ਡੁੱਬ ਰਹੇ ਪੁੱਤ ਨੂੰ ਬਚਾਉਣ ਗਏ ਭਾਰਤੀ ਪਿਤਾ ਨਾਲ ਵਾਪਰ ਗਿਆ ਭਾਣਾ

ਨਿਊਯਾਰਕ : ਕੈਲੀਫੋਰਨੀਆ ਦੇ ਬੀਚ ’ਤੇ ਆਪਣੇ ਪਰਿਵਾਰ ਨੂੰ ਸੈਰ ਕਰਾਉਣ ਲਈ ਲੈ ਕੇ ਗਏ 2 ਬੱਚਿਆਂ ਦੇ ਭਾਰਤੀ-ਅਮਰੀਕੀ ਪਿਤਾ ਦੀ ਆਪਣੇ ਇਕ ਬੱਚੇ ਨੂੰ ਲਹਿਰਾਂ ਤੋਂ ਬਚਾਉਂਦੇ ਹੋਏ ਮੌਤ ਹੋ ਗਈ। ਪਰਿਵਾਰ ਅਤੇ ਦੋਸਤਾਂ ਵੱਲੋਂ ਸਥਾਪਿਤ ਕੀਤੇ ਗਏ ਮਦਦ ਦੀ ਮੰਗ ਕਰਨ ਵਾਲੇ ਫੰਡਰੇਜ਼ਰ ਪੇਜ ਅਨੁਸਾਰ ਸ਼੍ਰੀਨਿਵਾਸ ਮੂਰਤੀ ਜੋਨਲਾਗੱਡਾ, ਜੋ ਕਿ ਤੈਰਨਾ ਨਹੀਂ ਜਾਣਦੇ ਸਨ, ਪਿਛਲੇ ਹਫ਼ਤੇ ਸਾਂਤਾ ਕਰੂਜ਼ ਦੇ ਪੈਂਥਰ ਬੀਚ ‘ਤੇ ਆਪਣੇ ਪਰਿਵਾਰ ਨਾਲ ਆਨੰਦ ਲੈ ਰਹੇ ਸਨ, ਜਦੋਂ ਇਹ ਹਾਦਸਾ ਵਾਪਰਿਆ। 

GoFundMe ਪੇਜ ਮੁਤਾਬਕ, “ਅਚਾਨਕ ਇੱਕ ਵੱਡੀ ਲਹਿਰ ਆਈ ਅਤੇ ਉਸਦੇ ਪੁੱਤਰ ਨੂੰ ਹੇਠਾਂ ਸੁੱਟ ਦਿੱਤਾ ਅਤੇ ਬਾਅਦ ਵਿੱਚ ਵੱਡੀਆਂ ਲਹਿਰਾਂ ਉਸਨੂੰ ਸਮੁੰਦਰ ਵਿੱਚ ਖਿੱਚਣ ਲੱਗੀਆਂ। ਜਦੋਂ ਉਨ੍ਹਾਂ ਨੇ ਦੇਖਿਆ ਬੱਚਾ ਪਾਣੀ ਵਿਚੋਂ ਬਾਹਰ ਨਿਕਲਣ ਲਈ ਸੰਘਰਸ਼ ਕਰ ਰਿਹਾ ਹੈ ਤਾਂ ਉਹ ਆਪਣੇ ਪੁੱਤਰ ਨੂੰ ਬਚਾਉਣ ਲਈ ਭੱਜੇ। ਸ਼੍ਰੀਨਿਵਾਸ ਆਪਣੇ ਪੁੱਤਰ ਨੂੰ ਬਚਾਉਣ ਦੇ ਯੋਗ ਸੀ ਪਰ ਬਦਕਿਸਮਤੀ ਨਾਲ ਉਨ੍ਹਾਂ ਨੂੰ ਲਹਿਰਾਂ ਨੇ ਡੂੰਘੇ ਪਾਣੀ ਵਿੱਚ ਖਿੱਚ ਲਿਆ। ਇਸ ਦੌਰਾਨ ਉਨ੍ਹਾਂ ਦਾ ਪਰਿਵਾਰ ਚੀਕਾਂ ਮਾਰ ਰਿਹਾ ਸੀ ਅਤੇ ਬੇਵੱਸੀ ਨਾਲ ਸ਼੍ਰੀਨਿਵਾਸ ਨੂੰ ਡੁੱਬਦੇ ਦੇਖ ਰਿਹਾ ਸੀ।’

ਘਟਨਾ ਸਥਾਨ ‘ਤੇ ਪਹੁੰਚ ਐਮਰਜੈਂਸੀ ਕਰਮਚਾਰੀ ਸ਼੍ਰੀਨਿਵਾਸ ਨੂੰ ਪਾਣੀ ਵਿਚੋਂ ਬਾਹਰ ਕੱਢਣ ਵਿਚ ਸਫ਼ਲ ਰਹੇ। ਉਨ੍ਹਾਂ ਨੂੰ ਸੀ.ਪੀ.ਆਰ. ਦਿੱਤੀ ਗਈ, ਜਿਸ ਤੋਂ ਬਾਅਦ ਉਨ੍ਹਾਂ ਨੂੰ ਕੈਲੀਫੋਰਨੀਆ ਹਾਈਵੇ ਪੈਟਰੋਲ ਹੈਲੀਕਾਪਟਰ ਵਿਚ ਹਸਪਤਾਲ ਲਿਜਾਇਆ ਗਿਆ, ਜਿੱਥੇ ਜ਼ਖ਼ਮਾਂ ਦੀ ਤਾਬ ਨਾ ਝੱਲਦੇ ਹੋਏ ਸ਼੍ਰੀਨਿਵਾਸ ਨੇ ਦਮ ਤੋੜ ਦਿੱਤਾ ਅਤੇ ਸਟੈਨਫੋਰਡ ਹਸਪਤਾਲ ਵਿੱਚ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। GoFundMe ਨੇ ਸ਼੍ਰੀਨਿਵਾਸ ਦੇ ਪਰਿਵਾਰ ਦੀ ਫੌਰੀ ਖਰਚਿਆਂ, ਜਿਵੇਂ ਕਿ ਅੰਤਿਮ-ਸੰਸਕਾਰ ਦੇ ਖਰਚੇ, ਮੈਡੀਕਲ ਬਿੱਲਾਂ, ਅਤੇ ਹੋਰ ਅਣਕਿਆਸੇ ਵਿੱਤੀ ਜ਼ਿੰਮੇਵਾਰੀਆਂ ਲਈ ਦਾਨ ਦੀ ਮੰਗ ਕੀਤੀ ਹੈ।

Add a Comment

Your email address will not be published. Required fields are marked *