ਪਾਕਿਸਤਾਨ ਦੀ ਜੇਲ੍ਹ ’ਚੋਂ 3 ਸਾਲ ਬਾਅਦ ਰਿਹਾਅ ਹੋ ਕੇ ਆਇਆ ਪੰਜਾਬੀ ਨੌਜਵਾਨ

ਗੁਰਦਾਸਪੁਰ : ਭਾਰਤ-ਪਾਕਿਸਤਾਨ ਸਮਝੌਤੇ ਤਹਿਤ‌ ਪਾਕਿ ਜੇਲ੍ਹਾਂ ਵਿਚ ਸਜ਼ਾਵਾਂ ਪੂਰੀਆਂ ਕਰ ਚੁੱਕੇ ਕਈ ਭਾਰਤੀ ਕੈਦੀ ਰਿਹਾਅ ਕੀਤੇ ਗਏ ਹਨ। ਹਾਲ ਹੀ ਵਿਚ ਰਿਹਾਅ ਕੀਤੇ ਗਏ ਤਿੰਨ ਕੈਦੀਆਂ ’ਚੋਂ ਇਕ ਸਰਹੱਦੀ ਜ਼ਿਲ੍ਹਾ ਗੁਰਦਾਸਪੁਰ ਦੇ ਬਲਾਕ ਕਲਾਨੌਰ‌ ਅਧੀਨ ਆਉਂਦੇ ਪਿੰਡ ਕਾਮਲਪੁਰ ਦਾ ਨੌਜਵਾਨ ਹਰਜਿੰਦਰ ਸਿੰਘ ਵੀ ਹੈ, ਜੋ ਸ਼ਰਾਬ ਦੇ ਨਸ਼ੇ ਵਿਚ ਸਰਹੱਦੀ ਇਲਾਕੇ ਵਿਚ ਮੱਛੀਆਂ ਫੜਦਾ ਹੋਇਆ ਗਲਤੀ ਨਾਲ ਪਾਕਿਸਤਾਨ ਵਾਲੇ ਪਾਸੇ ਚਲਾ ਗਿਆ ਅਤੇ ਪਾਕਿਸਤਾਨ ਦੇ ਸੀਮਾ ਰੇਂਜਰਾਂ ਵੱਲੋਂ ਫੜ ਲਿਆ ਗਿਆ। ਭਾਵੇਂ ਹਰਜਿੰਦਰ ਸਿੰਘ ਪਾਕਿਸਤਾਨ ਦੀ ਜੇਲ੍ਹ ਤੋਂ ਰਿਹਾਅ ਹੋ ਕੇ ਵਾਪਸ ਪਰਤ ਆਇਆ ਹੈ ਪਰ ਉਸਦੇ ਚਿਹਰੇ ਅਤੇ ਉਸ ਦੀਆਂ ਗੱਲਾਂ ਵਿਚੋਂ ਅਜੇ ਵੀ ਜੇਲ੍ਹ ਦਾ ਖੌਫ਼ ਸਾਫ਼ ਝਲਕਦਾ ਹੈ।

ਗੱਲਬਾਤ ਦੌਰਾਨ ਹਰਜਿੰਦਰ ਸਿੰਘ ਨੇ ਦੱਸਿਆ ਕਿ ਪਾਕਿਸਤਾਨ ਦੀ ਲਾਹੌਰ ਜੇਲ੍ਹ ਜਿਥੋਂ ਉਹ ਰਿਹਾਅ ਹੋਇਆ ਹੈ, ਵਿਚ ਅਜੇ ਵੀ 15 ਭਾਰਤੀ ਕੈਦੀ ਹਨ, ਜਿਨ੍ਹਾਂ ’ਚੋਂ ਕਈ ਆਪਣਾ ਮਾਨਸਿਕ ਸੰਤੁਲਨ ਗੁਆ ਬੈਠੇ ਹਨ। ਹਰਜਿੰਦਰ ਸਿੰਘ ਅਤੇ ਉਸ ਦੇ ਪਰਿਵਾਰ ਨੇ ਸਰਕਾਰ ਤੋਂ ਅਪੀਲ ਕੀਤੀ ਕਿ ਨਾ ਪਾਕਿਸਤਾਨ ’ਚ ਬੰਦ ਭਾਰਤੀਆਂ ਦੀ ਰਿਹਾਈ ਲਈ ਵੀ ਸਰਕਾਰ ਨੂੰ ਕੁਝ ਕਰਨਾ ਚਾਹੀਦਾ ਹੈ।

ਹਰਜਿੰਦਰ ਸਿੰਘ ਨੇ ਦੱਸਿਆ ਕਿ ਉਹ 2020 ਦੇ ਮਈ ਮਹੀਨੇ ਨਸ਼ੇ ਦੀ ਹਾਲਤ ਵਿਚ ਗ਼ਲਤੀ ਨਾਲ ਪਾਕਿਸਤਾਨ ਦੀ ਸਰਹੱਦ ਵਿਚ ਚਲਾ ਗਿਆ ਸੀ ਅਤੇ ਇਸ ਦੌਰਾਨ ਉਸ ਨੂੰ ਪਾਕਿਸਤਾਨੀ ਰੇਂਜਰਾਂ ਵੱਲੋਂ ਫ਼ੜ ਲਿਆ‌ ਗਿਆ। ਉਨ੍ਹਾਂ ਵੱਲੋਂ ਕਈ ਦਿਨ ਪੁੱਛ-ਪੜਤਾਲ ਤੇ ਕੁੱਟਮਾਰ ਕਰਨ ਤੋਂ ਬਾਅਦ ਪਾਕਿਸਤਾਨ ਦੇ ਸਿਆਲਕੋਟ ਦੀ ਗੋਰਾ ਜੇਲ੍ਹ ਦੇ ਤਹਿਖ਼ਾਨੇ ਵਿਚ ਸੁੱਟ ਦਿੱਤਾ, ਜਿਥੇ ਦੋ ਮਹੀਨੇ ਜਿਸਮਾਨੀ ਤੇ ਮਾਨਸਿਕ ਤੌਰ ’ਤੇ ਤਸੀਹੇ ਦਿੱਤੇ ਗਏ। ਹਰਜਿੰਦਰ ਸਿੰਘ ਨੇ ਦੱਸਿਆ ਕਿ ਉਸ ਨੂੰ ਲਗਾਤਾਰ ਦਿਨ-ਰਾਤ 10-12 ਘੰਟੇ ਖੜ੍ਹਾ ਰੱਖਿਆ ਜਾਂਦਾ ਰਿਹਾ। ਦੋ ਮਹੀਨੇ ਹਨੇਰ ਕੋਠੜੀ ਵਿਚ ਬੰਦ ਰਹਿਣ ਤੋਂ ਬਾਅਦ ਉਸ ਨੂੰ ਸੂਰਜ ਵੇਖਣਾ ਨਸੀਬ ਹੋਇਆ ਸੀ। 

ਹਰਜਿੰਦਰ ਸਿੰਘ ਨੇ ਦੱਸਿਆ ਕਿ ਲਾਹੌਰ ਜੇਲ੍ਹ ਵਿਚ ਬੰਦ ਕਈ ਭਾਰਤੀ ਨੌਜਵਾਨ ਆਪਣਾ ਦਿਮਾਗੀ ਸੰਤੁਲਨ ਗੁਆ ਚੁੱਕੇ ਹਨ। ਉਹ ਭਾਰਤ ਸਰਕਾਰ ਤੇ ਪਰਮਾਤਮਾ ਦਾ ਧੰਨਵਾਦ ਕਰਦਾ ਹੈ, ਜਿਨ੍ਹਾਂ ਉਸ ਨੂੰ ਨਰਕ ਭਰੀ ਜ਼ਿੰਦਗੀ ’ਚੋਂ ਬਾਹਰ ਕੱਢ ਕੇ ਆਪਣੇ ਪਰਿਵਾਰ ਨਾਲ ਮਿਲਾਇਆ ਹੈ। ਉਸ ਨੇ ਦੱਸਿਆ ਕਿ ਉਸ ਦੀਆਂ ਸਾਰੀਆਂ ਉਮੀਦਾਂ ਖ਼ਤਮ ਹੋ ਚੁੱਕੀਆਂ ਸਨ, ਇਸ ਲਈ ਜਦੋਂ ਜੇਲ੍ਹ ਦੇ ਕਰਮਚਾਰੀਆਂ ਨੇ ਉਸ ਨੂੰ ਦੱਸਿਆ ਕਿ ਸਵੇਰੇ ਰਿਹਾਅ ਕਰ ਦਿੱਤਾ ਜਾਵੇਗਾ ਤਾਂ ਉਸ ਨੂੰ ਯਕੀਨ ਨਹੀਂ ਹੋ ਰਿਹਾ ਸੀ।  

ਉਥੇ ਹੀ ਹਰਜਿੰਦਰ ਦੀ ਮਾਤਾ ‌ਕੁਲਵਿੰਦਰ ਕੌਰ ਅਤੇ ਦਾਦੀ ਨੇ ਦੱਸਿਆ ਕਿ ਹਰਜਿੰਦਰ ਤਿੰਨ ਸਾਲ ਇਕ ਮਹੀਨੇ ਬਾਅਦ ਘਰ ਪਰਤਿਆ ਹੈ ਅਤੇ ਉਹ ਉਸ ਦੀ ਸਲਾਮਤੀ ਲਈ ਹਰ ਮਹੀਨੇ ਸੁਖਮਨੀ ਸਾਹਿਬ ਦੇ ਪਾਠ ਅਤੇ ਵੱਖ-ਵੱਖ ਥਾਵਾਂ ’ਤੇ ਅਰਦਾਸਾਂ ਅਤੇ ਸੁੱਖਣਾ ਕਰਦੇ ਆ ਰਹੇ ਸਨ। ਹੁਣ ਪ੍ਰਮਾਤਮਾ ਨੇ ਉਨ੍ਹਾਂ ਦੇ ਪੁੱਤ ਨੂੰ ਘਰ ਭੇਜ ਕੇ ਉਨ੍ਹਾਂ ਦੀਆਂ ਆਸਾਂ ਪੂਰੀਆਂ ਕੀਤੀਆਂ ਹਨ। ਉਨ੍ਹਾਂ ਇਸ ਦੇ ਲਈ ਸਰਕਾਰ ਦਾ ਧੰਨਵਾਦ ਕੀਤਾ ਅਤੇ ਅਪੀਲ ਕੀਤੀ ਕਿ ਪਾਕਿਸਤਾਨ ਦੀਆਂ ਜੇਲ੍ਹਾਂ ’ਚ ਬੰਦ ਹਨ। ਦੂਜੇ ਭਾਰਤੀ ਨੌਜਵਾਨ ਕੈਦੀਆਂ ਨੂੰ ਵੀ ਰਿਹਾਅ ਕਰਵਾਉਣ ਦੀ ਸਰਕਾਰ ਵੱਲੋਂ ਕੋਸ਼ਿਸ਼ ਕੀਤੀ ਜਾਵੇ।

Add a Comment

Your email address will not be published. Required fields are marked *