ਆਸਟ੍ਰੇਲੀਆਈ ਯੂਨੀਵਰਸਿਟੀਆਂ ਦਾ ਯੂ-ਟਰਨ, ਪੰਜਾਬੀ ਵਿਦਿਆਰਥੀਆਂ ਲਈ ਆਈ ਚੰਗੀ ਖ਼ਬਰ

ਆਸਟ੍ਰੇਲੀਆ ਵਿਚ ਪੜ੍ਹਾਈ ਕਰਨ ਦੇ ਚਾਹਵਾਨ ਵਿਦਿਆਰਥੀਆਂ ਲਈ ਚੰਗੀ ਖ਼ਬਰ ਹੈ। ਖ਼ਬਰ ਮੁਤਾਬਕ ਆਸਟ੍ਰੇਲੀਆ ਦੀਆਂ ਦੋ ਯੂਨੀਵਰਸਿਟੀਆਂ ਨੇ ਪੰਜਾਬ, ਹਰਿਆਣਾ ਸਮੇਤ ਛੇ ਰਾਜਾਂ ਦੇ ਵਿਦਿਆਰਥੀਆਂ ਦੇ ਦਾਖ਼ਲੇ ‘ਤੇ ਪਾਬੰਦੀ ਲਗਾਉਣ ਦੇ ਮਾਮਲੇ ‘ਚ ਯੂ-ਟਰਨ ਲੈ ਲਿਆ ਹੈ। ਹੁਣ ਆਸਟ੍ਰੇਲੀਆ ਦੀਆਂ ਮਿਆਰੀ ਯੂਨੀਵਰਸਿਟੀਆਂ ਵਿਚ ਦਾਖਲਾ ਲੈਣ ਦੀ ਤਿਆਰੀ ਕਰ ਰਹੇ ਵਿਦਿਆਰਥੀਆਂ ਲਈ ਉਮੀਦ ਦੀ ਕਿਰਨ ਦਿਖਾਈ ਦਿੱਤੀ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਆਸਟ੍ਰੇਲੀਆ ਦੌਰੇ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਾਲੇ ਸਕਾਰਾਤਮਕ ਮਾਹੌਲ ਬਣਨਾ ਸ਼ੁਰੂ ਹੋ ਗਿਆ ਹੈ। ਇਹੀ ਕਾਰਨ ਹੈ ਕਿ ਜਿਨ੍ਹਾਂ 7 ਯੂਨੀਵਰਸਿਟੀਆਂ ‘ਤੇ ਪਾਬੰਦੀ ਲਗਾਈ ਗਈ ਸੀ, ਉਨ੍ਹਾਂ ‘ਚੋਂ ਇਕ ‘ਚ ਦਾਖਲੇ ਸ਼ੁਰੂ ਹੋ ਗਏ ਹਨ ਅਤੇ ਦੂਜੀ ਯੂਨੀਵਰਸਿਟੀ ਨੇ ਆਪਣੇ ਅਧਿਕਾਰਤ ਏਜੰਟਾਂ ਨੂੰ 1 ਜੂਨ ਤੋਂ ਦਾਖਲਿਆਂ ਦੀ ਸੂਚਨਾ ਦੇ ਦਿੱਤੀ ਹੈ, ਜਿਸ ਨਾਲ ਵਿਦੇਸ਼ਾਂ ਵਿੱਚ ਪੜ੍ਹਾਈ ਅਤੇ ਸਿੱਖਿਆ ਦੇ ਖੇਤਰ ਵਿੱਚ ਖੁਸ਼ੀ ਦੀ ਲਹਿਰ ਦਿਖਾਈ ਦੇਣ ਲੱਗੀ ਹੈ।

ਆਸਟ੍ਰੇਲੀਆ ‘ਚ ਭਾਰਤੀ ਵਿਦਿਆਰਥੀਆਂ ‘ਤੇ ਪਾਬੰਦੀ ਲਗਾਉਣ ਦਾ ਮਾਮਲਾ ਉਦੋਂ ਗਰਮਾ ਗਿਆ ਸੀ ਜਦੋਂ ਪ੍ਰਧਾਨ ਮੰਤਰੀ ਮੋਦੀ ਦੋ ਦਿਨਾਂ ਦੌਰੇ ਤੋਂ ਬਾਅਦ ਬੁੱਧਵਾਰ ਨੂੰ ਹੀ ਆਸਟ੍ਰੇਲੀਆ ਤੋਂ ਪਰਤੇ ਸਨ। ਸਿਡਨੀ ਵਿੱਚ 20,000 ਲੋਕਾਂ ਨੂੰ ਸੰਬੋਧਨ ਕਰਦੇ ਹੋਏ ਪੀ.ਐੱਮ ਮੋਦੀ ਨੇ ਕਿਹਾ ਸੀ ਕਿ ਵਿਦਿਆਰਥੀ ਦੋਵੇਂ ਦੇਸ਼ਾਂ ਨੂੰ ਨੇੜੇ ਲਿਆ ਰਹੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਇਕ-ਦੂਜੇ ਦੀਆਂ ਡਿਗਰੀਆਂ ਨੂੰ ਮਾਨਤਾ ਦੇਣ ‘ਤੇ ਗੱਲਬਾਤ ਅੱਗੇ ਵਧੀ ਹੈ, ਪਰ ਆਸਟ੍ਰੇਲੀਆ ਦੀਆਂ ਦੋ ਯੂਨੀਵਰਸਿਟੀਆਂ ਨੇ ਇਸ ‘ਤੇ ਹੋਰ ਪਾਬੰਦੀ ਲਗਾ ਦਿੱਤੀ ਹੈ, ਜਿਸ ਨਾਲ ਸਿੱਖਿਆ ਉਦਯੋਗ ਤੋਂ ਬਾਹਰਲੇ ਲੋਕਾਂ ਦਾ ਆਸਟ੍ਰੇਲੀਆ ਜਾਣਾ ਮੁਸ਼ਕਲ ਹੋ ਗਿਆ ਹੈ। ਇਸ ਨਾਲ ਤਿਆਰੀ ਕਰ ਰਹੇ ਵਿਦਿਆਰਥੀਆਂ ‘ਤੇ ਜਾਣ ਸਬੰਧੀ ਸੰਕਟ ਪੈਦਾ ਹੋ ਗਿਆ ਸੀ। 

ਤਿੰਨ ਦਿਨ ਪਹਿਲਾਂ ਦੋ ਵੱਡੀਆਂ ਆਸਟ੍ਰੇਲੀਆ ਸੰਸਥਾਵਾਂ ਵਿਕਟੋਰੀਆ ਤੋਂ ਫੈਡਰੈਸ਼ਨ ਯੂਨੀਵਰਸਿਟੀ ਅਤੇ ਨਿਊ ਸਾਊਥ ਵੇਲਜ਼ ਵਿਚ ਵੈਸਟਰਨ ਸਿਡਨੀ ਯੂਨੀਵਰਸਿਟੀ ਨੇ ਫਰਜ਼ੀ ਵੀਜ਼ਾ ਬਿਨੈਕਾਰਾਂ ਦੀ ਗਿਣਤੀ ਵਿਚ ਵਾਧੇ ਵਿਚਕਾਰ ਭਾਰਤ ਦੇ ਕੁਝ ਸੂਬਿਆਂ ਤੋਂ ਵਿਦਿਆਰਥੀਆਂ ਦੇ ਦਾਖਲੇ ‘ਤੇ ਰੋਕ ਲਗਾਉਣ ਦਾ ਫ਼ੈਸਲਾ ਕੀਤਾ ਸੀ। ਤਾਜ਼ਾ ਜਾਣਕਾਰੀ ਮੁਤਾਬਕ ਇਕ ਜੂਨ ਤੋਂ ਪੰਜਾਬ, ਹਰਿਆਣਾ, ਗੁਜਰਾਤ ਦੇ ਵਿਦਿਆਰਥੀਆਂ ਲਈ ਦਾਖਲਾ ਪ੍ਰਕਿਰਿਆ ਸ਼ੁਰੂ ਕਰਨ ਲਈ ਕਿਹਾ ਗਿਆ ਹੈ। ਦੋਵਾਂ ਯੂਨੀਵਰਸਿਟੀਆਂ ਵੱਲੋਂ ਅਧਿਕਾਰਤ ਤੌਰ ‘ਤੇ ਸੰਦੇਸ਼ ਭੇਜਿਆ ਗਿਆ ਹੈ। ਗੌਰਤਲਬ ਹੈ ਕਿ ਯੂਨੀਵਰਸਿਟੀਆਂ ਵੱਲੋਂ ਲਿਆ ਗਿਆ ਇਹ ਫ਼ੈਸਲਾ ਇਕ ਸਕਰਾਤਮਕ ਕਦਮ ਹੈ ਜਿਸ ਨਾਲ ਦੋਵਾਂ ਦੇਸ਼ਾਂ ਵਿਚਾਲੇ ਸੰਬੰਧ ਮਜ਼ਬੂਤ ਹੋਣਗੇ।

Add a Comment

Your email address will not be published. Required fields are marked *