ਕਾਰ ‘ਤੇ ਚਾੜ੍ਹ ‘ਤਾ ਟਰੈਕਟਰ, ਭਿਆਨਕ ਸੜਕ ਹਾਦਸੇ ‘ਚ ਲਹੂ-ਲੁਹਾਨ ਹੋ ਗਏ ਕਾਰ ਸਵਾਰ

ਨਾਭਾ : ਪੰਜਾਬ ‘ਚ ਹਰ ਰੋਜ਼ ਸੜਕ ਹਾਦਸਿਆਂ ਕਾਰਨ ਕੀਮਤੀ ਜਾਨਾਂ ਜਾ ਰਹੀਆਂ ਹਨ। ਇਕ ਵਿਅਕਤੀ ਦੀ ਲਾਪ੍ਰਵਾਹੀ ਕਾਰਨ ਇਸ ਦਾ ਖਮਿਆਜ਼ਾ ਆਮ ਵਿਅਕਤੀਆਂ ਨੂੰ ਭੁਗਤਣਾ ਪੈਂਦਾ ਹੈ। ਇਸੇ ਤਰ੍ਹਾਂ ਦੀ ਘਟਨਾ ਨਾਭਾ ਵਿਖੇ ਵਾਪਰੀ, ਜਿੱਥੇ ਕਾਲਜ ਗਰਾਊਂਡ ਨੇੜੇ ਟਰੈਕਟਰ ਚਾਲਕ ਨੇ ਮਾਰੂਤੀ ਕਾਰ ਚਾਲਕ ਨੂੰ ਜ਼ਬਰਦਸਤ ਟੱਕਰ ਮਾਰ ਦਿੱਤੀ। ਟੱਕਰ ਇੰਨੀ ਭਿਆਨਕ ਸੀ ਕਿ ਮਾਰੂਤੀ ਕਾਰ ਦਾ ਅਗਲਾ ਸ਼ੀਸ਼ਾ ਬਿਲਕੁਲ ਚਕਨਾਚੂਰ ਹੋ ਗਿਆ ਅਤੇ ਕਾਰ ਚਾਲਕ ਦੀ ਪਤਨੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਈ।

ਗਨੀਮਤ ਇਹ ਰਹੀ ਕਿ ਕਾਰ ‘ਚ ਚਾਲਕ ਦੇ 2 ਛੋਟੇ-ਛੋਟੇ ਬੱਚੇ ਵੀ ਸਨ, ਜੋ ਵਾਲ-ਵਾਲ ਬਚ ਗਏ। ਹਾਦਸੇ ‘ਚ ਮਾਰੂਤੀ ਕਾਰ ਚਾਲਕ ਦੀ ਪਤਨੀ ਗੰਭੀਰ ਰੂਪ ‘ਚ ਜ਼ਖ਼ਮੀ ਹੋ ਗਈ। ਕਾਫੀ ਸਮਾਂ ਉਹ ਤੜਫਦੀ ਰਹੀ ਅਤੇ ਲੋਕ ਮੂਕ ਦਰਸ਼ਕ ਬਣ ਕੇ ਦੇਖਦੇ ਰਹੇ। ਉੱਥੋਂ ਦੀ ਲੰਘ ਰਹੇ ਇਕ ਨੌਜਵਾਨ ਨੇ ਸਾਰੇ ਪਰਿਵਾਰ ਨੂੰ ਸਰਕਾਰੀ ਹਸਪਤਾਲ ਦਾਖਲ ਕਰਵਾਇਆ। ਕਾਰ ਚਾਲਕ ਦੀ ਪਤਨੀ ਦੇ ਸਿਰ ‘ਚ ਕਰੀਬ 15 ਟਾਂਕੇ ਲੱਗੇ, ਜੇਕਰ ਖੂਨ ਹੋਰ ਵਹਿ ਜਾਂਦਾ ਤਾਂ ਔਰਤ ਦੀ ਜਾਨ ਨੂੰ ਵੀ ਖਤਰਾ ਹੋ ਸਕਦਾ ਸੀ ਪਰ ਨੌਜਵਾਨ ਦੀ ਬਹਾਦਰੀ ਦੇ ਚੱਲਦੇ ਔਰਤ ਹੁਣ ਸਹੀ-ਸਲਾਮਤ ਹੈ। ਟਰੈਕਟਰ ਚਾਲਕ ਨੇ ਮੰਨਿਆ ਕਿ ਟਰੈਕਟਰ ਮੇਰੇ ਤੋਂ ਕਾਰ ‘ਚ ਲੱਗਾ ਹੈ।

ਇਸ ਮੌਕੇ ਮਦਦ ਕਰਨ ਵਾਲੇ ਨੌਜਵਾਨ ਰਜਿੰਦਰ ਸ਼ਰਮਾ ਨੇ ਦੱਸਿਆ ਕਿ ਕਾਰ ਚਾਲਕ ਦਾ ਪਰਿਵਾਰ ਬੁਰੀ ਤਰ੍ਹਾਂ ਜ਼ਖ਼ਮੀ ਸੀ ਅਤੇ ਲੋਕ ਤਮਾਸ਼ਬੀਨ ਬਣ ਕੇ ਵੇਖ ਰਹੇ ਸਨ। ਔਰਤ ਬੁਰੀ ਤਰ੍ਹਾਂ ਜ਼ਖ਼ਮੀ ਹੋ ਚੁੱਕੀ ਸੀ। ਉਸ ਦੇ ਸਿਰ ‘ਚੋਂ ਖੂਨ ਵਹਿ ਰਿਹਾ ਸੀ ਤੇ ਮੈਂ ਇਨ੍ਹਾਂ ਨੂੰ ਆਪਣੀ ਕਾਰ ਵਿੱਚ ਸਰਕਾਰੀ ਹਸਪਤਾਲ ਮੁੱਢਲੀ ਸਹਾਇਤਾ ਲਈ ਲਿਆਂਦਾ। ਔਰਤ ਦੇ ਕਰੀਬ 15 ਟਾਂਕੇ ਲੱਗੇ ਹਨ। ਬੱਚੇ ਵੀ ਬਚ ਗਏ ਹਨ ਤੇ ਔਰਤ ਦਾ ਪਤੀ ਵੀ ਠੀਕ ਹੈ ਪਰ ਲੋਕਾਂ ਨੂੰ ਇਸ ਤਰ੍ਹਾਂ ਦੇ ਸੜਕ ਹਾਦਸਿਆਂ ਵਿੱਚ ਇਨਸਾਨੀਅਤ ਦੇ ਤੌਰ ‘ਤੇ ਮਦਦ ਕਰਨੀ ਚਾਹੀਦੀ ਹੈ ਕਿਉਂਕਿ ਕਿਸੇ ਸਮੇਂ ਉਹ ਆਪ ਵੀ ਇਸ ਤਰ੍ਹਾਂ ਸੜਕ ਹਾਦਸੇ ਦਾ ਸ਼ਿਕਾਰ ਹੋ ਸਕਦੇ ਹਨ।

Add a Comment

Your email address will not be published. Required fields are marked *