ਪੰਜਾਬ ਕਾਂਗਰਸ ’ਚ ਮਚਿਆ ਘਮਸਾਣ, ਰਾਜਾ ਵੜਿੰਗ ਤੇ ਜਾਖੜ ’ਚ ਤਕਰਾਰ

ਜਲੰਧਰ : ਵੀਰਵਾਰ ਨੂੰ ਜਲੰਧਰ ’ਚ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਵੱਲੋਂ ਜੱਫੀ ਪਾਉਣ ਦੀ ਵੀਡੀਓ ਖ਼ੂਬ ਵਾਇਰਲ ਹੋ ਰਹੀ ਹੈ ਅਤੇ ਇਸ ਜੱਫੀ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਹੋ ਰਹੇ ਹਨ ਪਰ ਇਸ ਦਰਮਿਆਨ ਕਾਂਗਰਸ ਦੇ ਅੰਦਰ ਨਵਾਂ ਵਿਵਾਦ ਸ਼ੁਰੂ ਹੋ ਗਿਆ ਹੈ। ਇਹ ਵਿਵਾਦ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਅਤੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਵਿਚਾਲੇ ਨਹੀਂ ਸਗੋਂ ਰਾਜਾ ਵੜਿੰਗ ਅਤੇ ਅਬੋਹਰ ਤੋਂ ਕਾਂਗਰਸੀ ਆਗੂ ਸੰਦੀਪ ਜਾਖੜ ਵਿਚਾਲੇ ਸ਼ੁਰੂ ਹੋਇਆ ਹੈ।

ਸੰਦੀਪ ਜਾਖੜ ਪੰਜਾਬ ’ਚ ਸਾਬਕਾ ਕਾਂਗਰਸ ਪ੍ਰਧਾਨ ਰਹੇ ਸੁਨੀਲ ਜਾਖੜ (ਹੁਣ ਭਾਜਪਾ ਵਿਚ) ਦੇ ਭਤੀਜੇ ਹਨ ਅਤੇ ਉਨ੍ਹਾਂ ਨੇ ਰਾਜਾ ਵੜਿੰਗ ਦੇ ਇਕ ਟਵੀਟ ਨੂੰ ਲੈ ਕੇ ਪਲਟਵਾਰ ਕੀਤਾ ਹੈ। ਦਰਅਸਲ, ਰਾਜਾ ਵੜਿੰਗ ਨੇ ਸੁਨੀਲ ਜਾਖੜ ਨੂੰ ਲੈ ਕੇ ਇਕ ਟਵੀਟ ਕੀਤਾ ਸੀ, ਜਿਸ ’ਚ ਉਨ੍ਹਾਂ ਨੇ ਹਰਿਆਣਾ ਦੇ ਪਹਿਲਵਾਨਾਂ ਦੇ ਹੱਕ ’ਚ ਖੜ੍ਹੇ ਨਾ ਹੋਣ ਨੂੰ ਲੈ ਕੇ  ਸੁਨੀਲ ਜਾਖੜ ’ਤੇ ਸਵਾਲ ਚੁੱਕੇ ਸਨ। ਸੁਨੀਲ ਜਾਖੜ ਨੂੰ ਅਸਲੀ ਚੌਧਰੀ ਦੱਸਦੇ ਹੋਏ ਲਿਖਿਆ ਸੀ ਕਿ ਜਿਸ ਤਰ੍ਹਾਂ ਉਹ ਕਾਂਗਰਸ ਖਿਲਾਫ਼ ਭੜਾਸ ਕੱਢ ਰਹੇ ਹਨ, ਉਸੇ ਤਰ੍ਹਾਂ ਉਨ੍ਹਾਂ ਨੂੰ ਹਰਿਆਣਾ ’ਚ ਪ੍ਰਦਰਸ਼ਨ ਕਰ ਰਹੀਆਂ ਮਹਿਲਾ ਪਹਿਲਵਾਨਾਂ ਦੇ ਹੱਕ ’ਚ ਖੜ੍ਹਨਾ ਚਾਹੀਦਾ ਹੈ।

ਰਾਜਾ ਵੜਿੰਗ ਨੇ ਇਹ ਵੀ ਲਿਖਿਆ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਉਹ ਭਾਜਪਾ ਵਿਚ ਘੁਟਨ ਮਹਿਸੂਸ ਨਹੀਂ ਕਰ ਰਹੇ ਹੋਣਗੇ। ਰਾਜਾ ਵੜਿੰਗ ਦੇ ਇਸ ਟਵੀਟ ਦੇ ਜਵਾਬ ’ਚ ਫਿਲਹਾਲ ਸੁਨੀਲ ਜਾਖੜ ਵੱਲੋਂ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ ਪਰ ਉਨ੍ਹਾਂ ਦੇ ਭਤੀਜੇ ਸੰਦੀਪ ਜਾਖੜ ਨੇ ਇਸ਼ਾਰਿਆਂ ਹੀ ਇਸ਼ਾਰਿਆਂ ’ਚ ਹੀ ਰਾਜਾ ਵੜਿੰਗ ’ਤੇ ਪਲਟਵਾਰ ਕੀਤਾ ਹੈ। ਸੰਦੀਪ ਜਾਖੜ ਨੇ ਕਿਹਾ ਹੈ ਕਿ ਮੈਂ ਸੁਣਿਆ ਹੈ ਕਿ ਕੁਝ ਫਾਈਲਾਂ ਸਬੰਧੀ ਸੀ. ਐੱਮ. ਨਾਲ ਸਮਝੌਤਾ ਹੋ ਗਿਆ ਹੈ, ਇਹ ਇਸ਼ਾਰਾ ਉਨ੍ਹਾਂ ਨੇ ਰਾਜਾ ਵੜਿੰਗ ਵੱਖ ਕੀਤਾ ਹੈ। ਇਸ ਤੋਂ ਬਾਅਦ ਉਨ੍ਹਾਂ ਨੇ ਇਕ ਸ਼ੇਅਰ ਲਿਖਿਆ ਹੈ-‘ਹਰ ਏਕ ਬਾਤ ਪੇ ਕਹਿਤੇ ਹੋ ਤੁਮ ਕਿ ਤੂ ਕਿਆ ਹੈ, ਤੁਮਹੀਂ ਕਹੋ ਕਿ ਯੇ ਅੰਦਾਜ਼-ਏ-ਗੁਫ਼ਤਗੂ ਕਿਆ ਹੈ। ਬਨਾ ਹੈ ਸ਼ਾਹ (ਇੰਚਾਰਜਾਂ) ਦਾ ਸਾਥੀ ਫਿਰੇ ਹੈ ਇਤਰਾਤਾ, ਵਰਨਾ ਸ਼ਹਿਰ ਮੇਂ ‘ਗ਼ਾਲਿਬ ਤੇਰੀ ਆਬਰੂ ਕਿਆ ਹੈ।’

Add a Comment

Your email address will not be published. Required fields are marked *