ਗੈਂਗਸਟਰ ਜੱਗੂ ਭਗਵਾਨਪੁਰੀਆ ਗਰੁੱਪ ਦਾ ਸ਼ੂਟਰ ਪਿਆਰਾ ਮਸੀਹ 3 ਸਾਥੀਆਂ ਸਣੇ ਕਾਬੂ

ਬਟਾਲਾ : ਸੀ. ਆਈ. ਏ. ਸਟਾਫ ਬਟਾਲਾ ਅਤੇ ਥਾਣਾ ਕੋਟਲੀ ਸੂਰਤ ਮੱਲ੍ਹੀ ਦੀ ਪੁਲਸ ਦੇ ਹੱਥ ਉਸ ਵੇਲੇ ਸਾਂਝੇ ਆਪ੍ਰੇਸ਼ਨ ਤਹਿਤ ਵੱਡੀ ਸਫ਼ਲਤਾ ਹੱਥ ਲੱਗੀ, ਜਦੋਂ ਜੱਗੂ ਭਗਵਾਨਪੁਰੀਆ ਗਰੁੱਪ ਦੇ ਸਰਗਰਮ ਮੈਂਬਰ ਪਿਆਰਾ ਸ਼ੂਟਰ ਨੂੰ ਉਸਦੇ ਤਿੰਨ ਸਾਥੀਆਂ ਤੇ ਨਾਜਾਇਜ਼ ਅਸਲੇ ਸਮੇਤ ਕਾਬੂ ਕਰ ਲਿਆ ਗਿਆ।

ਇਸ ਸਬੰਧੀ ਐੱਸ. ਪੀ. ਡੀ. ਗੁਰਪ੍ਰੀਤ ਸਿੰਘ ਗਿੱਲ ਨੇ ਦੱਸਿਆ ਕਿ ਉਨ੍ਹਾਂ ਦੀ ਨਿਗਰਾਨੀ ਹੇਠ ਡੀ. ਐੱਸ. ਪੀ. ਡੀ. ਬਟਾਲਾ ਰਵਿੰਦਰ ਸਿੰਘ, ਡੀ. ਐੱਸ. ਪੀ. ਫਤਿਹਗੜ੍ਹ ਚੂੜੀਆਂ ਸਵਰਨਜੀਤ ਸਿੰਘ, ਇੰਚਾਰਜ ਸੀ. ਆਈ. ਏ. ਸਟਾਫ ਬਟਾਲਾ ਦਲਜੀਤ ਸਿੰਘ ਪੱਡਾ, ਥਾਣਾ ਫਤਿਹਗੜ੍ਹ ਚੂੜੀਆਂ ਦੇ ਐੱਸ. ਐੱਚ. ਓ. ਸੁਖਵਿੰਦਰ ਸਿੰਘ ਅਤੇ ਥਾਣਾ ਕੋਟਲੀ ਸੂਰਤ ਮੱਲ੍ਹੀ ਦੇ ਐੱਸ. ਐੱਚ. ਓ. ਮਨਜੀਤ ਸਿੰਘ ’ਤੇ ਆਧਾਰਿਤ ਵੱਖ-ਵੱਖ ਪੁਲਸ ਟੀਮਾਂ ਨੇ ਇਕ ਸਾਂਝਾ ਆਪ੍ਰੇਸ਼ਨ ਚਲਾਇਆ। ਇਸ ਆਪ੍ਰੇਸ਼ਨ ਤਹਿਤ ਜੱਗੂ ਭਗਵਾਨਪੁਰੀਆ ਗਰੁੱਪ ਦੇ ਸਰਗਰਮ ਮੈਂਬਰ ਪਿਆਰਾ ਮਸੀਹ ਉਰਫ ਪਿਆਰਾ ਸ਼ੂਟਰ ਪੁੱਤਰ ਸਵ. ਪਾਲ ਮਸੀਹ ਵਾਸੀ ਕਾਲਾ ਅਫਗਾਨਾ ਪੱਤੀ ਚੰਡੀਗੜ੍ਹ ਨੂੰ ਇਸਦੇ ਤਿੰਨ ਸਾਥੀਆਂ ਲਵ ਮਸੀਹ ਪੁੱਤਰ ਰਿੰਪੀ ਮਸੀਹ ਵਾਸੀ ਮਾਨੇਪੁਰ ਥਾਣਾ ਭਿਖਾਰੀਵਾਲ, ਸਾਜਨ ਮਸੀਹ ਉਰਫ ਲਾਡਾ ਮਸੀਹ ਵਾਸੀ ਡਾਲੇਚੱਕ, ਗੁਰਮੀਤ ਸਿੰਘ ਉਰਫ ਗੋਪੀ ਪੁੱਤਰ ਸਤਨਾਮ ਸਿੰਘ ਵਾਸੀ ਹੁਸ਼ਿਆਰ ਨਗਰ ਅੰਮ੍ਰਿਤਸਰ ਸਮੇਤ ਨਾਜਾਇਜ਼ ਅਸਲੇ ਤੇ ਸਵਿਫਟ ਕਾਰ ਸਮੇਤ ਕਾਬੂ ਕੀਤਾ ਹੈ।

ਐੱਸ. ਪੀ. ਗਿੱਲ ਨੇ ਦੱਸਿਆ ਕਿ ਉਕਤ ਮੁਲਜ਼ਮਾਂ ਦੇ ਖ਼ਿਲਾਫ਼ ਇਰਾਦਾ ਕਤਲ ਦੇ ਚਾਰ ਮੁਕੱਦਮੇ ਦਰਜ ਹਨ ਅਤੇ ਉਕਤ ਗ੍ਰਿਫ਼ਤਾਰ ਕੀਤੇ ਕਥਿਤ ਦੋਸ਼ੀ ਕਈ ਮੁਕੱਦਮਿਆਂ ਵਿਚ ਪੁਲਸ ਨੂੰ ਲੋੜੀਂਦੇ ਸਨ। ਉਨ੍ਹਾਂ ਨੇ ਦੱਸਿਆ ਕਿ ਫੜੇ ਗਏ ਕਥਿਤ ਦੋਸ਼ੀਆਂ ਕੋਲੋਂ ਇਕ ਪਿਸਤੌਲ 32 ਬੋਰ ਸਮੇਤ ਮੈਗਜ਼ੀਨ ਤੇ 5 ਰੌਂਦ, ਇਕ ਦੇਸੀ ਕੱਟਾ 12 ਬੋਰ ਸਮੇਤ 5 ਰੌਂਦ, ਇਕ ਕਾਰ ਸਵਿਫਟ ਜੋ ਵਾਰਦਾਤਾਂ ਵਿਚ ਵਰਤੀ ਜਾਂਦੀ ਸੀ, ਵਾਰਦਾਤਾਂ ਵਿਚ ਵਰਤੇ ਜਾਂਦੇ 2 ਦਾਤਰ ਅਤੇ ਵਾਰਦਾਤ ਸਮੇਂ ਮੌਕੇ ਤੋਂ ਚੋਰੀ ਕੀਤੇ 2 ਮੋਬਾਇਲ ਫੋਨ ਬਰਾਮਦ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਪਿਆਰਾ ਸ਼ੂਟਰ ਖ਼ਿਲਾਫ਼ ਪੁਲਸ ਜ਼ਿਲ੍ਹਾ ਬਟਾਲਾ ਵਿਚ 5 ਵੱਖ-ਵੱਖ ਮੁਕੱਦਮੇ ਦਰਜ ਹਨ, ਜਿਨ੍ਹਾਂ ਵਿਚ 2 ਕੋਟਲੀ ਸੂਰਤ ਮੱਲ੍ਹੀ ਅਤੇ 3 ਫਤਿਹਗੜ੍ਹ ਚੂੜੀਆਂ ਥਾਣੇ ਵਿਚ ਦਰਜ ਹਨ।

Add a Comment

Your email address will not be published. Required fields are marked *