ਕੈਨੇਡਾ ’ਚ ਸਿਹਤ ਸਹੂਲਤਾਂ ਲੜਖੜਾਈਆਂ, ਮਰੀਜ਼ ਅਮਰੀਕਾ ਤੇ ਦੂਸਰੇ ਦੇਸ਼ਾਂ ਨੂੰ ਜਾਣ ਲਈ ਮਜ਼ਬੂਰ

ਅੰਮ੍ਰਿਤਸਰ – ਅੰਮ੍ਰਿਤਸਰ ਪੰਜਾਬ ਵਾਸੀਆਂ ਲਈ ਸੁਫ਼ਨਿਆਂ ਵਰਗਾ ਦੇਸ਼ ਕੈਨੇਡਾ ਹੁਣ ਪੰਜਾਬੀਆਂ ਲਈ ਤਰਾਸਦੀ ਬਣਦਾ ਜਾ ਰਿਹਾ ਹੈ। ਬੇਰੋਜ਼ਗਾਰੀ ਤੇ ਮਹਿੰਗਾਈ ਨੂੰ ਪਹਿਲਾਂ ਹੀ ਵੱਡੀ ਗਿਣਤੀ ਵਿਚ ਆਏ ਜਾਂ ਵਸੇ ਪੰਜਾਬੀਆਂ ਦੇ ਸਾਹ ਸੁੱਤੇ ਪਏ ਹਨ ਤੇ ਦਿਨ- ਰਾਤ  ਉਨ੍ਹਾਂ ਨੂੰ ਰੋਟੀ ਦੇ ਲਾਲੇ ਪਏ ਹਨ, ਪਰ ਹੁਣ ਬੀਮਾਰੀ ਦੀ ਅਵਸਥਾ ਵਿਚ ਭਾਰਤ ਵਰਗੀਆਂ ਸਿਹਤ ਸਹੂਲਤਾਂ ਦੇ ਮੁਕਾਬਲੇ ਕੈਨੇਡਾ ਦੇ ਹਸਪਤਾਲਾਂ ਦੀ ਖੱਜਲ ਖ਼ੁਆਰੀ ਨੇ ਉਨ੍ਹਾਂ ਨੂੰ ਹੋਰ ਮਾਨਸਿਕ ਰੋਗੀ ਬਣਾ ਦਿੱਤਾ ਹੈ। ਸਰੀ ਤੇ ਦੂਸਰੇ ਕੈਨੇਡਾ ਸ਼ਹਿਰਾਂ ਦੇ ਹਸਪਤਾਲ ਵਿਚ ਸਧਾਰਣ ਮਰੀਜ਼ ਨੂੰ ਆਪਣੀ ਵਾਰੀ ਦੀ ਇੰਤਜ਼ਾਰ ‘ਚ 8 ਤੋਂ 10 ਘੰਟੇ ਉਡੀਕ ਕਰਨੀ ਪੈਂਦੀ ਹੈ। ਕਿਸੇ ਗੰਭੀਰ ਬੀਮਾਰੀ ਦੇ ਇਲਾਜ ਲਈ ਮਾਹਿਰ ਡਾਕਟਰਾਂ ਤੋਂ 8 ਤੋਂ 10 ਮਹੀਨੇ ਪਹਿਲਾਂ ਅਪੁਆਇਟਮੈਂਟ ਲੈਣੀ ਪੈਂਦੀ ਹੈ।

ਬਾਹਰ ਹੋਣ ਕਾਰਨ ਬਹੁਤ ਸਾਰੀਆਂ ਸੇਵਾਵਾਂ, ਮੈਡੀਕਲ ਬੀਮੇ ਤੇ ਜਿਵੇਂ ਦੰਦਾਂ ਸਬੰਧੀ ਬੀਮਾਰੀਆਂ ਦਾ ਇਲਾਜ ਭਾਰਤ ਨਾਲੋਂ ਬਹੁਤ ਹੀ ਜ਼ਿਆਦਾ ਮਹਿੰਗਾ ਹੈ, ਜੋ ਕਿ ਸਧਾਰਣ ਕੈਨੇਡਾ ਨਿਵਾਸੀ ਦੇ ਵਸ ਦਾ ਰੋਗ ਨਹੀਂ। ਅਕਸਰ ਦੇਖਿਆ ਜਾਂਦਾ ਹੈ ਕਿ ਹਰ ਭਾਰਤੀ ਕੈਨੇਡਾ ਤੋਂ ਚਲ ਕੇ ਇਥੇ ਭਾਰਤ ’ਚ ਕਦਮ ਰੱਖਣ ਤੋਂ ਬਾਅਦ ਆਪਣੇ ਇਲਾਜ ਲਈ ਪੰਜਾਬ ਜਾਂ ਭਾਰਤ ਦੇ ਹਸਪਤਾਲਾਂ ਨੂੰ ਭੱਜਦਾ ਹੈ। ਕੈਨੇਡਾ ਵਿਚ ਪੰਜਾਬ ਵਾਂਗ ਤੁਸੀਂ ਆਮ ਕੈਮਿਸਟ ਤੋਂ ਦੁਕਾਨ ਤੋਂ ਬਿਨ੍ਹਾਂ ਪਰਚੀ ਤੋਂ ਕੋਈ ਦਵਾਈ ਨਹੀਂ ਖ਼ਰੀਦ ਸਕਦੇ, ਜਿਸ ਕਾਰਨ ਤੁਹਾਨੂੰ ਸਿਰ ਪੀੜ ਦੀ ਗੋਲੀ ਲੈਣ ਲਈ ਵੀ ਹਸਪਤਾਲਾਂ ਦੇ ਲੰਮੇ ਚੱਕਰਾਂ ਵਿਚੋਂ ਲੰਘਣਾ ਪੈਂਦਾ ਹੈ। ਕੈਨੇਡਾ ਦੇ ਹਸਪਤਾਲਾਂ ਤੇ ਸਿਹਤ ਸਹੂਲਤਾਂ ਪੰਜਾਬ ਨਾਲੋਂ ਬਹੁਤ ਬਦਤਰ ਹਨ। ਹਰ ਹਸਪਤਾਲ ਵਿਚ ਬੈਂਡਾਂ ਦੀ ਘਾਟ ਕਾਰਨ ਅਕਸਰ ਮਰੀਜ ਸੋਫਿਆਂ ਤੇ ਜਾਂ ਬਰਾਂਡੇ ਵਿਚ ਪਏ ਨਜ਼ਰ ਆਉਣਗੇ।

ਹਸਪਤਾਲ ਦੇ ਡਾਕਟਰਾਂ ਦਾ ਮਰੀਜ਼ਾਂ ਨਾਲ ਸਿਹਤ ਸਹੂਲਤਾਂ ਨਾ ਮਿਲਣ ਕਾਰਨ ਹਰ ਰੋਜ਼ ਝਗੜਾ ਹੋਣਾ ਆਮ ਜਿਹੀ ਗੱਲ ਹੈ। ਹਰ ਰੋਜ਼ ਸਾਰੇ ਕੈਨੇਡਾ ਵਿਚ ਠੀਕ ਇਲਾਜ ਨਾ ਹੋਣ ਕਾਰਨ ਸੈਂਕੜੇ ਮੌਤਾਂ ਹੋ ਰਹੀਆਂ ਹਨ। ਇਸ ਸਾਰੇ ਸਿਸਟਮ ਤੋਂ ਅਕੇ ਸਰੀ ਹਸਪਤਾਲਾਂ ਦੇ ਡਾਕਟਰਾਂ ਨੇ ਪਬਲਿਕ ਤੇ ਪ੍ਰੈਸ ਅੱਗੇ ਆ ਕੇ ਹੁਣ ਆਪਣੀ ਮਜ਼ਬੂਰੀ ਦਾ ਰੋਣਾ ਰੋਇਆ ਹੈ। ਉਨ੍ਹਾਂ ਨੇ ਪੰਜਾਬੀਆਂ ਦੇ ਪ੍ਰਮੁੱਖ ਜਥੇਬੰਦੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਇਹ ਸਾਰਾ ਅਮਲਾ ਸਰਕਾਰ ਕੋਲ ਪਹੁੰਚਾਉਣ ਤੇ ਉਨ੍ਹਾਂ ਨੂੰ ਮਰੀਜ਼ਾਂ ਦੇ ਰੋਹ ਤੋਂ ਬਚਾਉਣ। ਉਨ੍ਹਾਂ ਕਿਹਾ ਕਿ ਹਸਪਤਾਲ ਵਿਚ ਮਰੀਜ਼ਾਂ ਦੀ ਗਿਣਤੀ ਦੇ ਮੁਕਾਬਲੇ ਬੈੱਡ, ਕਮਰੇ, ਮਸ਼ੀਨਾਂ ਤੇ ਸਟਾਫ਼ ਘੱਟ ਹੈ, ਜਿਸ ਕਾਰਨ ਉਹ ਇੰਨ੍ਹੀ ਭਾਰੀ ਗਿਣਤੀ ਵਿਚ ਉਵਰ ਟਾਈਮ ਲਾ ਕੇ ਵੀ ਮਰੀਜਾਂ ਨੂੰ ਦੇਖਣ ਤੋਂ ਅਸਮਰਥ ਹਨ, ਪਰ ਇਸ ਦੇ ਬਾਵਜੂਦ ਵੀ ਕੈਨੇਡਾ ਸਰਕਾਰ ਕੈਨੇਡਾ ਵਿਚ ਡਾਕਟਰਾਂ ਦੀ ਕਮੀ ਕਾਰਨ ਦੂਸਰੇ ਦੇਸ਼ਾਂ ਖ਼ਾਸਤੌਰ  ‘ਤੇ ਭਾਰਤ ਵਿਚ ਡਾਕਟਰਾਂ ਨੂੰ ਭਰਤੀ ਕਰਨ ਪ੍ਰਤੀ ਕੋਈ ਵਿਸ਼ੇਸ਼ ਰੂਚੀ ਨਹੀਂ ਦਿਖਾ ਰਹੀ ਹੈ। ਲੰਮੀ ਪ੍ਰਕਿਆ ਹੋਣ ਕਾਰਨ ਦੂਸਰੇ ਦੇਸ਼ਾਂ ਵਿਚੋਂ ਕੈਨੇਡਾ ਵਿਚ ਦਾਖ਼ਲ ਹੋਏ ਮਾਹਿਰ ਡਾਕਟਰ ਵੀ ਡਾਕਟਰੀ ਚਲਾਉਣ ਲਈ ਮਜ਼ਬੂਰ ਹਨ।           

Add a Comment

Your email address will not be published. Required fields are marked *