ਸਿਧਾਰਮੱਈਆ ਤੇ ਸ਼ਿਵਕੁਮਾਰ ਵੱਲੋਂ ਸੋਨੀਆ ਤੇ ਰਾਹੁਲ ਨਾਲ ਮੁਲਾਕਾਤ

ਨਵੀਂ ਦਿੱਲੀ, 26 ਮਈ-: ਕਰਨਾਟਕ ਦੇ ਮੁੱਖ ਮੰਤਰੀ ਸਿਧਾਰਮੱਈਆ ਅਤੇ ਉਪ ਮੁੱਖ ਮੰਤਰੀ ਡੀ.ਕੇ. ਸ਼ਿਵਕੁਮਾਰ ਨੇ ਅੱਜ ਇੱਥੇ ਕਾਂਗਰਸ ਸੰਸਦੀ ਦਲ (ਸੀਪੀਪੀ) ਦੀ ਚੇਅਰਪਰਸਨ ਸੋਨੀਆ ਗਾਂਧੀ ਅਤੇ ਪਾਰਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨਾਲ ਉਨ੍ਹਾਂ ਦੀ ਰਿਹਾਇਸ਼ ’ਤੇ ਮੁਲਾਕਾਤ ਕੀਤੀ। ਸਿਧਾਰਮੱਈਆ ਸਵੇਰ ਸਮੇਂ ਦੋਵਾਂ ਨੇਤਾਵਾਂ ਨੂੰ ਮਿਲਣ ਪਹੁੰਚੇ ਜਦਕਿ ਸ਼ਿਵਕੁਮਾਰ ਨੇ ਸ਼ਾਮ ਵੇਲੇ ਉਨ੍ਹਾਂ ਨਾਲ ਮੁਲਾਕਾਤ ਕੀਤੀ।

ਸਿਧਾਰਮੱਈਆ ਤੇ ਸ਼ਿਵਕੁਮਾਰ ਕਰਨਾਟਕ ਸਰਕਾਰ ਦੀ ਕੈਬਨਿਟ ਦੇ ਵਿਸਤਾਰ ਸਬੰਧੀ ਮੁੱਦਿਆਂ ਬਾਰੇ ਪਾਰਟੀ ਲੀਡਰਸ਼ਿਪ ਨਾਲ ਚਰਚਾ ਲਈ ਦਿੱਲੀ ਵਿੱਚ ਹਨ। ਦੱਖਣੀ ਸੂਬੇ ਵਿੱਚ ਇਸ ਮਹੀਨੇ ਦੀ ਸ਼ੁਰੂਆਤ ’ਚ ਕਾਂਗਰਸ ਦੀ ਸਰਕਾਰ ਬਣਨ ਤੋਂ ਬਾਅਦ ਦੋਵਾਂ ਨੇਤਾਵਾਂ ਦੀ ਸੋਨੀਆ ਗਾਂਧੀ ਨਾਲ ਇਹ ਪਲੇਠੀ ਮੀਟਿੰਗ ਸੀ। ਦੱਸਿਆ ਜਾ ਰਿਹਾ ਹੈ ਕਿ ਮੀਟਿੰਗ ਦੌਰਾਨ ਕਰਨਾਟਕ ਦੇ ਮੁੱਖ ਮੰਤਰੀ ਨੇ ਸੀਪੀਪੀ ਚੇਅਰਪਰਸਨ ਨੂੰ ਸੂਬੇ ਵਿੱਚ ਚੰਗੇ ਸ਼ਾਸਨ ਦਾ ਭਰੋਸਾ ਦਿੱਤਾ ਅਤੇ ਵਿਧਾਨ ਸਭਾ ਚੋਣਾਂ ਦੌਰਾਨ ਕੀਤੇ ਮਾਰਗਦਰਸ਼ਨ ਅਤੇ ਚੋਣ ਪ੍ਰਚਾਰ ਲਈ ਉਨ੍ਹਾਂ ਦਾ ਧੰਨਵਾਦ ਵੀ ਕੀਤਾ। ਕਾਂਗਰਸ ਦੇ ਉੱਚ ਨੇਤਾਵਾਂ ਨੇ ਕਰਨਾਟਕ ਮੰਤਰੀ ਮੰਡਲ ਦੇ ਵਿਸਤਾਰ ਨੂੰ ਲੈ ਕੇ ਲੰਘੇ ਦਿਨ ਵੀ ਚਰਚਾ ਕੀਤੀ ਸੀ।

Add a Comment

Your email address will not be published. Required fields are marked *