸਮਾਨ ‘ਚੋਂ ਬਿਜਲੀ ਚਮਕੀ ਤੇ ਉਨ੍ਹਾਂ ਦੇ ਘਰ ਵਿਚ ਬਣੇ ਤੂੜੀ ਵਾਲੇ ਸ਼ੈੱਡ ਉਪਰ ਡਿੱਗ ਪਈ। ਇਸ ਨਾਲ ਤੂੜੀ ‘ਚੋਂ ਅੱਗ ਦੀਆਂ  ਵੱਡੀਆਂ-ਵੱਡੀਆਂ ਲਪਟਾਂ ਨਿਕਲਨੀਆਂ ਸ਼ੁਰੂ ਹੋ ਗਈਆਂ। 

ਉਨ੍ਹਾਂ ਦੱਸਿਆ ਕਿ ਅੱਗ ਇੰਨੀ ਭਿਆਨਕ ਸੀ ਕਿ ਉਸ ਨੇ ਘਰ ਵਿਚ ਲੱਗੇ ਮੋਟਰਸਾਈਕਲ ਤੇ ਮੰਜੇ ਸਾੜ ਕੇ ਸੁਆਹ ਕਰ ਦਿੱਤੇ। ਉਨ੍ਹਾਂ ਆਖਿਆ ਕਿ ਅੱਗ ‘ਤੇ ਕਾਬੂ ਪਾਉਣ ਲਈ ਪਿੰਡ ਵਾਸੀਆਂ ਨੇ ਭਾਰੀ ਮੁਸ਼ਕਤ ਕੀਤੀ ਪਰ ਅੱਗ ਤੇ ਕਾਬੂ ਨਾ ਪੈਂਦਾ ਵੇਖ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ ਜਿਨ੍ਹਾਂ ਨੇ ਮੌਕੇ ‘ਤੇ ਪਹੁੰਚ ਕੇ ਅੱਗ ‘ਤੇ ਕਾਬੂ ਪਾਇਆ ਗਿਆ। ਉਨ੍ਹਾਂ ਦੱਸਿਆ ਕਿ ਇਸ ਅੱਗ ਨਾਲ ਉਨ੍ਹਾਂ ਦਾ ਜਾਨੀ ਨੁਕਸਾਨ ਤਾਂ ਨਹੀਂ ਹੋਇਆ, ਪਰ ਮਾਲੀ ਨੁਕਸਾਨ ਬਹੁਤ ਹੋਇਆ ਹੈ।  ਉਨ੍ਹਾਂ ਪੰਜਾਬ ਸਰਕਾਰ ਤੋਂ ਮਦਦ ਦੀ ਗੁਹਾਰ ਲਗਾਈ ਹੈ। 

ਉੱਧਰ ਅੱਗ ਬੁਝਾਉਣ ਪਹੁੰਚੇ ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਸ਼ਾਹਪੁਰ ਜਾਜਨ ਵਿਚ ਅਸਮਾਨੀ ਬਿਜਲੀ ਡਿੱਗਣ ਨਾਲ ਘਰ ਦੇ ਤੂੜੀ ਵਾਲੇ ਸ਼ੈੱਡ ਨੂੰ ਅੱਗ ਲੱਗੀ ਹੈ। ਉਨ੍ਹਾਂ ਕਿਹਾ ਕਿ ਸਾਡੇ ਵੱਲੋਂ ਮੌਕੇ ਤੇ ਪਹੁੰਚ ਕੇ ਅੱਗ ‘ਤੇ ਕਾਬੂ ਪਾਇਆ ਗਿਆ ਹੈ। ਇਸ ਅੱਗ ਨਾਲ ਇਨ੍ਹਾਂ ਦੇ ਪਸ਼ੂਆਂ ਦੀ ਤੂੜੀ, ਮੰਜੇ ਅਤੇ ਮੋਟਰਸਾਈਕਲ ਸੜ ਕੇ ਸੁਆਹ ਹੋਇਆ ਹੈ।

Add a Comment

Your email address will not be published. Required fields are marked *