ਮਨਜੀਤ ਨੇ UWW ਰੈਂਕਿੰਗ ਸੀਰੀਜ਼ ਕੁਸ਼ਤੀ ’ਚ ਜਿੱਤਿਆ ਕਾਂਸੀ ਤਮਗਾ

ਬਿਸ਼ਕੇਕ/ਕਿਗਰਿਸਤਾਨ – ਭਾਰਤੀ ਪਹਿਲਵਾਨ ਮਨਜੀਤ ਨੇ ਯੂ. ਡਬਲਯੂ. ਡਬਲਯੂ. (ਯੂਨਾਈਟਿਡ ਵਰਲਡ ਰੈਸਲਿੰਗ) ਰੈਂਕਿੰਗ ਸੀਰੀਜ਼ ਪ੍ਰਤੀਯੋਗਿਤਾ ’ਚ ਵੀਰਵਾਰ ਨੂੰ ਇਥੇ ਪੁਰਸ਼ਾਂ ਦੇ ਗ੍ਰੀਕੋ ਰੋਮਨ 55 ਕਿ. ਗ੍ਰਾ. ਭਾਰ ਵਰਗ ’ਚ ਕਾਂਸੀ ਤਮਗਾ ਜਿੱਤਿਆ। ਮਨਜੀਤ ਕੁਆਰਟਰ ਫਾਈਨਲ ’ਚ ਉੱਜਬੇਕਿਸਤਾਨ ਦੇ ਇਖਤਿਆਰ ਬੋਟੀਰੋਵ ਕੋਲੋਂ 13-4 ਨਾਲ ਹਾਰ ਗਿਆ। ਬੋਟੀਰੋਵ ਦੇ ਫਾਈਨਲ ’ਚ ਪਹੁੰਚਣ ਦੇ ਬਾਅਦ ਤੋਂ ਮਨਜੀਤ ਨੂੰ 2 ਕਾਂਸੀ ਤਮਗਿਆਂ ’ਚੋਂ ਇਕ ਲਈ ਲੜਨ ਦਾ ਮੌਕਾ ਮਿਲਿਆ।

ਭਾਰਤੀ ਖਿਡਾਰੀ ਨੇ ਇਸ ਤੋਂ ਬਾਅਦ ਕਜ਼ਾਕਿਸਤਾਨ ਦੇ ਯਰਸਿਨ ਅਬੀਅਰ ਨੂੰ 14-9 ਨਾਲ ਹਰਾ ਕੇ ਕਾਂਸੀ ਤਮਗਾ ਆਪਣੇ ਨਾਂ ਕੀਤਾ। ਇਸ ਮੁਕਾਬਲੇ ਦਾ ਸੋਨ ਕਜ਼ਾਕਿਸਤਾਨ ਦੇ ਮਰਲਾਨ ਮੁਕਾਸ਼ੇਵ ਨੇ ਬੋਟਿਰੋਵ ਨੂੰ ਹਰਾ ਕੇ ਜਿੱਤਿਆ। ਸੁਮਿਤ (60 ਕਿ. ਗ੍ਰਾ.) ਰੇਪੇਸ਼ਾਜ ਦੌਰ ’ਚ ਪਹੁੰਚਣ ’ਚ ਸਫਲ ਰਿਹਾ, ਜਿੱਥੇ ਉਸ ਨੂੰ ਕਿਗਰਿਸਤਾਨ ਦੇ ਬਾਲਬਾਈ ਡੋਰਡੋਕੋਵ ਨੇ ਹਰਾਇਆ। ਇਸ ਤੋਂ ਪਹਿਲਾਂ ਕੁਆਰਟਰ ਫਾਈਨਲ ’ਚ ਕਜ਼ਾਕਿਸਤਾਨ ਦੇ ਨੂਰਸੁਲਤਾਨ ਬਾਜਬਾਯੇਵ ਕੋਲੋਂ ਹਾਰ ਗਿਆ ਸੀ। ਨੀਰਜ ਵੀ 67 ਕਿ. ਗ੍ਰਾ. ਵਰਗ ’ਚ ਰੇਪੇਸ਼ਾਜ ਦੌਰ ’ਚ ਵੀ ਹਾਰ ਗਿਆ। ਭਾਰਤ ਦੇ 3 ਹੋਰ ਖਿਡਾਰੀ ਸੁਨੀਲ ਕੁਮਾਰ (87 ਕਿ. ਗ੍ਰਾ.), ਨਰਿੰਦਰ ਚੀਮਾ (97 ਕਿ. ਗ੍ਰਾ.) ਅਤੇ ਸਾਹਿਲ (130 ਕਿ. ਗ੍ਰਾ.) ਕੁਆਲੀਫੀਕੇਸ਼ਨ ਪੜਾਅ ’ਚ ਹਾਰ ਗਏ।

Add a Comment

Your email address will not be published. Required fields are marked *