ਹਮਲਿਆਂ ਲਈ ਇਮਰਾਨ ਨੇ ਭੜਕਾਏ ਸੀ ਪਾਰਟੀ ਸਮਰਥਕ

ਲਾਹੌਰ, 25 ਮਈ-: ਪਾਕਿਸਤਾਨ ਦੀ ਪੰਜਾਬ ਪੁਲੀਸ ਨੇ ਦਾਅਵਾ ਕੀਤਾ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਤੇ ਉਸ ਦੇ ਸਮਰਥਕਾਂ ਨੇ 9 ਮਈ ਨੂੰ ਲਾਹੌਰ ਸਣੇ ਪੰਜਾਬ ਦੀਆਂ ਹੋਰਨਾਂ ਥਾਵਾਂ ’ਤੇ ਫੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣ ਲਈ ਆਪਸ ਵਿੱਚ ਸਹਿਯੋਗ ਕੀਤਾ। ਜ਼ਿਕਰਯੋਗ ਹੈ ਕਿ ਮਈ ਮਹੀਨੇ ਦੇ ਸ਼ੁਰੂ ਵਿੱਚ ਇਮਰਾਨ ਖਾਨ ਨੂੰ ਇਸਲਾਮਾਬਾਦ ਹਾਈ ਕੋਰਟ ਦੇ ਅਹਾਤੇ ਵਿੱਚੋਂ ਉਸ ਵੇਲੇ ਗ੍ਰਿਫਤਾਰ ਕਰ ਲਿਆ ਗਿਆ ਸੀ ਜਦੋਂ ਉਹ ਭ੍ਰਿਸ਼ਟਾਚਾਰ ਦੇ ਇਕ ਮਾਮਲੇ ’ਚ ਪੇਸ਼ੀ ਭੁਗਤਣ ਆਏ ਸਨ। ਇਸ ਮਗਰੋਂ 9 ਮਈ ਨੂੰ ਵੱਡੇ ਪੱਧਰ ’ਤੇ ਹਿੰਸਕ ਘਟਨਾਵਾਂ ਵਾਪਰੀਆਂ ਸਨ। ਪੰਜਾਬ ਸੂਬੇ ਦੇ ਇਸਪੈਕਟਰ-ਜਨਰਲ (ਪੁਲੀਸ) ਡਾ. ਉਸਮਾਨ ਅਨਵਰ ਨੇ ਜੀਓ-ਫੈਂਸਿੰਗ ਰਿਪੋਰਟ ਦਾ ਹਵਾਲਾ ਦਿੰਦਿਆਂ ਕਿਹਾ ਕਿ ਪੁਲੀਸ ਨੂੰ ਅਜਿਹੀਆਂ 400 ਫੋਨ ਕਾਲਾਂ ਬਾਰੇ ਪਤਾ ਲੱਗਾ ਹੈ ਜੋ ਕਿ ਇਮਰਾਨ ਖਾਨ ਤੇ ਉਸ ਦੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀਟੀਆਈ) ਦੇ ਸੀਨੀਅਰ ਆਗੂਆਂ ਨੇ ਕੀਤੀਆਂ ਸਨ ਤੇ ਪਾਰਟੀ ਸਮਰਥਕਾਂ ਨੂੰ ਲਾਹੌਰ ਵਿੱਚ ਇਕ ਸੀਨੀਅਰ ਫੌਜੀ ਅਧਿਕਾਰੀ ਦੀ ਰਿਹਾਇਸ਼ ਅਤੇ ਹੋਰਨਾਂ ਫੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣ ਲਈ ਉਕਸਾਇਆ ਸੀ। ਉਨ੍ਹਾਂ ਦੱਸਿਆ ਕਿ ਦੰਗਾਕਾਰੀ ਇਮਰਾਨ ਖਾਨ ਦੀ ਜ਼ਾਮਨ ਪਾਰਕ ਰਿਹਾਇਸ਼ ’ਤੇ ਪੀਟੀਆਈ ਦੇ ਉਚ ਆਗੂਆਂ ਦੇ ਸੰਪਰਕ ਵਿੱਚ ਸਨ। ਇਨ੍ਹਾਂ ਹਿੰਸਕ ਘਟਨਾਵਾਂ ਦੇ ਦੋਸ਼ ਹੇਠ ਪੁਲੀਸ ਨੇ 10 ਹਜ਼ਾਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਸੀ ਜਿਨ੍ਹਾਂ ਵਿੱਚ ਵੱਡੀ ਗਿਣਤੀ ਪੀਟੀਆਈ ਦੇ ਕਾਰਕੁਨ ਸ਼ਾਮਲ ਸਨ। ਜੀਓ-ਫੈਂਸਿੰਗ ਦੇ ਰਿਕਾਰਡ ਅਨੁਸਾਰ ਇਮਰਾਨ ਖਾਨ ਦੀ ਰਿਹਾਇਸ਼ ਨੂੰ ਲਾਹੌਰ ਕੋਰ ਕਮਾਂਡਰ ਦੇ ਘਰ, ਜਿਸ ਨੂੰ ਜਿਨਾਹ ਹਾਊਸ ਵੀ ਕਿਹਾ ਜਾਂਦਾ ਹੈ, ’ਤੇ ਹਮਲੇ ਕਰਨ ਸਬੰਧੀ ਯੋਜਨਾ ਬਣਾਉਣ ਲਈ ਵਰਤਿਆ ਗਿਆ। ਆਈਜੀਪੀ ਅਨਵਰ ਅਨੁਸਾਰ ਪੀਟੀਆਈ ਦੇ ਛੇ ਆਗੂ ਹਾਮਦ ਅਜ਼ਹਰ, ਡਾ. ਯਾਸਮੀਨ ਰਾਸ਼ਿਦ, ਮਹਿਮੂਦਰ ਰਾਸ਼ਿਦ, ਇਜਾਜ਼ ਚੌਧਰੀ, ਅਸਲਮ ਇਕਬਾਲ ਅਤੇ ਮੁਰਾਦ ਰਾਸ ਇਨ੍ਹਾਂ ਹਮਲਿਆਂ ਦੇ ਸ਼ੱਕੀ ਸਾਜ਼ਿਸ਼ਘੜਤਾ ਹਨ।

Add a Comment

Your email address will not be published. Required fields are marked *