ਪਹਿਲਵਾਨਾਂ ਦੇ ਸਮਰਥਨ ’ਚ ਉੱਤਰੇ 1983 ਵਿਸ਼ਵ ਕੱਪ ਦੇ ਚੈਂਪੀਅਨਜ਼

1983 ਵਿਸ਼ਵ ਕੱਪ ਜੇਤੂ ਭਾਰਤੀ ਕ੍ਰਿਕਟ ਟੀਮ ਦੇ ਮੈਂਬਰਾਂ ਨੇ ਸ਼ੁੱਕਰਵਾਰ ਨੂੰ ਪਹਿਲਵਾਨਾਂ ਨੂੰ ਆਪਣਾ ਸਮਰਥਨ ਦਿੱਤਾ ਹੈ। ਉਨ੍ਹਾਂ ਨੇ ਪਹਿਲਵਾਨਾਂ ਨੂੰ ਜਲਦਬਾਜ਼ੀ ਵਿਚ ਕੋਈ ਵੀ ਫੈਸਲਾ ਨਾ ਲੈਣ ਦੀ ਅਪੀਲ ਕੀਤੀ ਅਤੇ ਆਸ ਪ੍ਰਗਟਾਈ ਕਿ ਉਨ੍ਹਾਂ ਦੇ ਮਸਲੇ ਸੁਣੇ ਜਾਣਗੇ ਅਤੇ ਹੱਲ ਕੀਤੇ ਜਾਣਗੇ। ਇਕ ਸਾਂਝੇ ਬਿਆਨ ’ਚ 1983 ਵਿਸ਼ਵ ਕੱਪ ਜੇਤੂ ਟੀਮ ਨੇ ਕਿਹਾ ਕਿ ਉਹ ਚੈਂਪੀਅਨ ਪਹਿਲਵਾਨਾਂ ਨਾਲ ਛੇੜਛਾੜ ਦੀਆਂ ਤਸਵੀਰਾਂ ਦੇਖ ਕੇ ਬਹੁਤ ਦੁਖ਼ੀ ਹਨ ਪਰ ਉਨ੍ਹਾਂ ਨੂੰ ਉਮੀਦ ਹੈ ਕਿ ਕਾਨੂੰਨ ਆਪਣਾ ਕੰਮ ਕਰੇਗਾ।

1983 ਵਿਸ਼ਵ ਕੱਪ ਜੇਤੂ ਟੀਮ ਵੱਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਚੈਂਪੀਅਨ ਪਹਿਲਵਾਨਾਂ ਨਾਲ ਦੁਰਵਿਵਹਾਰ ਦੀਆਂ ਤਸਵੀਰਾਂ ਦੇਖ ਕੇ ਅਸੀਂ ਬੇਹੱਦ ਦੁਖ਼ੀ ਹਾਂ। ਸਾਨੂੰ ਇਸ ਗੱਲ ਦੀ ਡੂੰਘੀ ਚਿੰਤਾ ਹੈ ਕਿ ਉਹ ਆਪਣੀ ਮਿਹਨਤ ਨਾਲ ਜਿੱਤੇ ਤਮਗੇ ਗੰਗਾ ’ਚ ਸੁੱਟਣ ਬਾਰੇ ਸੋਚ ਰਹੇ ਹਨ। ਇਨ੍ਹਾਂ ਤਮਗਿਆਂ ਪਿੱਛੇ ਸਾਲਾਂ ਦੀ ਮਿਹਨਤ, ਕੁਰਬਾਨੀ, ਸਮਰਪਣ ਅਤੇ ਸਖ਼ਤ ਮਿਹਨਤ ਸ਼ਾਮਲ ਹੈ। ਉਹ ਉਨ੍ਹਾਂ ਦਾ ਹੀ ਨਹੀਂ ਬਲਕਿ ਦੇਸ਼ ਦਾ ਮਾਣ ਹਨ। ਅਸੀਂ ਉਨ੍ਹਾਂ ਨੂੰ ਬੇਨਤੀ ਕਰਦੇ ਹਾਂ ਕਿ ਉਹ ਇਸ ਮਾਮਲੇ ਵਿਚ ਜਲਦਬਾਜ਼ੀ ’ਚ ਫੈਸਲਾ ਨਾ ਲੈਣ ਅਤੇ ਅਸੀਂ ਉਮੀਦ ਕਰਦੇ ਹਾਂ ਕਿ ਉਨ੍ਹਾਂ ਦੀਆਂ ਸ਼ਿਕਾਇਤਾਂ ਨੂੰ ਸੁਣਿਆ ਜਾਵੇਗਾ ਤੇ ਹੱਲ ਕੱਢਿਆ ਜਾਵੇਗਾ। ਕਾਨੂੰਨ ਨੂੰ ਆਪਣਾ ਕੰਮ ਕਰਨ ਦਿਓ।

ਕਪਿਲ ਦੇਵ ਦੀ ਕਪਤਾਨੀ ਵਿਚ 1983 ’ਚ ਵਿਸ਼ਵ ਕੱਪ ਜਿੱਤਣ ਵਾਲੀ ਟੀਮ ਵਿਚ ਸੁਨੀਲ ਗਾਵਸਕਰ, ਮਹਿੰਦਰ ਅਮਰਨਾਥ, ਕੇ. ਸ਼੍ਰੀਕਾਂਤ, ਸਈਦ ਕਿਰਮਾਨੀ, ਯਸ਼ਪਾਲ ਸ਼ਰਮਾ, ਮਦਨ ਲਾਲ, ਬਲਵਿੰਦਰ ਸਿੰਘ ਸੰਧੂ, ਸੰਦੀਪ ਪਾਟਿਲ, ਕੀਰਤੀ ਆਜ਼ਾਦ ਅਤੇ ਰੋਜਰ ਬਿੰਨੀ ਸ਼ਾਮਲ ਸਨ। ਕਪਿਲ ਨੇ ਕਿਹਾ, ‘ਮੈਂ ਨਿੱਜੀ ਤੌਰ ’ਤੇ ਕੁਝ ਨਹੀਂ ਕਹਾਂਗਾ। 1983 ਦੀ ਪੂਰੀ ਟੀਮ ਦਾ ਸਮਰਥਨ ਉਸ ਬਿਆਨ ਨੂੰ ਹੈ, ਜੋ ਅਸੀਂ ਜਾਰੀ ਕੀਤਾ ਹੈ।’

ਇਸ ਤੋਂ ਪਹਿਲਾਂ ਅਨਿਲ ਕੁੰਬਲੇ, ਰੌਬਿਨ ਉਥੱਪਾ ਅਤੇ ਇਰਫਾਨ ਪਠਾਨ ਵਰਗੇ ਸਾਬਕਾ ਕ੍ਰਿਕਟਰਾਂ ਨੇ ਵੀ ਪਹਿਲਵਾਨਾਂ ਦਾ ਸਮਰਥਨ ਕੀਤਾ ਸੀ। ਸਰਗਰਮ ਕ੍ਰਿਕਟਰਾਂ ਨੇ ਅਜੇ ਤੱਕ ਇਸ ’ਤੇ ਕੋਈ ਬਿਆਨ ਨਹੀਂ ਦਿੱਤਾ ਹੈ। ਜੈਵਲਿਨ ਥਰੋਅ ’ਚ ਓਲੰਪਿਕ ਸੋਨ ਤਮਗਾ ਜੇਤੂ ਨੀਰਜ ਚੋਪੜਾ ਅਤੇ ਓਲੰਪਿਕ ਦੇ ਵਿਅਕਤੀਗਤ ਮੁਕਾਬਲੇ ਵਿਚ ਭਾਰਤ ਨੂੰ ਪਹਿਲਾ ਤਮਗਾ ਦਿਵਾਉਣ ਵਾਲੇ ਨਿਸ਼ਾਨੇਬਾਜ਼ ਅਭਿਨਵ ਬਿੰਦਰਾ ਨੇ ਵੀ ਇਸ ਗੱਲ ਤੋਂ ਨਾਰਾਜ਼ਗੀ ਪ੍ਰਗਟਾਈ ਕਿ ਪਹਿਲਵਾਨਾਂ ਨੂੰ ਇਨਸਾਫ਼ ਲਈ ਸੜਕਾਂ ’ਤੇ ਉਤਰਨਾ ਪਿਆ।

Add a Comment

Your email address will not be published. Required fields are marked *