ਖ਼ੁਦ ਦੇ ਰਹਿਣ ਲਈ ਬਣਾ ਰਿਹਾ ਸੀ ਨਵਾਂ ਆਸ਼ੀਆਨਾ, ਕੀ ਪਤਾ ਸੀ ਕਿ ਰੱਬ ਨੂੰ ਕੁੱਝ ਹੋਰ ਹੀ ਮਨਜ਼ੂਰ ਹੋਵੇਗਾ
ਭਵਾਨੀਗੜ੍ਹ : ਇੱਥੇ ਤੇਜ਼ ਝੱਖੜ ਅਤੇ ਮੀਂਹ ਦੌਰਾਨ ਨੇੜਲੇ ਪਿੰਡ ਭੱਟੀਵਾਲ ਖ਼ੁਰਦ ਵਿਖੇ ਬੀਤੀ ਰਾਤ ਇਕ ਨਵੇਂ ਉਸਾਰੇ ਜਾ ਰਹੇ ਮਕਾਨ ਦੇ ਢਹਿ ਜਾਣ ਕਾਰਨ ਕੰਧ ਹੇਠ ਦੱਬਣ ‘ਤੇ 40 ਸਾਲਾ ਵਿਅਕਤੀ ਦੀ ਮੌਤ ਹੋ ਗਈ। ਇਸ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਬੀ. ਕੇ. ਯੂ ਡਕੌਂਦਾ ਦੇ ਪਿੰਡ ਇਕਾਈ ਦੇ ਪ੍ਰਧਾਨ ਸੁਖਬੀਰ ਸਿੰਘ ਤੇ ਬੀ. ਕੇ. ਯੂ. ਏਕਤਾ ਉਗਰਾਹਾ ਦੇ ਆਗੂ ਗੁਰਚੇਤ ਸਿੰਘ ਨੇ ਦੱਸਿਆ ਕਿ ਪਿੰਡ ਭੱਟੀਵਾਲ ਖ਼ੁਰਦ ਵਿਖੇ ਦਲਿਤ ਤੇ ਗਰੀਬ ਵਰਗ ਨਾਲ ਸਬੰਧਿਤ ਕੁਲਦੀਪ ਸਿੰਘ ਪੁੱਤਰ ਮਹਿੰਦਰ ਸਿੰਘ ਵੱਲੋਂ ਪਿੰਡ ਤੋਂ ਨਾਰਾਇਣਗੜ੍ਹ ਜਾਣ ਵਾਲੀ ਸੜਕ ‘ਤੇ ਆਪਣੇ ਨਵੇਂ ਮਕਾਨ ਦੀ ਉਸਾਰੀ ਕੀਤੀ ਜਾ ਰਹੀ ਸੀ।
ਮਕਾਨ ਦੀ ਅਜੇ ਛੱਤ ਨਹੀਂ ਪਈ ਸੀ, ਸਿਰਫ ਚਾਰਦੀਵਾਰੀ ਹੀ ਖੜ੍ਹੀ ਕੀਤੀ ਗਈ ਸੀ। ਕੁਲਦੀਪ ਸਿੰਘ ਰਾਖੀ ਦੇ ਤੌਰ ’ਤੇ ਰਾਤ ਨੂੰ ਆਪਣੇ ਨਵੇਂ ਉਸਾਰੇ ਜਾ ਰਹੇ ਇਸ ਮਕਾਨ ਅੰਦਰ ਹੀ ਸੁੱਤਾ ਪਿਆ ਸੀ ਕਿ ਦੇਰ ਰਾਤ ਨੂੰ ਆਏ ਤੇਜ਼ ਝੱਖੜ ਕਾਰਨ ਉਸ ਦਾ ਇਹ ਮਕਾਨ ਪੂਰੀ ਤਰ੍ਹਾਂ ਢਹਿ-ਢੇਰੀ ਹੋ ਗਿਆ ਅਤੇ ਮਕਾਨ ਦੀਆਂ ਕੰਧਾਂ ਸੁੱਤੇ ਪਏ ਕੁਲਦੀਪ ਸਿੰਘ ‘ਤੇ ਡਿੱਗ ਜਾਣ ਕਾਰਨ ਉਸ ਦੀ ਮੌਤ ਹੋ ਗਈ।
ਉਨ੍ਹਾਂ ਦੱਸਿਆ ਕਿ ਕੁਲਦੀਪ ਸਿੰਘ ਦੇ ਨੇੜੇ ਹੀ ਮਕਾਨ ਬਣਾ ਰਿਹਾ ਇਕ ਹੋਰ ਵਿਅਕਤੀ ਅੱਜ ਸਵੇਰੇ ਜਦੋਂ ਇੱਥੋਂ ਲੰਘਿਆ ਤਾਂ ਉਸ ਨੇ ਕੁਲਦੀਪ ਸਿੰਘ ਦਾ ਢਹਿ-ਢੇਰੀ ਹੋਇਆ ਮਕਾਨ ਦੇਖਣ ਤੋਂ ਬਾਅਦ ਜਦੋਂ ਨੇੜੇ ਜਾ ਕੇ ਦੇਖਿਆਂ ਤਾਂ ਕੁਲਦੀਪ ਸਿੰਘ ਇੱਥੇ ਮ੍ਰਿਤਕ ਹਾਲਤ ’ਚ ਪਿਆ ਸੀ।

ਇਸ ਦੀ ਸੂਚਨਾ ਉਸ ਨੇ ਪਿੰਡ ਵਾਸੀਆਂ ਨੂੰ ਦਿੱਤੀ। ਕਿਸਾਨ ਆਗੂਆਂ ਨੇ ਦੱਸਿਆ ਕਿ ਮ੍ਰਿਤਕ ਮਿਹਨਤ-ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾਉਂਦਾ ਸੀ ਅਤੇ ਮ੍ਰਿਤਕ ਆਪਣੇ ਪਿੱਛੇ ਪਤਨੀ ਤੇ 3 ਪੁੱਤਰ ਛੱਡ ਗਿਆ ਹੈ। ਕਿਸਾਨ ਆਗੂਆਂ ਅਤੇ ਪਿੰਡ ਵਾਸੀਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਮ੍ਰਿਤਕ ਦੇ ਪਰਿਵਾਰ ਦੀ ਵੱਧ ਤੋਂ ਵੱਧ ਆਰਥਿਕ ਮਦਦ ਕੀਤੀ ਜਾਵੇ।
