ਡੇਢ ਮਹੀਨੇ ਪਹਿਲਾਂ ਚਾਵਾਂ ਨਾਲ ਕੈਨੇਡਾ ਭੇਜੀ ਨੌਜਵਾਨ ਧੀ ਨਾਲ ਵਾਪਰ ਗਿਆ ਭਾਣਾ

ਬਨੂੜ : ਬਨੂੜ ਦੇ ਵਾਰਡ ਨੰਬਰ 8 ਦੀ ਵਸਨੀਕ 23 ਸਾਲਾ ਨੌਜਵਾਨ ਕੁੜੀ, ਜੋ ਕਿ ਡੇਢ ਮਹੀਨਾ ਪਹਿਲਾਂ ਕੈਨੇਡਾ ਦੇ ਬਰੈਂਪਟਨ ਸ਼ਹਿਰ ਵਿੱਚ ਉਚੇਰੀ ਸਿੱਖਿਆ ਹਾਸਲ ਕਰਨ ਗਈ ਸੀ, ਦੀ ਕੈਨੇਡਾ ‘ਚ ਵਾਪਰੇ ਭਿਆਨਕ ਸੜਕ ਹਾਦਸੇ ਦੌਰਾਨ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਸ਼ੁੱਕਰਵਾਰ ਦੀ ਸਵੇਰ ਕੋਮਲਪ੍ਰੀਤ ਕੌਰ ਆਪਣੀ ਸਹੇਲੀਆਂ ਨਾਲ ਕੰਮ ਤੋਂ ਵਾਪਸ ਆ ਰਹੀ ਸੀ। ਇਸ ਦੌਰਾਨ ਰਸਤੇ ਵਿੱਚ ਚਾਰ ਗੱਡੀਆਂ ਆਪਸ ਵਿੱਚ ਟਕਰਾ ਗਈਆਂ। ਹਾਦਸਾ ਇੰਨਾ ਭਿਆਨਕ ਸੀ ਕਿ ਚਾਰੇ ਗੱਡੀਆਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ। ਹਾਦਸੇ ਦੌਰਾਨ ਕੋਮਲਪ੍ਰੀਤ ਕੌਰ ਦੀ ਗੱਡੀ ਦੀ ਖਿੜਕੀ ਖੁੱਲ੍ਹਣ ਕਾਰਨ ਉਹ ਸੜਕ ‘ਤੇ ਡਿੱਗ ਗਈ ਤੇ ਉਸ ਦੀ ਮੌਤ ਹੋ ਗਈ।

ਇਸ ਹਾਦਸੇ ਦੌਰਾਨ ਦੂਜੀ ਗੱਡੀ ਦਾ ਇੱਕ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਿਆ, ਜਿਸ ਨੂੰ ਇਲਾਜ ਲਈ ਬਰੈਂਪਟਨ ਦੇ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ ਹੈ। ਕੌਮਲਪ੍ਰੀਤ ਕੌਰ ਦੀ ਮੌਤ ਦੀ ਖ਼ਬਰ ਜਦੋਂ ਉਸਦੇ ਘਰ ਪੁੱਜੀ ਤਾਂ ਪਰਿਵਾਰ ‘ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਕਿਉਂਕਿ ਸਾਢੇ ਤਿੰਨ ਮਹੀਨੇ ਪਹਿਲਾਂ ਹੀ ਕੋਮਲਪ੍ਰੀਤ ਦੇ ਪਿਤਾ ਜੋਧਾ ਸਿੰਘ ਦੀ ਕੈਂਸਰ ਦੀ ਭਿਆਨਕ ਬੀਮਾਰੀ ਨਾਲ ਮੌਤ ਹੋਈ ਸੀ। ਉਸ ਤੋਂ ਬਾਅਦ ਕੋਮਲਪ੍ਰੀਤ ਤੇ ਉਸ ਦੇ ਭਰਾ ਦੀਦਾਰ ਸਿੰਘ ਨੂੰ ਮਾਂ ਨੇ ਚਾਵਾਂ ਨਾਲ ਕੈਨੇਡਾ ਲਈ ਰਵਾਨਾ ਕੀਤਾ ਸੀ ਪਰ ਉਸ ਮਾਂ ਨੂੰ ਇਹ ਨਹੀਂ ਪਤਾ ਸੀ ਕਿ ਜਿਸ ਪਤੀ ਦੀ ਮੌਤ ਦਾ ਸਦਮਾ ਉਹ ਅਜੇ ਭੁਲਾ ਨਹੀ ਸਕੀ ਸੀ ਉਸ ਨੂੰ ਡੇਢ ਮਹੀਨੇ ਬਾਅਦ ਇਕ ਹੋਰ ਸਦਮਾ ਸੁਣਨ ਨੂੰ ਮਿਲੇਗਾ। 

ਨੌਜਵਾਨ ਧੀ ਦੀ ਮੌਤ ਦੀ ਖ਼ਬਰ ਸੁਣਨ ਤੋਂ ਬਾਅਦ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ। ਪਰਿਵਾਰ ਨੇ ਫ਼ੈਸਲਾ ਕੀਤਾ ਹੈ ਕਿ ਉਹ ਕੈਨੇਡਾ ਜਾਣਗੇ ਤਾਂ ਜੋ ਆਪਣੀ ਕੁੜੀ ਦੀ ਲਾਸ਼ ਨੂੰ ਆਖਰੀ ਵਾਰ ਵੇਖ ਸਕਣ। ਸ਼ਹਿਰ ਵਿੱਚ ਇਸ ਘਟਨਾ ਬਾਰੇ ਜਾਣਕਾਰੀ ਮਿਲਦਿਆਂ ਹੀ ਵੱਡੀ ਗਿਣਤੀ ਵਿੱਚ ਲੋਕ ਪੀੜਤ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਨ ਪੁੱਜਣੇ ਸ਼ੁਰੂ ਹੋ ਗਏ ਸਨ। 

Add a Comment

Your email address will not be published. Required fields are marked *