ਦਿੱਲੀ ਪੁਲਸ ਨੇ ਪ੍ਰਦਰਸ਼ਨਕਾਰੀ ਪਹਿਲਵਾਨਾਂ ‘ਤੇ ਦਰਜ ਕੀਤੀ FIR

ਨਵੀਂ ਦਿੱਲੀ: ਪਹਿਲਵਾਨਾਂ ਵੱਲੋਂ ਭਾਰਤੀ ਕੁਸ਼ਤੀ ਸੰਘ ਦੇ ਸਾਬਕਾ ਮੁਖੀ ਬ੍ਰਿਜ ਭੂਸ਼ਣ ਸ਼ਰਨ ਸਿੰਘ ਖ਼ਿਲਾਫ਼ ਜਿਣਸੀ ਸ਼ੋਸ਼ਣ ਦੇ ਦੋਸ਼ ਲਗਾਏ ਗਏ ਹਨ। ਇਸ ਮਾਮਲੇ ਵਿਚ ਬ੍ਰਿਜਭੂਸ਼ਣ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਪਹਿਲਵਾਨਾਂ ਵੱਲੋਂ ਤਕਰੀਬਨ ਇਕ ਮਹੀਨੇ ਤੋਂ ਜੰਤਰ-ਮੰਤਰ ‘ਤੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਅੱਜ ਪਹਿਲਵਾਨਾਂ ਵੱਲੋਂ ਨਵੇਂ ਸੰਸਦ ਭਵਨ ਦੇ ਬਾਹਰ ਮਹਾਪੰਚਾਇਤ ਕਰਨ ਦਾ ਐਲਾਨ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਹੀ ਪੁਲਸ ਵੱਲੋਂ ਪਹਿਲਵਾਨਾਂ ਨੂੰ ਹਿਰਾਸਤ ਵਿਚ ਲੈ ਲਿਆ ਗਿਆ। ਹੁਣ ਦਿੱਲੀ ਪੁਲਸ ਵੱਲੋਂ ਉਨ੍ਹਾਂ ਖ਼ਿਲਾਫ਼ FIR ਦਰਜ ਕਰ ਲਈ ਗਈ ਹੈ। 

ਪ੍ਰਦਰਸ਼ਨਕਾਰੀ ਪਹਿਲਵਾਨਾਂ ਨਾਲ ਹੋਈ ਝੜਪ ਤੋਂ ਬਾਅਦ ਦਿੱਲੀ ਪੁਲਸ ਨੇ ਕਿਹਾ ਹੈ ਕਿ ਜੰਤਰ-ਮੰਤਰ ‘ਤੇ ਐਤਵਾਰ ਨੂੰ ਹੋਈ ਘਟਨਾ ਦੇ ਮਾਮਲੇ ‘ਚ ਪ੍ਰਦਰਸ਼ਨ ਦੇ ਪ੍ਰਬੰਧਕਾਂ ਤੇ ਹੋਰਨਾਂ ਖ਼ਿਲਾਫ਼ FIR ਦਰਜ ਕਰ ਲਈ ਗਈ ਹੈ। ਦੱਸ ਦੇਈਏ ਕਿ ਓਲੰਪੀਅਨ ਪਹਿਲਵਾਨ ਪੁਨੀਆ, ਮਲਿਕ ਤੇ ਫੋਗਾਟ ਨੂੰ ਹਿਰਾਸਤ ਵਿਚ ਲੈ ਕੇ ਵੱਖ-ਵੱਖ ਥਾਵਾਂ ‘ਤੇ ਲਿਜਾਇਆ ਗਿਆ ਸੀ। 

ਇਸ ਸਬੰਧੀ ਵਧੇਰੇ ਜਾਣਕਾਰੀ ਸਾਂਝੀ ਕਰਦਿਆਂ ਦਿੱਲੀ ਪੁਲਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਮਾਮਲੇ ਵਿਚ ਕੁੱਲ੍ਹ 700 ਲੋਕਾਂ ਨੂੰ ਹਿਰਾਸਤ ਵਿਚ ਲਿਆ ਗਿਆ ਸੀ। ਇਨ੍ਹਾਂ ‘ਚੋਂ 109 ਨੂੰ ਜੰਤਰ-ਮੰਤਰ ਤੋਂ ਤੇ ਬਾਕੀਆਂ ਨੂੰ ਹੋਰ ਥਾਵਾਂ ਤੋਂ ਹਿਰਾਸਤ ਵਿਚ ਲਿਆ ਗਿਆ ਸੀ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿਚ ਪ੍ਰਦਰਸ਼ਨ ਦੇ ਪ੍ਰਬੰਧਕਾਂ ਸਾਕਸ਼ੀ ਮਲਿਕ, ਬਜਰੰਗ ਪੁਨੀਆ ਤੇ ਵਿਨੇਸ਼ ਫੋਗਾਟ ਦੇ ਖ਼ਿਲਾਫ਼ FIR ਦਰਜ ਕਰ ਲਈ ਗਈ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਖ਼ਿਲਾਫ਼ ਪਾਰਲੀਮੈਂਟ ਸਟਰੀਟ ਪੁਲਸ ਥਾਣੇ ਵਿਚ ਆਈ.ਪੀ.ਸੀ. ਦੀ ਧਾਰਾ 188, 186, 353, 332, 352, 147 ਅਤੇ ਪ੍ਰਿਵੈਂਸ਼ਨ ਆਫ਼ ਡੈਮੇਜ ਟੂ ਪਬਲਿਕ ਪ੍ਰਾਪਰਟੀ ਐਕਟ ਦੀ ਧਾਰਾ 3 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। 

ਪੁਲਸ ਵੱਲੋਂ ਸਾਕਸ਼ੀ ਮਲਿਕ, ਵਿਨੇਸ਼ ਫੋਗਾਟ ਤੇ ਸੰਗੀਤਾ ਫੋਗਾਟ ਸਣੇ ਸਾਰੀਆਂ ਮਹਿਲਾ ਪਹਿਲਵਾਨਾਂ ਨੂੰ ਐਤਵਾਰ ਦੇਰ ਸ਼ਾਮ ਨੂੰ ਛੱਡ ਦਿੱਤਾ ਗਿਆ। ਪੁਲਸ ਮੁਤਾਬਕ ਜਨਪਥ ਤੋਂ ਹਿਰਾਸਤ ਵਿਚ ਲਏ ਗਏ 14 ਪ੍ਰਦਰਸ਼ਨਕਾਰੀਆਂ ਨੂੰ ਰਾਤ 10 ਵਜੇ ਨਜ਼ਫਗੜ੍ਹ ਤੋਂ ਅਤੇ ਪਲਮ ਖਾਪ ਦੇ ਪ੍ਰਧਾਨ ਸੁਰਿੰਦਰ ਸੋਲੰਕੀ ਸਣੇ 16 ਪ੍ਰਦਰਸ਼ਨਕਾਰੀਆਂ ਨੂੰ ਰਾਤ 10.30 ਵਜੇ ਦੇ ਕਰੀਬ ਵਸੰਤ ਵਿਹਾਰ ਪੁਲਸ ਥਾਣੇ ਤੋਂ ਛੱਡਿਆ ਗਿਆ।

Add a Comment

Your email address will not be published. Required fields are marked *