31 ਸਾਲ ਦਾ ਹੋਇਆ ਬੌਬੀ ਕੁੱਤਾ, ਮਨਾਇਆ ਗਿਆ ਜਸ਼ਨ

ਰੋਮ : ਜੇਕਰ ਜਾਨਵਰਾਂ ‘ਚੋਂ ਵਫ਼ਾਦਾਰ ਜਾਨਵਰ ਦੀ ਚੋਣ ਕਰਨੀ ਹੋਵੇ ਤਾਂ ਕੁੱਤਾ ਇਨਸਾਨ ਦਾ ਸਭ ਤੋਂ ਵੱਧ ਵਫ਼ਾਦਾਰ ਜਾਨਵਰ ਹੈ, ਜਿਹੜਾ ਕਿ ਹਜ਼ਾਰਾਂ ਸਾਲਾਂ ਤੋਂ ਇਨਸਾਨ ਦੇ ਵਫ਼ਾਦਾਰ ਸਾਥੀ ਹੋਣ ਦਾ ਸਬੂਤ ਵੀ ਦਿੰਦਾ ਆ ਰਿਹਾ ਹੈ। ਸਾਇੰਸ ਅਨੁਸਾਰ ਕੁੱਤੇ ਦੀ ਆਮ ਉਮਰ 10 ਤੋਂ 13 ਜਾਂ 14 ਸਾਲ ਹੋ ਸਕਦੀ ਹੈ। ਅੱਜ ਅਸੀਂ ਤੁਹਾਨੂੰ ਦੁਨੀਆ ਦੇ ਸਭ ਤੋਂ ਲੰਮੀ ਉਮਰ ਦੇ ਕੁੱਤੇ ਨਾਲ ਮਿਲਾਉਣ ਜਾ ਰਹੇ, ਜਿਸ ਦਾ ਯੂਰਪੀਅਨ ਦੇਸ਼ ਪੁਰਤਗਾਲ ਦੇ ਸ਼ਹਿਰ ਕੋਨਕੀਰੋਸ ਵਿਖੇ ਰੈਣ-ਬਸੇਰਾ ਕਰਦੇ ਕੋਸਤਾ ਪਰਿਵਾਰ ਵਿੱਚ ਮਈ ਮਹੀਨੇ 1992 ਨੂੰ ਜਨਮ ਲਿਆ ਤੇ ਅੱਜ ਇਹ ਕੁੱਤਾ ਪੂਰੇ 31 ਸਾਲ ਦਾ ਹੋ ਗਿਆ ਹੈ, ਜਿਸ ਦੀ ਰਾਫੇਰੋ ਡੋ ਅਲੇਂਜੇਜੋ ਨਸਲ ਹੈ।

ਮਾਹਿਰਾਂ ਅਨੁਸਾਰ ਇਸ ਨਸਲ ਦੇ ਕੁੱਤਿਆਂ ਦੀ ਉਮਰ 10 ਤੋਂ 13 ਸਾਲ ਤੱਕ ਹੀ ਹੁੰਦੀ ਹੈ ਪਰ ਬੌਬੀ ਦੀ ਹੋਈ 31 ਸਾਲ ਉਮਰ ਨੇ ਜਿੱਥੇ ਸਭ ਨੂੰ ਹੈਰਾਨ ਕਰ ਦਿੱਤਾ ਹੈ, ਉੱਥੇ ਉਸ ਨੂੰ ਗਿੰਨੀਜ਼ ਵਰਲਡ ਰਿਕਾਰਡਸ ਨੇ ਦੁਨੀਆ ਦੇ ਸਭ ਤੋਂ ਲੰਮੀ ਉਮਰ ਦੇ ਕੁੱਤੇ ਦੇ ਖਿਤਾਬ ਨਾਲ ਨਿਵਾਜਿਆ ਹੈ। ਬੌਬੀ ਦੇ ਮਾਲਕ ਲਿਨੇਲ ਕੋਸਤਾ (38) ਨੇ ਦੱਸਿਆ ਕਿ ਇਹ ਕੁੱਤਾ ਨਹੀਂ ਸਗੋਂ ਉਸ ਦੇ ਪਰਿਵਾਰ ਦਾ ਮੈਂਬਰ ਹੈ, ਜਿਸ ਨੇ ਸਾਡੇ ਪਰਿਵਾਰ ਦੀਆਂ 3 ਪੀੜ੍ਹੀਆਂ ਨਾਲ ਵਫ਼ਾਦਾਰੀ ਨਿਭਾਈ ਹੈ। ਬੌਬੀ ਉਸ ਦੇ ਦਾਦੇ ਤੇ ਪਿਤਾ, ਭਰਾ ਨਾਲ ਰਹੇ ਪਰ ਹੁਣ ਇਹ ਦੁਨੀਆ ‘ਤੇ ਨਹੀਂ ਰਹੇ, ਇਸ ਸਮੇਂ ਬੌਬੀ ਉਸ ਨਾਲ ਜੀਵਨ ਬਿਤਾ ਰਿਹਾ ਹੈ।

ਬੌਬੀ ਜਿਸ ਨਸਲ ਦਾ ਕੁੱਤਾ ਹੈ, ਇਸ ਨਸਲ ਦੇ ਕੁੱਤੇ ਲੋਕ ਦੇਸ਼ ਵਿੱਚ ਪਸ਼ੂਆਂ ਦੇ ਝੁੰਡਾਂ ਦੀ ਦੇਖ-ਰੇਖ ਕਰਨ ਲਈ ਰੱਖਦੇ ਹਨ, ਜਿਹੜੇ ਕਿ ਪਹਾੜੀ ਇਲਾਕੇ ਵਿੱਚ ਰਹਿ ਕੇ ਖੁਸ਼ ਹੁੰਦੇ ਹਨ। ਬੌਬੀ ਦੀ ਵਫ਼ਾਦਾਰੀ ਤੇ ਲੰਮੀ ਉਮਰ ਦੇ ਮੱਦੇਨਜ਼ਰ ਉਸ ਨੇ ਬੌਬੀ ਦਾ 31ਵਾਂ ਜਨਮ ਦਿਨ ਦੁਨੀਆ ਭਰ ਦੇ ਮਹਿਮਾਨਾਂ ਨਾਲ (ਜਿਹੜੇ ਕਿ ਅਮਰੀਕਾ, ਜਾਪਾਨ ਤੇ ਯੂਰਪ ਤੋਂ ਆਏ ਸਨ) ਡਾਂਸ ਪਾਰਟੀ ਕਰਕੇ ਮਨਾਇਆ। ਇਸ ਮੌਕੇ ਅੰਤਰਰਾਸ਼ਟਰੀ ਪੱਤਰਕਾਰ ਵੀ ਆਏ, ਜਿਨ੍ਹਾਂ ਨੇ ਖੁਦ ਬੌਬੀ ਨਾਲ ਵਿਸ਼ੇਸ਼ ਫੋਟੋਆਂ ਖਿਚਾਈਆਂ। ਬੇਸ਼ੱਕ ਬੌਬੀ 31 ਸਾਲ ਦਾ ਹੋ ਗਿਆ ਹੈ ਪਰ ਅੱਜ ਵੀ ਉਹ ਪੂਰੀ ਤਰ੍ਹਾਂ ਤੰਦਰੁਸਤ ਹੈ।

ਉਸ ਨੇ ਬੌਬੀ ਨੂੰ ਕਦੇ ਵੀ ਬੰਨ੍ਹ ਕੇ ਨਹੀਂ  ਰੱਖਿਆ ਸਗੋਂ ਘਰ ਦੇ ਨਾਲ ਖੁੱਲ੍ਹੇ ਮੈਦਾਨਾਂ ਜਾਂ ਪਹਾੜੀਆਂ ਵਿੱਚ ਆਜ਼ਾਦੀ ਨਾਲ ਘੁੰਮਣ ਦਿੱਤਾ ਹੈ। ਡਾਕਟਰ ਉਸ ਨੂੰ ਵਿਸ਼ੇਸ਼ ਖੁਰਾਕ ਦੇਣ ਦੀ ਸਲਾਹ ਦਿੰਦੇ ਹਨ ਪਰ ਕੋਸਤਾ ਉਸ ਨੂੰ ਮਨੁੱਖੀ ਭੋਜਨ ਸ਼ੌਕ ਨਾਲ ਦਿੰਦਾ ਹੈ। ਪੂਰੇ ਦਿਨ ਵਿੱਚ ਬੌਬੀ 1 ਲੀਟਰ ਪਾਣੀ ਪੀਂਦਾ ਹੈ। ਜ਼ਿਕਰਯੋਗ ਹੈ ਕਿ ਬੌਬੀ ਤੋਂ ਪਹਿਲਾਂ ਦੁਨੀਆ ਦੇ ਸਭ ਤੋਂ ਲੰਮੀ ਉਮਰ ਦਾ ਕੁੱਤਾ ਹੋਣ ਦਾ ਖਿਤਾਬ ਆਸਟ੍ਰੇਲੀਆ ਦੇ ਬਲੂਏ ਨਾਂ ਦੇ ਕੁੱਤੇ ਕੋਲ ਸੀ, ਜਿਹੜਾ ਕਿ 29 ਸਾਲ 5 ਮਹੀਨੇ ਦਾ ਸੀ। ਬਲੂਏ ਸੰਨ 1910 ਵਿੱਚ ਪੈਦਾ ਹੋ ਕੇ 1939 ਵਿੱਚ ਮਰ ਗਿਆ ਸੀ।

Add a Comment

Your email address will not be published. Required fields are marked *