IPL 2023 : ਮੀਂਹ ਕਾਰਨ ਅੱਜ ਨਹੀਂ ਹੋਵੇਗਾ ਫਾਈਨਲ, ਚੈਂਪੀਅਨ ਲਈ ਕਰਨੀ ਪਵੇਗੀ ਹੋਰ ਉਡੀਕ

ਭਾਰੀ ਮੀਂਹ ਕਾਰਨ ਚੇਨਈ ਸੁਪਰ ਕਿੰਗਜ਼ ਤੇ ਗੁਜਰਾਤ ਟਾਈਟਨਸ ਵਿਚਾਲੇ ਇੰਡੀਅਨ ਪ੍ਰੀਮੀਅਰ ਲੀਗ-2023 ਦਾ ਫਾਈਨਲ ਹੁਣ ‘ਰਿਜ਼ਰਵ ਡੇ’ ਸੋਮਵਾਰ ਨੂੰ ਇਥੇ ਨਰਿੰਦਰ ਮੋਦੀ ਸਟੇਡੀਅਮ ਵਿਚ ਖੇਡਿਆ ਜਾਵੇਗਾ। ਇਹ ਐਲਾਨ ਸਥਾਨਕ ਸਮੇਂ ਅਨੁਸਾਰ ਰਾਤ 10:55 ਕੀਤਾ ਗਿਆ। ਮੌਸਮ ਵਿਭਾਗ ਨੇ ਪਹਿਲਾਂ ਹੀ ਐਤਵਾਰ ਨੂੰ ਮੀਂਹ ਦੀ ਭਵਿੱਖਬਾਣੀ ਕੀਤੀ ਸੀ ਤੇ ਭਾਰੀ ਗਿਣਤੀ ਵਿਚ ਇਥੇ ਪਹੁੰਚੇ ਦਰਸ਼ਕਾਂ ਨੂੰ ਖ਼ਰਾਬ ਮੌਸਮ ਕਾਰਨ ਨਿਰਾਸ਼ਾ ਹੱਥ ਲੱਗੀ।

ਟਾਸ ਦੇ ਸਮੇਂ ਤੋਂ ਅੱਧਾ ਘੰਟਾ ਪਹਿਲਾਂ ਅਰਥਾਤ ਸਾਢੇ 6 ਵਜੇ ਤੋਂ ਹੀ ਮੀਂਹ ਸ਼ੁਰੂ ਹੋ ਗਿਆ ਸੀ ਤੇ ਅਗਲੇ ਢਾਈ ਘੰਟਿਆਂ ਵਿਚ ਰੁਕ-ਰੁਕ ਪੈਂਦਾ ਰਿਹਾ। ਮੀਂਹ ਰਾਤ 9 ਵਜੇ ਰੁਕਿਆ ਤਾਂ ਕਵਰ ਹਟਾ ਲਏ ਗਏ, ਜਦਕਿ 8.30 ਤੋਂ ਦੋ ਸੁਪਰ ਸੋਪਰ ਵੀ ਕੰਮ ਕਰ ਰਹੇ ਸਨ। ਇਸ ਤੋਂ ਬਾਅਦ ਹਾਲਾਂਕਿ ਫਿਰ ਭਾਰੀ ਮੀਂਹ ਆਉਣ ਨਾਲ ਮੈਦਾਨ ਕਰਮਚਾਰੀਆਂ ਨੂੰ ਫਿਰ ਕਵਰ ਵਿਛਾਉਣੇ ਪਏ ਤੇ ਵਾਰਮਅੱਪ ਲਈ ਉੱਤਰੇ ਖਿਡਾਰੀਆਂ ਨੂੰ ਬਾਹਰ ਜਾਣਾ ਪਿਆ। ਆਊਟਫੀਲਡ ਦੇ ਜਿਨ੍ਹਾਂ ਹਿੱਸਿਆਂ ’ਤੇ ਕਵਰ ਨਹੀਂ ਸੀ, ਉੱਥੇ ਪਾਣੀ ਇਕੱਠਾ ਹੋ ਗਿਆ ਸੀ।

ਮੀਂਹ ਰੁਕਣ ’ਤੇ ਵੀ ਉਸ ਨੂੰ ਸੁਕਾਉਣ ਵਿਚ ਇਕ ਘੰਟੇ ਤੋਂ ਵੱਧ ਦਾ ਸਮਾਂ ਲੱਗਦਾ। ਆਈ. ਪੀ. ਐੱਲ. ਦੇ ਨਿਯਮਾਂ ਅਨੁਸਾਰ ਜੇਕਰ ਮੈਚ ਕੱਟ ਆਫ ਸਮਾਂ ਅਰਥਾਤ 12 ਵੱਜ ਕੇ 6 ਮਿੰਟ ’ਤੇ ਵੀ ਸ਼ੁਰੂ ਨਹੀਂ ਹੁੰਦਾ ਤਾਂ ਫਾਈਨਲ ਲਈ ਇਕ ‘ਰਿਜ਼ਰਵ ਡੇ’ ਹੁੰਦਾ ਹੈ। ਕੱਟ ਆਫ ਸਮੇਂ ਦੇ ਅੰਦਰ ਸ਼ੁਰੂ ਹੋਣ ’ਤੇ ਪ੍ਰਤੀ ਟੀਮ ਪੰਜ ਓਵਰ ਦਾ ਮੈਚ ਹੁੰਦਾ।

ਸੋਮਵਾਰ ਨੂੰ ਮੀਂਹ ਦੀ ਭਵਿੱਖਬਾਣੀ ਨਹੀਂ ਹੈ, ਜਿਸ ਨਾਲ ਪੂਰੇ 20 ਓਵਰ ਦਾ ਮੈਚ ਹੋਣ ਦੀ ਉਮੀਦ ਹੈ। ਨਿਯਮਾਂ ਅਨੁਸਾਰ ਜੇਕਰ ਦੋਵੇਂ ਦਿਨ ਫਾਈਨਲ ਨਹੀਂ ਹੁੰਦਾ ਤਾਂ ਲੀਗ ਗੇੜ ਦੇ ਅੰਤ ਵਿਚ ਅੰਕ ਸੂਚੀ ’ਤੇ ਉੱਪਰ ਰਹਿਣ ਵਾਲੀ ਟੀਮ ਆਈ. ਪੀ. ਐੱਲ. ਖਿਤਾਬ ਜਿੱਤ ਲਵੇਗੀ। ਲੀਗ ਗੇੜ ਦੀ ਸਮਾਪਤੀ ਤੋਂ ਬਾਅਦ ਗੁਜਰਾਤ 10 ਜਿੱਤਾਂ ਤੇ 4 ਹਾਰ ਸਮੇਤ 20 ਅੰਕਾਂ ਨਾਲ ਚੋਟੀ ’ਤੇ ਸੀ, ਜਦਕਿ ਚੇਨਈ 8 ਜਿੱਤਾਂ, 5 ਹਾਰ ਤੇ ਇਕ ਡਰਾਅ ਸਮੇਤ 17 ਅੰਕ ਹਾਸਲ ਕਰਕੇ ਦੂਜੇ ਸਥਾਨ ’ਤੇ ਸੀ।

Add a Comment

Your email address will not be published. Required fields are marked *