ਇਟਲੀ : ਹੜ੍ਹ ਨਾਲ ਹੁਣ ਤੱਕ 14 ਲੋਕਾਂ ਦੀ ਮੌਤ, ਸਰਕਾਰ ਨੇ ਕੀਤਾ ਐਮਰਜੈਂਸੀ ਦਾ ਐਲਾਨ

ਰੋਮ : ਇਟਲੀ ਜਿੰਨਾਂ ਸੋਹਣਾ ਤੇ ਇਤਿਹਾਸਕ ਦੇਸ਼ ਹੈ ਉਸ ਨਾਲੋਂ ਵੱਧ ਉਜਾੜੇ ਦਾ ਸੰਤਾਪ ਹੱਢੀ ਹੰਡਾਉਂਦਾ ਆ ਰਿਹਾ ਹੈ। ਇਸ ਨੂੰ ਕਦੇ ਭੂਚਾਲ, ਕਦੇ ਕੋਰੋਨਾ ਤੇ ਕਦੀ ਹੜ੍ਹ ਵਰਗੀਆਂ ਕੁਦਰਤੀ ਆਫਤਾਂ ਝੰਬ ਕੇ ਅੰਦਰੋਂ-ਅੰਦਰੀ ਖੋਖਲਾ ਕਰ ਰਹੀਆਂ ਹਨ ਪਰ ਇਸ ਦੇ ਬਾਵਜੂਦ ਇਟਲੀ ਦੇ ਬਾਸਿੰਦੇ ਚਾਹੇ ਉਹ ਇਟਾਲੀਅਨ ਹਨ ਜਾਂ ਪ੍ਰਵਾਸੀ, ਅਜਿਹੀਆਂ ਪ੍ਰਸਥਿਤੀਆਂ ਨੂੰ ਪਛਾੜ ਕੇ ਹਮੇਸ਼ਾ ਹੀ ਅੱਗੇ ਵੱਧਣ ਲਈ ਸੰਜੀਦਾ ਰਹਿੰਦੇ ਹਨ। ਇਸ ਸਮੇਂ ਵੀ ਖਰਾਬ ਮੌਸਮ ਇਟਲੀ ਦੇ ਬਾਸਿੰਦਿਆਂ ਨੂੰ ਵੱਡੇ ਪੱਧਰ ‘ਤੇ ਪ੍ਰਭਾਵਿਤ ਕਰ ਰਿਹਾ ਹੈ। ਇਟਲੀ ਦਾ ਇਮਿਲੀਆ ਰੋਮਾਨਾ ਸੂਬਾ ਹੜ੍ਹ ਦੀ ਮਾਰ ਹੇਠ ਸਹਿਕ ਰਿਹਾ ਹੈ, ਜਿਸ ਵਿੱਚ ਕਿ ਖਰਾਬ ਮੌਸਮ ਦੇ ਚੱਲਦਿਆਂ 14 ਲੋਕਾਂ ਦੀ ਦਰਦਨਾਕ ਮੌਤ ਹੋ ਚੁੱਕੀ ਹੈ ਜਦੋਂ ਕਿ ਹਜ਼ਾਰਾਂ ਲੋਕ ਬੇਘਰ ਹੋ ਚੁੱਕੇ ਹਨ।

ਇਟਲੀ ਸਰਕਾਰ ਜਮੀਨੀ ਪਧੱਰ ‘ਤੇ ਲੋਕਾਂ ਦੇ ਜਾਨੀ ਤੇ ਮਾਲੀ ਨੁਕਸਾਨ ਨੂੰ ਬਚਾਉਣ ਲਈ ਹਰ ਸੰਭਵ ਕੋਸਿ਼ਸ ਕਰ ਰਹੀ ਹੈ। ਹਜ਼ਾਰਾਂ ਸੁਰੱਖਿਆ ਕਰਮਚਾਰੀ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਿਨਾਂ ਇਨਸਾਨਾਂ ਦੇ ਨਾਲ-ਨਾਲ ਜਾਨਵਰਾਂ ਨੂੰ ਵੀ ਸੁਰੱਖਿਅਤ ਕਰਨ ਵਿੱਚ ਦਿਨ-ਰਾਤ ਬਿਨ੍ਹਾਂ ਰੁੱਕੇ ਜ਼ਿੰਮੇਵਾਰੀ ਨਿਭਾਅ ਰਹੇੇ ਹਨ ਪਰ ਸੂਬੇ ਦੀਆਂ ਬਹੁਤੀਆਂ ਨਦੀਆਂ ਦੇ ਕਿਨਾਰੇ ਟੁੱਟਣ ਕਾਰਨ ਪਾਣੀ ਨੇ ਕਈ ਸ਼ਹਿਰਾਂ ਤੇ ਪਿੰਡਾਂ ਨੂੰ ਆਪਣੇ ਨਾਲ ਗਹਿਗਚ ਕਰ ਦਿੱਤਾ ਹੈ, ਜਿਸ ਕਾਰਨ ਸੂਬੇ ਵਿੱਚ ਐਮਰਜੈਂਸੀ ਐਲਾਨੀ ਗਈ ਹੈ। ਕਈ ਇਲਾਕਿਆਂ ਵਿੱਚ ਜ਼ਮੀਨ ਵੀ ਧੱਸ ਗਈ ਹੈ।

ਮੌਸਮ ਮਾਹਰਾਂ ਨੇ ਕਿਹਾ ਕਿ ਸੂਬੇ ਦਾ ਉੱਤਰ-ਪੂਰਬੀ ਖੇਤਰ ਖਤਰੇ ਦੇ ਨਿਸ਼ਾਨ ਵਿੱਚ ਹੈ, ਜਦੋਂ ਇਸ ਕੁਝ ਹੋਰ ਸੂਬੇ ਜਿਹੜੇ ਕਿ ਇਮਿਲੀਆ ਰੋਮਾਨਾ ਨਾਲ ਲੱਗਦੇ ਹਨ, ਉਹ ਪੀਲੇ ਨਿਸ਼ਾਨ ਵਿੱਚ ਹਨ। ਇਟਲੀ ਦੀ ਪ੍ਰਧਾਨ ਮੰਤਰੀ ਜੌਰਜੀਆ ਮੇਲੋਨੀ ਮੌਜੂਦਾ ਸਥਿਤੀ ਦਾ ਪਲ-ਪਲ ਜਾਇਜਾ ਲੈ ਰਹੀ ਹੈ ਤੇ ਇਟਲੀ ਸਰਕਾਰ ਦੇਸ਼ ਵਿੱਚ ਆਈ ਤਬਾਹੀ ਦੇ ਮੱਦੇ ਨਜ਼ਰ ਯੂਰਪੀਅਨ ਯੂਨੀਅਨ ਤੋਂ ਵਿਸ਼ੇਸ਼ ਆਰਥਿਕ ਮਦਦ ਦੀ ਮੰਗ ਕਰਨ ਦਾ ਵਿਚਾਰ ਕਰ ਰਹੀ ਹੈ। ਖਰਾਬ ਮੌਸਮ ਨੇ ਇਟਲੀ ਦਾ ਅਰਬਾਂ ਯੂਰੋ ਦਾ ਨੁਕਸਾਨ ਕਰ ਦਿੱਤਾ ਹੈ ਜਿਸ ਦੇ ਚੱਲਦਿਆਂ ਲੋਕਾਂ ਦਾ ਜਨ ਜੀਵਨ ਵੱਡੇ ਪੱਧਰ ‘ਤੇ ਪ੍ਰਭਾਵਿਤ ਹੋ ਰਿਹਾ ਹੈ।

Add a Comment

Your email address will not be published. Required fields are marked *