4 ਮਹੀਨਿਆਂ ’ਚ ਰਣਦੀਪ ਹੁੱਡਾ ਨੇ ਘਟਾਇਆ 26 ਕਿਲੋ ਭਾਰ

ਮੁੰਬਈ – ਬਾਲੀਵੁੱਡ ਜਗਤ ’ਚ ਐਤਵਾਰ ਤੋਂ ਇਕ ਫ਼ਿਲਮ ਦਾ ਟੀਜ਼ਰ ਛਾਇਆ ਹੋਇਆ ਹੈ, ਜਿਸ ਨੂੰ ਦਰਸ਼ਕਾਂ ਦਾ ਚੰਗਾ ਹੁੰਗਾਰਾ ਮਿਲ ਰਿਹਾ ਹੈ। ਅਸੀਂ ਗੱਲ ਕਰ ਰਹੇ ਹਾਂ ਫ਼ਿਲਮ ‘ਸਵਤੰਤਰ ਵੀਰ ਸਾਵਰਕਰ’ ਦੀ। ਇਸ ਜੀਵਨੀ ਨਾਟਕ ’ਚ ਰਣਦੀਪ ਹੁੱਡਾ ਮੁੱਖ ਭੂਮਿਕਾ ਨਿਭਾਅ ਰਹੇ ਹਨ। ਫ਼ਿਲਮ ਦੇ ਟੀਜ਼ਰ ਦੇ ਨਾਲ ਹੀ ਰਣਦੀਪ ਦਾ ਲੁੱਕ ਵੀ ਸੋਸ਼ਲ ਮੀਡੀਆ ’ਤੇ ਕਾਫੀ ਵਾਇਰਲ ਹੋ ਰਿਹਾ ਹੈ। ਉਹ ਬਿਲਕੁਲ ਵਿਨਾਇਕ ਦਾਮੋਦਰ ਸਾਵਰਕਰ ਵਰਗੇ ਦਿਖਾਈ ਦਿੰਦੇ ਹਨ ਤੇ ਉਨ੍ਹਾਂ ਨੂੰ ਦੇਖ ਕੇ ਲੋਕ ਹੈਰਾਨ ਹਨ ਕਿ ਰਣਦੀਪ ਆਪਣੇ ਆਪ ਨੂੰ ਇਸ ਕਿਰਦਾਰ ਦੇ ਮੁਤਾਬਕ ਕਿਵੇਂ ਢਾਲਦੇ ਹਨ। ਇਸ ਪਰਫੈਕਟ ਲੁੱਕ ਦੇ ਪਿੱਛੇ ਰਣਦੀਪ ਦੀ ਸਖ਼ਤ ਮਿਹਨਤ ਛੁਪੀ ਹੋਈ ਹੈ ਤੇ ਇਸ ਦੇ ਲਈ ਉਨ੍ਹਾਂ ਨੇ 4 ਮਹੀਨਿਆਂ ਤੱਕ ਸਖ਼ਤ ਡਾਈਟ ਪਲਾਨ ਫਾਲੋਅ ਕੀਤਾ।

ਰਣਦੀਪ ਹੁੱਡਾ ਦਾ ਜਨਮ 20 ਅਗਸਤ, 1976 ਨੂੰ ਰੋਹਤਕ ’ਚ ਹੋਇਆ ਸੀ। ਮਾਡਲਿੰਗ ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੇ 46 ਸਾਲਾ ਅਦਾਕਾਰ ਨੇ ਆਪਣੇ ਹਰ ਕਿਰਦਾਰ ਨਾਲ ਹੈਰਾਨ ਕਰ ਦਿੱਤਾ। ਉਹ ਆਪਣੇ ਕਿਰਦਾਰਾਂ ਦੀ ਰੂਹ ਨੂੰ ਫੜਨ ਦੀ ਕੋਸ਼ਿਸ਼ ਕਰਦੇ ਹਨ ਤੇ ਲੁੱਕ ’ਤੇ ਵੀ ਕਾਫੀ ਕੰਮ ਕਰਦੇ ਹਨ। ਇਸ ਤੋਂ ਪਹਿਲਾਂ ਰਣਦੀਪ ਨੇ ਐਸ਼ਵਰਿਆ ਰਾਏ ਬੱਚਨ ਨਾਲ ਫ਼ਿਲਮ ‘ਸਰਬਜੀਤ’ ਲਈ ਆਪਣਾ ਭਾਰ ਘਟਾ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਸੀ। ਹੁਣ ਇਕ ਵਾਰ ਫਿਰ ਉਹ ਸਾਵਰਕਰ ਦੇ ਲੁੱਕ ਨਾਲ ਸਾਰਿਆਂ ਨੂੰ ਪ੍ਰਭਾਵਿਤ ਕਰ ਰਹੇ ਹਨ।

1 ਖਜੂਰ ਤੇ 1 ਗਲਾਸ ਦੁੱਧ
ਕਿਸੇ ਵੀ ਅਦਾਕਾਰ ਲਈ ਕਿਰਦਾਰ ’ਚ ਆਉਣਾ ਆਸਾਨ ਨਹੀਂ ਹੁੰਦਾ। ਖ਼ਾਸ ਤੌਰ ’ਤੇ ਜਦੋਂ ਰੋਲ ਦੇ ਹਿਸਾਬ ਨਾਲ ਭਾਰ ਜ਼ਿਆਦਾ ਘੱਟ ਕਰਨਾ ਹੁੰਦਾ ਹੈ ਤਾਂ ਇਸ ਪਿੱਛੇ ਕਾਫੀ ਮਿਹਨਤ ਕਰਨੀ ਪੈਂਦੀ ਹੈ। ਫ਼ਿਲਮ ਦੇ ਟੀਜ਼ਰ ਰਿਲੀਜ਼ ਤੋਂ ਬਾਅਦ ਈ-ਟਾਈਮਜ਼ ਨੇ ਨਿਰਮਾਤਾ ਆਨੰਦ ਪੰਡਿਤ ਨਾਲ ਗੱਲਬਾਤ ਕੀਤੀ। ਇਸ ਦੌਰਾਨ ਆਨੰਦ ਨੇ ਦੱਸਿਆ ਕਿ ਕਿਸ ਤਰ੍ਹਾਂ ਰਣਦੀਪ ਨੇ 4 ਮਹੀਨਿਆਂ ’ਚ ਭਾਰ ਘਟਾਇਆ। ਆਨੰਦ ਨੇ ਕਿਹਾ, ‘‘ਜਦੋਂ ਰਣਦੀਪ ਫ਼ਿਲਮ ਦੇ ਸਿਲਸਿਲੇ ’ਚ ਮੇਰੇ ਕੋਲ ਆਏ ਤਾਂ ਉਨ੍ਹਾਂ ਦਾ ਭਾਰ 86 ਕਿਲੋ ਸੀ। ਅਜਿਹੇ ’ਚ ਰਣਦੀਪ ਆਪਣੇ ਕਿਰਦਾਰ ’ਚ ਆਉਣ ਲਈ ਆਪਣੀ ਪੂਰੀ ਜ਼ਿੰਦਗੀ ਲਗਾ ਦਿੰਦੇ ਹਨ। ਉਸ ਨੇ ਸ਼ੂਟਿੰਗ ਖ਼ਤਮ ਹੋਣ ਤੱਕ 4 ਮਹੀਨੇ ਤੱਕ ਸਿਰਫ 1 ਖਜੂਰ ਤੇ 1 ਗਲਾਸ ਦੁੱਧ ਲਿਆ। ਰਣਦੀਪ ਨੇ ਆਪਣਾ ਭਾਰ 26 ਕਿਲੋ ਘਟਾਇਆ ਹੈ। ਇੰਨਾ ਹੀ ਨਹੀਂ, ਰਣਦੀਪ ਨੇ ਸਾਵਰਕਰ ਦੀ ਦਿੱਖ ਪਾਉਣ ਲਈ ਆਪਣੇ ਵਾਲ ਵੀ ਮੁੰਨਵਾਏ, ਜਿਵੇਂ ਸਾਵਰਕਰ ਦੇ ਸਨ।

ਰਣਦੀਪ ਨੇ ਫ਼ਿਲਮ ਲਈ ਕਿਸੇ ਵੀ ਤਰ੍ਹਾਂ ਦੇ ਪ੍ਰੋਸਥੈਟਿਕ ਮੇਕਅੱਪ ਦੀ ਵਰਤੋਂ ਨਹੀਂ ਕੀਤੀ। ਰਣਦੀਪ ਨੇ ਫ਼ਿਲਮ ਲਈ ਵੀਰ ਸਾਵਰਕਰ ਦੇ ਪੋਤੇ ਤੋਂ ਇਜਾਜ਼ਤ ਲਈ ਸੀ। ਫ਼ਿਲਮ ਦੀ ਸ਼ੂਟਿੰਗ ਮਹਾਬਲੇਸ਼ਵਰ ਨੇੜੇ ਇਕ ਪਿੰਡ ’ਚ ਕੀਤੀ ਗਈ ਹੈ। ਫ਼ਿਲਮ ’ਚ ਅੰਕਿਤਾ ਲੋਖੰਡੇ ਵੀ ਅਹਿਮ ਭੂਮਿਕਾ ’ਚ ਨਜ਼ਰ ਆਵੇਗੀ। ਫ਼ਿਲਮ ਦਾ ਨਿਰਦੇਸ਼ਨ ਮਹੇਸ਼ ਮਾਂਜਰੇਕਰ ਨੇ ਕੀਤਾ ਹੈ ਤੇ ਰਿਸ਼ੀ ਵਿਰਮਾਨੀ ਨੇ ਇਸ ਨੂੰ ਲਿਖਿਆ ਹੈ।

Add a Comment

Your email address will not be published. Required fields are marked *