ਦਰਬਾਰ ਸਾਹਿਬ ਨੇੜੇ ਬੰਬ ਰੱਖੇ ਹੋਣ ਦੀ ਗਲਤ ਸੂਚਨਾ ਦੇਣ ਵਾਲਾ ਕਾਬੂ

ਅੰਮ੍ਰਿਤਸਰ, 3 ਜੂਨ-: ਸ੍ਰੀ ਹਰਿਮੰਦਰ ਸਾਹਿਬ ਨੇੜੇ ਬੰਬ ਰੱਖੇ ਹੋਣ ਦੀ ਸੂਚਨਾ ਤੋਂ ਬਾਅਦ ਪੁਲੀਸ ਨੇ ਅੱਜ ਤੜਕੇ ਇਸ ਇਲਾਕੇ ਵਿਚ ਬਾਰੀਕੀ ਨਾਲ ਜਾਂਚ ਕੀਤੀ ਪਰ ਪੁਲੀਸ ਨੂੰ ਕੁਝ ਵੀ ਅਜਿਹਾ ਨਹੀਂ ਮਿਲਿਆ। ਇਸ ਦੌਰਾਨ ਪੁਲੀਸ ਨੇ ਇਕ ਨੌਜਵਾਨ ਨੂੰ ਹਿਰਾਸਤ ਵਿੱਚ ਲਿਆ ਹੈ।

ਮਿਲੇ ਵੇਰਵਿਆਂ ਮੁਤਾਬਕ 2 ਅਤੇ 3 ਜੂਨ ਦੀ ਦਰਮਿਆਨੀ ਰਾਤ ਨੂੰ ਲਗਪਗ ਡੇਢ ਵਜੇ ਪੁਲੀਸ ਨੂੰ ਕੰਟਰੋਲ ਰੂਮ ’ਤੇ ਸੂਚਨਾ ਮਿਲੀ ਕਿ ਹਰਿਮੰਦਰ ਸਾਹਿਬ ਕੰਪਲੈਕਸ ਨੇੜੇ ਬੰਬ ਰੱਖੇ ਗਏ ਹਨ। ਇਹ ਸੂਚਨਾ ਕਿਸੇ ਵੱਲੋਂ ਫੋਨ ਕਰਕੇ ਦਿੱਤੀ ਗਈ ਸੀ। ਇਸ ਤੋਂ ਬਾਅਦ ਪੁਲੀਸ ਵੱਲੋਂ ਇਸ ਇਲਾਕੇ ਦੀ ਘੇਰਾਬੰਦੀ ਕਰਕੇ ਇਲਾਕੇ ਵਿਚ ਜਾਂਚ ਕੀਤੀ ਗਈ। ਇਸ ਮੌਕੇ ਬੰਬ ਨਕਾਰਾ ਦਸਤੇ ਨੂੰ ਵੀ ਸੱਦਿਆ ਗਿਆ ਪਰ ਪੁਲੀਸ ਨੂੰ ਕੋਈ ਵੀ ਧਮਾਕਾਖੇਜ਼ ਸਮੱਗਰੀ ਨਹੀਂ ਮਿਲੀ। ਜਦੋਂ ਪੁਲੀਸ ਨੂੰ ਕੋਈ ਅਜਿਹੀ ਸ਼ੱਕੀ ਚੀਜ਼ ਨਹੀਂ ਮਿਲੀ ਤਾਂ ਪੁਲੀਸ ਨੇ ਕਾਲ ਕਰਨ ਵਾਲੇ ਵੱਲ ਧਿਆਨ ਕੇਂਦਰਿਤ ਕਰਦਿਆਂ ਉਸ ਦੀ ਲੋਕੇਸ਼ਨ ਦਾ ਪਤਾ ਲਾਇਆ ਅਤੇ ਬਾਅਦ ਵਿੱਚ ਉਸ ਨੂੰ ਹਿਰਾਸਤ ਵਿਚ ਲੈ ਲਿਆ। ਪੁਲੀਸ ਸੂਤਰਾਂ ਮੁਤਾਬਕ ਰਾਤ ਨੂੰ ਫੋਨ ਕਰਨ ਵਾਲੇ ਨੇ ਸੂਚਨਾ ਦੇਣ ਤੋਂ ਬਾਅਦ ਕਾਲ ਕੱਟ ਦਿੱਤੀ। ਪੁਲੀਸ ਨੇ ਸਬੰਧਤ ਵਿਅਕਤੀ ਨੂੰ ਮੁੜ ਕਾਲ ਕੀਤੀ ਪਰ ਉਸ ਨੇ ਫੋਨ ਨਹੀਂ ਸੁਣਿਆ। ਡੀਸੀਪੀ ਪਰਮਿੰਦਰ ਸਿੰਘ ਭੰਡਾਲ ਨੇ ਦੱਸਿਆ ਕਿ ਇਸ ਸਬੰਧ ਵਿਚ ਗ੍ਰਿਫ਼ਤਾਰ ਕੀਤੇ ਗਏ ਨੌਜਵਾਨ ਦੀ ਸ਼ਨਾਖਤ 20 ਸਾਲਾ ਗਗਨਦੀਪ ਸਿੰਘ ਵਜੋਂ ਹੋਈ ਹੈ ਜੋ ਇੱਥੇ ਨੇੜੇ ਹੀ ਮਜੀਠਾ ਮੰਡੀ ਦਾ ਰਹਿਣ ਵਾਲਾ ਹੈ। ਇਸ ਨੇ ਸਿਰ ਦੇ ਵਾਲ ਕਟਵਾਏ ਹੋਏ ਹਨ ਪਰ ਗੋਲ ਪੱਗ ਬੰਨ੍ਹਦਾ ਹੈ। ਇਹ ਕੁਝ ਸਮਾਂ ਪਹਿਲਾਂ ਸੰਗਰੂਰ ਵਾਲੇ ਪਾਸੇ ਇਸੇ ਨਿਹੰਗ ਜਥੇਬੰਦੀ ਨਾਲ ਵੀ ਜੁੜਿਆ ਰਿਹਾ ਸੀ। ਉਸ ਨੇ ਪੁਲੀਸ ਨੂੰ ਗੁਮਰਾਹ ਕੀਤਾ ਹੈ। ਪੁਲੀਸ ਵੱਲੋਂ ਕੇਸ ਦਰਜ ਕਰ ਕੇ ਅਗਲੇਰੀ ਜਾਂਚ ਜਾਰੀ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ ਜਿਸ ਤੋਂ ਬਾਅਦ ਹੋਰ ਖੁਲਾਸੇ ਹੋਣ ਦੀ ਵੀ ਸੰਭਾਵਨਾ ਹੈ।

ਪੁਲੀਸ ਅਧਿਕਾਰੀ ਨੇ ਦੱਸਿਆ ਕਿ ਇਸ ਨੌਜਵਾਨ ਨੇ ਪੁਲੀਸ ਨੂੰ ਗਲਤ ਜਾਣਕਾਰੀ ਦੇਣ ਵੇਲੇ ਚੋਰੀ ਕੀਤੇ ਇਕ ਮੋਬਾਈਲ ਫੋਨ ਦੀ ਸਿਮ ਨੂੰ ਆਪਣੇ ਫੋਨ ਵਿੱਚ ਪਾਇਆ ਅਤੇ ਉਸ ਰਾਹੀਂ ਕੰਟਰੋਲ ਰੂਮ ’ਤੇ ਫੋਨ ਕੀਤਾ। ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਹੀ ਹਰਿਮੰਦਰ ਸਾਹਿਬ ਨੇੜੇ ਤਿੰਨ ਬੰਬ ਧਮਾਕੇ ਹੋਏ ਸਨ ਤੇ ਪੁਲੀਸ ਨੇ ਇਸ ਮਾਮਲੇ ਵਿੱਚ ਪੰਜ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ ਜਿਸ ਤੋਂ ਬਾਅਦ ਪੁਲੀਸ ਵੱਲੋਂ ਇਸ ਇਲਾਕੇ ਵਿੱਚ ਚੌਕਸੀ ਵਰਤੀ ਜਾ ਰਹੀ ਸੀ। ਇਸ ਤੋਂ ਇਲਾਵਾ ਘੱਲੂਘਾਰਾ ਹਫ਼ਤੇ ਦੇ ਮੱਦੇਨਜ਼ਰ ਵੀ ਪੁਲੀਸ ਨੇ ਚੌਕਸੀ ਵਧਾਈ ਹੋਈ ਹੈ ਤੇ ਰੋਜ਼ਾਨਾ ਹੀ ਫਲੈਗ ਮਾਰਚ ਕੀਤਾ ਜਾ ਰਿਹਾ ਹੈ।

Add a Comment

Your email address will not be published. Required fields are marked *