ਬਰਤਾਨੀਆ ਦੇ ਨਵੇਂ ਪ੍ਰਧਾਨ ਮੰਤਰੀ ਦਾ ਐਲਾਨ ਅੱਜ

ਲੰਡਨ, 4 ਸਤੰਬਰ— ਬਰਤਾਨੀਆ ਦੇ ਅਗਲੇ ਪ੍ਰਧਾਨ ਮੰਤਰੀ ਦੇ ਐਲਾਨ ਲਈ ਪੁੱਠੀ ਗਿਣਤੀ ਸ਼ੁਰੂ ਹੋ ਗਈ ਹੈ। ਕੰਜ਼ਰਵੇਟਿਵ ਪਾਰਟੀ ਦਾ ਨਵਾਂ ਚੁਣਿਆ ਜਾਣ ਵਾਲਾ ਆਗੂ ਹੀ ਅਗਲਾ ਪ੍ਰਧਾਨ ਮੰਤਰੀ ਬਣੇਗਾ ਤੇ ਜੇਤੂ ਉਮੀਦਵਾਰ ਬਾਰੇ ਐਲਾਨ ਭਲਕੇ ਸਥਾਨਕ ਸਮੇਂ ਮੁਤਾਬਕ ਦੁਪਹਿਰੇ 12.30 ਵਜੇ ਕੀਤਾ ਜਾਵੇਗਾ। ਇਸੇ ਦੌਰਾਨ ਅਹੁਦੇ ਦੀ ਦੌੜ ’ਚ ਅੱਗੇ ਚੱਲ ਰਹੇ ਰਿਸ਼ੀ ਸੂਨਕ ਅਤੇ ਲਿਜ਼ ਟਰੱਸ ਨੇ ਅੱਜ ਊਰਜਾ ਸੰਕਟ ਨਾਲ ਨਜਿੱਠਣ ਦਾ ਅਹਿਦ ਕੀਤਾ ਹੈ। ਭਾਰਤੀ ਮੂਲ ਦੇ ਸਾਬਕਾ ਖ਼ਜ਼ਾਨਾ ਮੰਤਰੀ ਨੇ ਘੱਟ ਆਮਦਨ ਵਾਲੇ ਲੋਕਾਂ ਨੂੰ ਬਿਜਲੀ ਬਿੱਲਾਂ ਵਿਚ ਰਾਹਤ ਦੇਣ ਦਾ ਆਪਣਾ ਐਲਾਨ ਦੁਹਰਾਇਆ ਹੈ। ਜਦਕਿ ਵਿਦੇਸ਼ ਮੰਤਰੀ ਟਰੱਸ ਨੇ ਆਪਣੀਆਂ ਯੋਜਨਾਵਾਂ ਬਾਰੇ ਸਪੱਸ਼ਟ ਤੌਰ ਉਤੇ ਕੁਝ ਨਹੀਂ ਦੱਸਿਆ ਹੈ। ਉਨ੍ਹਾਂ ਕਿਹਾ ਕਿ ਚੁਣੇ ਜਾਣ ਦੀ ਸੂਰਤ ਵਿਚ ਉਹ ‘ਤੁਰੰਤ ਕਾਰਵਾਈ’ ਕਰੇਗੀ। ਜ਼ਿਕਰਯੋਗ ਹੈ ਕਿ ਰੂਸ-ਯੂਕਰੇਨ ਜੰਗ ਕਾਰਨ ਬਰਤਾਨੀਆ ’ਚ ਮਹਿੰਗਾਈ ਵਧੀ ਹੋਈ ਹੈ। ਬਿਜਲੀ ਤੇ ਹੋਰ ਕੀਮਤਾਂ ਵਧਣ ਕਾਰਨ ਲੋਕ ਔਖ ਮਹਿਸੂਸ ਕਰ ਰਹੇ ਹਨ। ਬੋਰਿਸ ਜੌਹਨਸਨ ਦੀ ਥਾਂ ਲੈਣ ਵਾਲੇ ਉਮੀਦਵਾਰਾਂ ਨੇ ਇਸ ਮੁੱਦੇ ਨੂੰ ਚੋਣ ਮੁਹਿੰਮ ਦੌਰਾਨ ਕਾਫ਼ੀ ਛੂਹਿਆ ਹੈ। ਸੂਨਕ ਨੇ ਬੀਬੀਸੀ ਨਾਲ ਇਕ ਇੰਟਰਵਿਊ ਵਿਚ ਕਿਹਾ ਕਿ ਮੁਲਕ ਅੱਗੇ ਇਹ ਮੁੱਦਾ ਵੱਡੀ ਚੁਣੌਤੀ ਬਣ ਗਿਆ ਹੈ। 

ਸੂਨਕ ਨੇ ਨਾਲ ਹੀ ਕਿਹਾ ਕਿ ਉਨ੍ਹਾਂ ਕੋਲ ਇਸ ਦੇ ਹੱਲ ਲਈ ਸਪੱਸ਼ਟ ਯੋਜਨਾ ਹੈ। ਉਨ੍ਹਾਂ ਕਿਹਾ ਕਿ ਉਹ ਸਿੱਧੇ ਤੌਰ ’ਤੇ ਵਿੱਤੀ ਸਹਾਇਤਾ ਦੇਣਗੇ। ਜ਼ਿਕਰਯੋਗ ਹੈ ਕਿ ਜ਼ਿਆਦਾਤਰ ਸਰਵੇਖਣਾਂ ਵਿਚ ਟਰੱਸ (47) ਦੇ ਪ੍ਰਧਾਨ ਮੰਤਰੀ ਬਣਨ ਦੀ ਪੇਸ਼ੀਨਗੋਈ ਕੀਤੀ ਗਈ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਮਾਰਗਰੇਟ ਥੈਚਰ ਤੇ ਟੈਰੇਜ਼ਾ ਮੇਅ ਤੋਂ ਬਾਅਦ ਉਹ ਤੀਜੀ ਮਹਿਲਾ ਪ੍ਰਧਾਨ ਮੰਤਰੀ ਹੋਵੇਗੀ। ਵੇਰਵਿਆਂ ਮੁਤਾਬਕ ਪਾਰਟੀ ਦੇ 1,60,000 ਮੈਂਬਰਾਂ ਨੇ ਆਪਣਾ ਅਗਲਾ ਆਗੂ ਚੁਣਨ ਲਈ ਵੋਟ ਪਾਈ ਹੈ। ਟੋਰੀ ਪਾਰਟੀ ਦਾ ਨਵਾਂ ਆਗੂ ਭਲਕੇ ਚੋਣ ਤੋਂ ਬਾਅਦ ਧੰਨਵਾਦੀ ਭਾਸ਼ਣ ਦੇਵੇਗਾ। ਇਸ ਤੋਂ ਬਾਅਦ ਕੈਬਨਿਟ ਅਹੁਦਿਆਂ ਬਾਰੇ ਵਿਚਾਰ-ਚਰਚਾ ਹੋਵੇਗੀ। -ਪੀਟੀਆਈ 

ਮਹਾਰਾਣੀ ਨੂੰ ਭਲਕੇ ਅਸਤੀਫ਼ਾ ਸੌਂਪਣਗੇ ਜੌਹਨਸਨ

ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਮੰਗਲਵਾਰ ਨੂੰ ਵਿਦਾਇਗੀ ਭਾਸ਼ਣ ਦੇਣਗੇ। ਇਸ ਤੋਂ ਬਾਅਦ ਉਹ ਸਕਾਟਲੈਂਡ ਜਾਣਗੇ ਤੇ ਮਹਾਰਾਣੀ ਨੂੰ ਅਸਤੀਫ਼ਾ ਸੌਂਪਣਗੇ। ਇਸ ਤੋਂ ਕੁਝ ਘੰਟਿਆਂ ਬਾਅਦ ਨਵਾਂ ਚੁਣਿਆ ਗਿਆ ਆਗੂ ਮਹਾਰਾਣੀ ਨੂੰ ਮਿਲਣ ਸਕਾਟਲੈਂਡ ਜਾਵੇਗਾ। ਮਹਾਰਾਣੀ ਐਲਿਜ਼ਾਬੈੱਥ ਆਪਣੀ ‘ਬਾਲਮੋਰਲ ਕੈਸਲ’ ਰਿਹਾਇਸ਼ ’ਤੇ ਨਵੇਂ ਪ੍ਰਧਾਨ ਮੰਤਰੀ ਨੂੰ ਰਸਮੀ ਤੌਰ ’ਤੇ ਨਿਯੁਕਤ ਕਰੇਗੀ। ਪਹਿਲੀ ਵਾਰ ਪ੍ਰਧਾਨ ਮੰਤਰੀ ਦੀ ਨਿਯੁਕਤੀ ਇੰਗਲੈਂਡ ਤੋਂ ਬਾਹਰ ਕਿਸੇ ਥਾਂ ਉਤੇ ਹੋਵੇਗੀ। ਪਹਿਲਾਂ ਜ਼ਿਆਦਾਤਰ ਇਹ ਬਕਿੰਘਮ ਪੈਲੇਸ ਵਿਚ ਹੁੰਦੀ ਰਹੀ ਹੈ।

Add a Comment

Your email address will not be published. Required fields are marked *