ਕਾਂਗਰਸ ਵੱਲੋਂ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੂੰ ਸ਼ਰਧਾਂਜਲੀ

ਨਵੀਂ ਦਿੱਲੀ, 21 ਮਈ-: ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਤੇ ਗਾਂਧੀ ਪਰਿਵਾਰ ਦੇ ਮੈਂਬਰਾਂ ਨੇ ਅੱਜ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੂੰ ਉਨ੍ਹਾਂ ਦੀ ਬਰਸੀ ਮੌਕੇ ਸ਼ਰਧਾਂਜਲੀ ਭੇਟ ਕੀਤੀ। ਕਾਂਗਰਸ ਆਗੂ ਸੋਨੀਆ ਗਾਂਧੀ, ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਵਾਡਰਾ ਸਮੇਤ ਪਾਰਟੀ ਦੇ ਹੋਰ ਆਗੂਆਂ ਨੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਯਾਦਗਾਰ ਵੀਰ ਭੂਮੀ ਜਾ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ। 

ਰਾਹੁਲ ਗਾਂਧੀ ਨੇ ਟਵਿੱਟਰ ’ਤੇ ਆਪਣੇ ਪਿਤਾ ਦੀ ਇੱਕ ਵੀਡੀਓ ਸਾਂਝੀ ਕਰਦਿਆਂ ਲਿਖਿਆ, ‘‘ਪਾਪਾ, ਤੁਸੀਂ ਮੇਰੇ ਨਾਲ ਹੀ ਹੋ, ਇਕ ਪ੍ਰੇਰਨਾ ਦੇ ਰੂਪ ਵਿੱਚ, ਯਾਦਾਂ ਵਿੱਚ, ਹਮੇਸ਼ਾ!’’ ਕਾਂਗਰਸ ਪ੍ਰਧਾਨ ਖੜਗੇ ਨੇ ਟਵਿੱਟਰ ’ਤੇ ਰਾਜੀਵ ਗਾਂਧੀ ਦੇ ਜੀਵਨ ’ਤੇ ਆਧਾਰਿਤ ਇੱਕ ਵੀਡੀਓ ਸਾਂਝੀ ਕੀਤੀ ਤੇ ਲਿਖਿਆ, ‘ਰਾਜੀਵ ਗਾਂਧੀ ਭਾਰਤ ਦਾ ਮਹਾਨ ਪੁੱਤਰ ਸੀ। ਨੌਵਜਾਨਾਂ ਨੂੰ ਵੋਟ ਅਧਿਕਾਰ, ਪੰਚਾਇਤੀ ਰਾਜ ਦੀ ਮਜ਼ਬੂਤੀ, ਟੈਲੀਕੌਮ ਤੇ ਆਈਟੀ ਕ੍ਰਾਂਤੀ ਅਤੇ ਸ਼ਾਂਤੀ ਸਮਝੌਤਿਆਂ ’ਚ ਸਥਿਰਤਾ ਲਿਆ ਕੇ ਉਨ੍ਹਾਂ ਭਾਰਤ ਦੀ ਰੂਪ-ਰੇਖਾ ਬਦਲੀ ਤੇ 21ਵੀਂ ਸਦੀ ਲਈ ਨੀਂਹ ਤਿਆਰ ਕੀਤੀ। ਬਲੀਦਾਨ ਦਿਵਸ ਮੌਕੇ ਉਨ੍ਹਾਂ ਨੂੰ ਸਾਡੀ ਸ਼ਰਧਾਂਜਲੀ।’ ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਿਹਾ ਕਿ 32 ਸਾਲ ਪਹਿਲਾਂ ਅੱਜ ਦੇ ਹੀ ਦਿਨ ਰਾਜੀਵ ਗਾਂਧੀ ਦੀ ਹੱਤਿਆ ਤੋਂ ਪਹਿਲਾਂ ਉਨ੍ਹਾਂ ਦੀਆਂ ਆਖਰੀ ਅਹਿਮ ਪ੍ਰਾਪਤੀਆਂ ’ਚੋਂ ਇੱਕ 1991 ਦੀਆਂ ਲੋਕ ਸਭਾ ਚੋਣਾਂ ਲਈ ਕਾਂਗਰਸ ਦੇ ਮੈਨੀਫੈਸਟੋ ਨੂੰ ਆਖਰੀ ਰੂਪ ਦੇਣਾ ਸੀ। ਉਨ੍ਹਾਂ ਟਵੀਟ ਕੀਤਾ ਕਿ ਭਾਰਤ ਨੂੰ ਆਈਟੀ ਯੁਗ ’ਚ ਲਿਜਾਣ ਲਈ ਉਨ੍ਹਾਂ ਦਾ ਵਿਸ਼ੇਸ਼ ਯੋਗਦਾਨ ਸੀ। ਉਨ੍ਹਾਂ ਸਾਫਟਵੇਅਰ ਦੀ ਬਰਾਮਦ ਨੂੰ ਉਤਸ਼ਾਹ ਦੇਣ ਲਈ ਆਲਮੀ ਬਰਾਮਦਕਾਰਾਂ ਦਾ ਧਿਆਨ ਖਿੱਚਿਆ। ਇਸ ਤੋਂ ਇਲਾਵਾ ਹੋਰ ਵੀ ਕਈ ਆਗੂਆਂ ਨੇ ਸਾਬਕਾ ਪ੍ਰਧਾਨ ਮੰਤਰੀ ਨੂੰ ਸ਼ਰਧਾਂਜਲੀ ਭੇਟ ਕੀਤੀ।

ਜ਼ਿਕਰਯੋਗ ਹੈ ਕਿ ਰਾਜੀਵ ਗਾਂਧੀ ਨੇ ਸਾਲ 1984 ਵਿੱਚ ਆਪਣੀ ਮਾਂ ਤੇ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਮਗਰੋਂ ਕਾਂਗਰਸ ਦੀ ਕਮਾਨ ਸੰਭਾਲੀ ਸੀ। ਉਹ 40 ਸਾਲ ਦੀ ਉਮਰ ਵਿੱਚ ਦੇਸ਼ ਦੇ ਸਭ ਤੋਂ ਛੋਟੀ ਉਮਰ ਦੇ ਪ੍ਰਧਾਨ ਮੰਤਰੀ ਬਣੇ ਸਨ। ਉਹ 2 ਦਸੰਬਰ 1989 ਤੱਕ ਪ੍ਰਧਾਨ ਮੰਤਰੀ ਰਹੇ। ਲਿਬਰੇਸ਼ਨ ਟਾਈਗਰਜ਼ ਆਫ਼ ਤਾਮਿਲ ਈਲਮ (ਐੱਲਟੀਟੀਈ) ਨੇ 21 ਮਈ 1991 ਨੂੰ ਤਾਮਿਲ ਨਾਡੂ ਦੇ ਸ੍ਰੀਪੇਰੂੰਬਦੂਰ ਵਿੱਚ ਰਾਜੀਵ ਗਾਂਧੀ ਦੀ ਹੱਤਿਆ ਕਰ ਦਿੱਤੀ ਸੀ। 

Add a Comment

Your email address will not be published. Required fields are marked *