ਪੰਜਾਬ ਦੀ ਫ਼ਸਲ ਐਕਸਪੋਰਟ ਕਰਨ ਲਈ ਉਪਰਾਲੇ ਜਾਰੀ – ਬਾਲ ਮਕੰਦ ਸ਼ਰਮਾ

ਕੈਲੀਫੋਰਨੀਆ : ਬੁੱਧਵਾਰ ਰਾਤ ਸਥਾਨਕ ਬੇ-ਲੀਫ਼ ਇੰਡੀਅਨ ਰੈਸਟੋਰੈਂਟ ਵਿਖੇ ਕਰੋਬਾਰੀ ਨੀਟੂ ਵਡਿਆਲ ਵੱਲੋਂ ਕਮੇਡੀਅਨ ਅਤੇ ਮਾਰਕਫੈੱਡ ਦੇ MD ਰਹੇ ਬਾਲ ਮਕੰਦ ਸ਼ਰਮਾ ਦੇ ਸਨਮਾਨ ਹਿੱਤ ਇਕ ਸ਼ਾਨਦਾਰ ਸਮਾਗਮ ਕਰਵਾਇਆ ਗਿਆ। ਇੱਥੇ ਸ਼ਹਿਰ ਦੀਆਂ ਸਿਰਕੱਢ ਸਖਸ਼ੀਅਤਾਂ ਨੇ ਸ਼ਿਰਕਤ ਕਰਕੇ ਪ੍ਰੋਗਰਾਮ ਨੂੰ ਚਾਰ ਚੰਨ ਲਾਏ। ਇਸ ਮੌਕੇ ਬਾਲ ਮਕੰਦ ਸ਼ਰਮਾ ਨੇ ਪੰਜਾਬ ਦੀ ਕਿਰਸਾਨੀ ਦੀ ਗੱਲ ਕੀਤੀ। ਉਨ੍ਹਾਂ ਕਿਹ ਕਿ ਸਾਡੀ ਟੀਮ ਇਸ ਕੋਸ਼ਿਸ਼ ਵਿਚ ਹੈ ਕਿ ਕਿਸੇ ਤਰੀਕੇ ਪੰਜਾਬ ਦੇ ਕਿਸਾਨ ਦੀ ਫ਼ਸਲ ਅਮਰੀਕਾ, ਕੈਨੇਡਾ, ਇੰਗਲੈਂਡ ਤੇ ਆਸਟ੍ਰੇਲੀਆ ਵਰਗੇ ਦੇਸ਼ਾਂ ਨੂੰ ਹਵਾਈ ਜਹਾਜ਼ਾਂ ਰਾਹੀਂ ਐਕਸਪੋਰਟ ਹੋਣ ਲੱਗ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਇਸ ਪ੍ਰਾਜੈਕਟ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪੂਰੀ ਮਦਦ ਕਰ ਰਹੇ ਹਨ। 

ਉਨ੍ਹਾਂ ਕਿਹਾ ਕਿ ਇਸ ਦੀ ਸ਼ੁਰੂਆਤ ਬਾਹਰ ਖੁੱਲ੍ਹੇ ਵੱਡੇ ਪੰਜਾਬੀ ਗਰੌਸਰੀ ਸਟੋਰਾਂ ਦੇ ਸਹਿਯੋਗ ਨਾਲ ਹੋਵੇਗੀ। ਨੀਟੂ ਵਡਿਆਲ ਜਿਹੜੇ ਬੇ-ਲੀਫ਼ ਇੰਡੀਅਨ ਰੈਸਟੋਰੈਂਟ ਦੇ ਨਾਲ “ਗਰੌਸਰੀ ਡੀਪੂ” ਨਾਮੀ ਵੱਡਾ ਪੰਜਾਬੀ ਗਰੌਸਰੀ ਅਤੇ ਹਰੀਆਂ ਸਬਜ਼ੀਆਂ ਦਾ ਸਟੋਰ ਵੀ ਚਲਾ ਰਹੇ ਹਨ, ਅਗਰ ਏਦਾਂ ਦੇ ਸੱਜਣ ਸਾਡੇ ਇਸ ਪ੍ਰਾਜੈਕਟ ਲਈ ਮੱਦਦ ਕਰਨ ਤਾਂ ਇਹ ਕੰਮ ਕੋਈ ਔਖਾ ਵੀ ਨਹੀਂ। ਉਨ੍ਹਾਂ ਕਿਹਾ ਕਿ ਅੱਜਕੱਲ ਤਕਨੀਕੀ ਯੁੱਗ ਵਿਚ ਹਵਾਈ ਜਹਾਜ਼ ਇੰਡੀਆ ਤੋਂ ਉੱਡ ਕੇ 15 ਘੰਟਿਆਂ ‘ਚ ਅਮਰੀਕਾ ਆ ਜਾਂਦੇ ਨੇ, ਅਗਰ ਬਾਹਰ ਵਸਦੇ ਪੰਜਾਬੀ ਤੇ ਸਰਕਾਰਾਂ ਸਾਥ ਦੇਣ ਤਾਂ ਕੁਝ ਵੀ ਅਸੰਭਵ ਨਹੀਂ। ਇਸ ਮੌਕੇ ਜੋਤ ਰਣਜੀਤ ਕੌਰ, ਸੰਜੀਵ ਕੁਮਾਰ, ਡਾ. ਮੋਮੀ ਆਦਿ ਨੇ ਆਪਣੇ ਵਿਚਾਰ ਰੱਖੇ। ਸਟੇਜ ਸੰਚਾਲਨ ਪੱਤਰਕਾਰ ਨੀਟਾ ਮਾਛੀਕੇ ਨੇ ਕੀਤਾ। ਗਾਇਕ ਕਮਲਜੀਤ ਬੈਨੀਪਾਲ ਨੇ ਇਕ ਗੀਤ ਨਾਲ ਹਾਜ਼ਰੀ ਲਵਾਈ। ਅਖੀਰ ਬੇ-ਲੀਫ਼ ਦੇ ਸੁਆਦ ਖਾਣੇ ਤੋਂ ਬਾਅਦ ਇਹ ਪ੍ਰੋਗਰਾਮ ਅਮਿੱਟ ਪੈੜਾਂ ਛੱਡਦਾ ਸਮਾਪਤ ਹੋਇਆ।

Add a Comment

Your email address will not be published. Required fields are marked *