ਗੁਰਦਾਸ ਮਾਨ, ਕੰਠ ਕਲੇਰ ਸਣੇ ਅਨੇਕਾਂ ਕਲਾਕਾਰਾਂ ਨੇ ਗਾਈ ਸਾਈਆਂ ਦੀ ਮਹਿਮਾ

ਨਕੋਦਰ – ਮੁਰਾਦਾਂ ਤੇ ਰਹਿਮਤਾਂ ਦੇ ਮਾਲਕ ਬਾਬਾ ਮੁਰਾਦ ਸ਼ਾਹ ਜੀ ਦਾ 62ਵਾਂ ਉਰਸ ਅੱਜ ਸਿਖਰਾਂ ਨੂੰ ਛੂੰਹਦਾ ਹੋਇਆ ਸਮਾਪਤ ਹੋ ਗਿਆ। ਵਿਸ਼ਵ ਪ੍ਰਸਿੱਧ ਦਰਬਾਰ ਬਾਬਾ ਮੁਰਾਦ ਸ਼ਾਹ ਨਕੋਦਰ ਵਿਖੇ 2 ਦਿਨਾ ਮੇਲਾ ਡੇਰਾ ਬਾਬਾ ਮੁਰਾਦ ਸ਼ਾਹ ਟਰੱਸਟ ਦੇ ਚੇਅਰਮੈਨ ਤੇ ਪੰਜਾਬੀ ਗਾਇਕ ਗੁਰਦਾਸ ਮਾਨ, ਟਰੱਸਟ ਮੈਂਬਰ ਅਤੇ ਇਲਾਕੇ ਦੀਆਂ ਸੰਗਤਾਂ ਦੀ ਅਗਵਾਈ ਹੇਠ ਚੱਲੇ ਇਸ ਮੇਲੇ ’ਚ ਦੇਸ਼ਾਂ-ਵਿਦੇਸ਼ਾਂ ਤੋ ਵੱਡੀ ਗਿਣਤੀ ’ਚ ਪਹੁੰਚੀਆਂ ਸੰਗਤਾਂ ਨੇ ਦਰਬਾਰ ’ਤੇ ਨਤਮਸਤਕ ਹੋ ਕੇ ਮੁਰਾਦਾਂ ਮੰਗੀਆਂ।

ਮੇਲੇ ਦਾ ਆਗਾਜ਼ ਵੀਰਵਾਰ ਨੂੰ ਝੰਡਾ ਚੜ੍ਹਾਉਣ ਦੀ ਰਸਮ ਗਾਇਕ ਗੁਰਦਾਸ ਮਾਨ ਨੇ ਲੱਖਾਂ ਸੰਗਤਾਂ ਦੀ ਹਾਜ਼ਰੀ ’ਚ ਅਦਾ ਕਰਕੇ ਕੀਤਾ। ਫਿਰ ਰਾਤ ਨੂੰ ਮਹਿਫਲ-ਏ-ਕੱਵਾਲੀ ’ਚ ਪ੍ਰਸਿੱਧ ਕੱਵਾਲ ਕਰਾਮਤ ਅਲੀ ਮਲੇਰਕੋਟਲਾ, ਉਮਰ ਦਰਾਜ ਚਿਸ਼ਤੀ ਸਹਾਰਨਪੁਰ, ਗੁਲਸ਼ਨ ਮੀਰ-ਰਤੂ ਮੀਰ, ਹਮਸਰ ਰਿਆਤ ਨਿਜ਼ਾਮੀ , ਬੰਟੀ ਕਵਾਲ ਅਤੇ ਹੋਰ ਕੱਵਾਲਾਂ ਨੇਂ ਸੰਗਤਾਂ ਨੂੰ ਕਵਾਲੀਆਂ ਰਾਹੀਂ ਨਿਹਾਲ ਕੀਤਾ। ਸ਼ੁਕਰਵਾਰ ਨੂੰ ਗੁਰਦਾਸ ਮਾਨ ਸਟੇਜ ’ਤੇ ਆਪਣੇ ਮੁਰਸ਼ਦ ਨੂੰ ਯਾਦ ਕਰਦਿਆਂ ਸਾਈਂ ਜੀ ਦੇ ਚਰਨਾਂ ’ਚ ਸ਼ਰਧਾਂਜਲੀ ਭੇਟ ਕੀਤੀ।‘ਕੁਲੀ ਨੀ ਫਕੀਰ ਵਿਚੋਂ ਅਲ੍ਹਾ ਹੂ ਦਾ ਆਵਾਜ਼ਾ ਆਵੇ…’, ‘ਮੈਂ ਨੱਚੀ ਬਾਬਾ ਨੱਚੀ, ਪੀਰਾਂ ਮੈਂ ਤੇਰੇ ਨਾਂ ਲੈ ਕੇ’ ਛੱਲਾ ਸਮੇਤ ਆਪਣੇ ਨਵੇਂ-ਪੁਰਾਣੇ ਗੀਤ ਸੁਣਾ ਕੇ ਸੰਗਤਾਂ ਦਾ ਦਿੱਲ ਜਿੱਤ ਲਿਆ।

ਇਸ ਮੌਕੇ ਗੁਰਦਾਸ ਮਾਨ ਤੋਂ ਸਾਈ ਜੀ ਦੇ ਭਰਾ ਰਾਜ ਕੁਮਾਰ ਭੱਲਾ, ਭਤੀਜਾ ਰਾਕੇਸ਼ ਕੁਮਾਰ ਭੱਲਾ ਯੂ. ਕੇ., ਨੀਲ ਕੰਠ ਐਰੀ, ਸੁਰਜੀਤ ਸਿੰਘ ਢੇਸੀ, ਕਮਲ ਰਿਹਾਨ ਨੇ ਨੋਟਾਂ ਦੀ ਵਰਖਾ ਕੀਤੀ। ਇਨ੍ਹਾਂ ਤੋਂ ਪਹਿਲਾਂ ਕੰਠ ਕਲੇਰ, ਕਮਲ ਖਾਨ, ਮਾਸਟਰ ਸਲੀਮ, ਸੁਰਿੰਦਰ ਲਾਡੀ, ਦਵਿੰਦਰ ਖੰਨੇ ਵਾਲਾ, ਨੀਲਮ ਸ਼ਰਮਾ ਆਦਿ ਨੇ ਆਪਣੀ ਹਾਜ਼ਰੀ ਭਰੀ। ਮੇਲੇ ਦੌਰਾਨ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂ, ਸ਼ਹਿਰ ਤੇ ਇਲਾਕਾ ਵਾਸੀ ਅਤੇ ਸੰਤ-ਫਕੀਰ ਤੇ ਮਾਹਪੁਰਸ਼ ਆਦਿ ਹਾਜ਼ਰ ਸਨ। ਦਰਬਾਰ ਤੇ ਚਾਦਰ ਚੜ੍ਹਾਉਣ ਉਪਰੰਤ ਇਹ ਮੇਲਾ ਆਪਣੀਆਂ ਮਿਠੀਆਂ ਯਾਦਾਂ ਛੱਡਦਾ ਸਮਾਪਤ ਹੋਇਆ। ਸੰਗਤਾਂ ਲਈ ਦਰਬਾਰ ਦੇ ਹਰ ਰਸਤੇ ’ਤੇ ਦੁਕਾਨਦਾਰਾਂ, ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਵੱਲੋਂ ਸੰਗਤਾਂ ਲਈ ਠੰਢੇ-ਮਿੱਠਾ ਜਲ, ਚਾਹ-ਪਕੌੜੇ ਅਤੇ ਫਰੂਟ ਆਦਿ ਦੇ ਲੰਗਰ ਲਾਏ ਗਏ।

ਇਸ ਮੌਕੇ ਐੱਸ. ਐੱਸ. ਪੀ. ਜਲੰਧਰ ਦਿਹਾਤੀ ਸਵਰਨਦੀਪ ਸਿੰਘ ਦੇ ਨਿਰਦੇਸ਼ਾਂ ’ਤੇ ਐੱਸ. ਪੀ. ਸਰਬਜੀਤ ਸਿੰਘ ਬਾਹੀਆਂ, ਐੱਸ. ਪੀ. ਮਨਜੀਤ ਕੌਰ ਦੀ ਅਗਵਾਈ ਹੇਠ ਡੀ. ਐੱਸ. ਪੀ. ਨਕੋਦਰ ਹਰਜਿੰਦਰ ਸਿੰਘ ਆਦਿ ਪੁਲਸ ਫੋਰਸ ਦੇ ਸਖਤ ਪ੍ਰਬੰਧ ਸਨ।

Add a Comment

Your email address will not be published. Required fields are marked *