ਨੌਜਵਾਨ ’ਤੇ ਸਾਬਕਾ ਕੌਂਸਲਰ ਦੇ ਪੁੱਤ ਨੇ ਚਲਾਈਆਂ ਗੋਲ਼ੀਆਂ

ਅੰਮ੍ਰਿਤਸਰ –ਅੰਮ੍ਰਿਤਸਰ ਦੇ ਸਥਾਨਕ ਲੋਹਗੜ੍ਹ ਫਾਟਕ ’ਤੇ ਸਾਬਕਾ ਕੌਂਸਲਰ ਦੇ ਬੇਟੇ ਨੇ ਸ਼ਰੇਆਮ ਗੋਲ਼ੀਆਂ ਚਲਾ ਕੇ ਇਕ ਵਿਅਕਤੀ ਨੂੰ ਮਾਰਨ ਦੀ ਕੋਸ਼ਿਸ਼ ਕੀਤੀ। ਜ਼ਖ਼ਮੀ ਨੌਜਵਾਨ ਨੂੰ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ, ਜਿੱਥੇ ਉਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਇਸ ਮਾਮਲੇ ਵਿਚ ਪੁਲਸ ਨੇ ਅਭੀ ਨਾਂ ਦੇ ਨੌਜਵਾਨ ਅਤੇ ਉਸ ਦੇ ਹੋਰ ਸਾਥੀਆਂ ਖਿਲਾਫ਼ ਕਤਲ ਦੀ ਕੋਸ਼ਿਸ਼ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਹੈ। ਘਟਨਾ ਸੀ. ਸੀ. ਟੀ. ਵੀ. ਕੈਮਰੇ ’ਚ ਕੈਦ ਹੋ ਗਈ ਹੈ।

ਜਾਣਕਾਰੀ ਅਨੁਸਾਰ ਸਾਬਕਾ ਕੌਂਸਲਰ ਦਾ ਲੜਕਾ ਅਭੀ ਸ਼ੁੱਕਰਵਾਰ ਰਾਤ ਨੂੰ ਲੋਹਗੜ੍ਹ ਫਾਟਕ ਤੋਂ ਲੰਘਿਆ ਤਾਂ ਗੁਰਪ੍ਰੀਤ ਗੋਪੀ, ਜੋ ਆਪਣੇ ਨਾਨਕੇ ਘਰ ਆਇਆ ਹੋਇਆ ਸੀ, ਆਪਣੇ ਰਿਸ਼ਤੇਦਾਰਾਂ ਨਾਲ ਘਰ ਦੇ ਬਾਹਰ ਬੈਠਾ ਸੀ ਕਿ ਕੁਝ ਦੇਰ ਬਾਅਦ ਅਭੀ ਆਪਣੇ ਨਾਲ ਉਥੇ ਕੁਝ ਸਾਥੀਆਂ ਨਾਲ ਆਇਆ ਅਤੇ ਮਿਲ ਕੇ ਗੁਰਪ੍ਰੀਤ ਗੋਪੀ ’ਤੇ ਗੋਲ਼ੀਆਂ ਚਲਾ ਦਿੱਤੀਆਂ। ਫਾਇਰਿੰਗ ’ਚ ਬੁਰੀ ਤਰ੍ਹਾਂ ਜ਼ਖ਼ਮੀ ਹੋਏ ਗੋਪੀ ਨੂੰ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ। ਥਾਣਾ ਡੀ ਡਵੀਜ਼ਨ ਦੇ ਇੰਚਾਰਜ ਰੌਬਿਨ ਹੰਸ ਨੇ ਦੱਸਿਆ ਕਿ ਪੁਲਸ ਨੇ ਕਤਲ ਦੀ ਕੋਸ਼ਿਸ਼ ਦਾ ਮਾਮਲਾ ਦਰਜ ਕਰ ਲਿਆ ਹੈ। ਇਸ ਮਾਮਲੇ ’ਚ ਆਰਮਜ਼ ਐਕਟ ਦੀ ਕਾਰਵਾਈ ਕੀਤੀ ਗਈ ਹੈ। ਦੱਸਣਾ ਜ਼ਰੂਰੀ ਹੈ ਕਿ ਦੋਸ਼ੀ ਅਭੀ ਸਾਬਕਾ ਕੌਂਸਲਰ ਗੁਰਦੀਪ ਸਿੰਘ ਪਹਿਲਵਾਨ ਦਾ ਪੁੱਤ ਹੈ, ਜਿਸ ਨੂੰ 5 ਸਾਲ ਪਹਿਲਾਂ ਗੈਂਗਸਟਰਾਂ ਨੇ ਗੋਲ਼ੀਆਂ ਮਾਰ ਕੇ ਮਾਰ ਦਿੱਤਾ ਸੀ।

Add a Comment

Your email address will not be published. Required fields are marked *