ਨਿਊਜ਼ੀਲੈਂਡ ‘ਚ ਦਸਤਾਰਧਾਰੀ ਖੜਗ ਸਿੰਘ ਲੇਬਰ ਪਾਰਟੀ ਵੱਲੋਂ ਲੜਨਗੇ ਆਮ ਚੋਣਾਂ

ਆਕਲੈਂਡ – ਨਿਊਜ਼ੀਲੈਂਡ ਵਿਚ ਇਸੇ ਸਾਲ ਅਕਤੂਬਰ ਵਿਚ ਹੋਣ ਵਾਲੀਆਂ ਆਮ ਚੋਣਾਂ ਲਈ ਲੇਬਰ ਪਾਰਟੀ ਨੇ ਆਪਣੇ ਉਮੀਦਵਾਰ ਚੁਣਨੇ ਸ਼ੁਰੂ ਕਰ ਦਿੱਤੇ ਹਨ। ਪਿਛਲੇ 6 ਸਾਲਾਂ ਤੋਂ ਨਿਊਜ਼ੀਲੈਂਡ ਦੀ ਵਾਗਡੋਰ ਸੰਭਾਲ ਰਹੀ ਲੇਬਰ ਪਾਰਟੀ ਨੇ ਪਹਿਲੀ ਵਾਰ ਇਕ ਦਸਤਾਰਧਾਰੀ ਸਿੱਖ ਖੜਗ ਸਿੰਘ ਨੂੰ  ਚੋਣ ਹਲਕੇ ‘ਬੌਟਨੀ’ ਤੋਂ ਆਪਣਾ ਸੰਸਦੀ ਉਮੀਦਵਾਰ ਐਲਾਨਿਆ ਹੈ, ਜਿਸ ਨਾਲ ਭਾਰਤੀ ਭਾਈਚਾਰੇ ਵਿਚ ਖ਼ੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਲੇਬਰ ਪਾਰਟੀ ਨੇ ਇਸਦੀ ਸੂਚਨਾ ਪ੍ਰੈਸ ਨੋਟ ਰਾਹੀਂ ਜਾਰੀ ਕੀਤੀ ਹੈ। ਖੜਗ ਸਿੰਘ ਪਹਿਲਾਂ ਇਸੇ ਹਲਕੇ ਤੋਂ ਅਤੇ ਨਾਲ ਲਗਦੇ ਇਲਾਕੇ ਮੈਨੁਰੇਵਾ ਤੋਂ ਲੋਕਲ ਬੋਰਡ ਦੀਆਂ ਕੌਂਸਲ ਚੋਣਾਂ ਦੇ ਵਿਚ ਵੀ ਕਿਸਮਤ ਅਜ਼ਮਾ ਚੁੱਕੇ ਹਨ। 

ਦੱਸ ਦੇਈਏ ਕਿ ਖੜਗ ਸਿੰਘ ਗ੍ਰੈਜੂਏਸ਼ਨ ਪੂਰੀ ਕਰਨ ਉਪਰੰਤ 1987 ’ਚ ਭਾਰਤ ਤੋਂ ਨਿਊਜ਼ੀਲੈਂਡ ਆਏ ਸਨ। ਇੱਥੇ ਸਖ਼ਤ ਮਿਹਨਤ ਕਰਕੇ ਉਨ੍ਹਾਂ ਨੇ 1995 ਵਿੱਚ ਇੱਕ ਕਾਰੋਬਾਰੀ ਦੇ ਰੂਪ ਵਿੱਚ ਆਪਣੀ ਪਹਿਲੀ ਸੁਪਰਮਾਰਕੀਟ ਖਰੀਦੀ। ਇਸ ਕਾਰੋਬਾਰ ਨੂੰ ਹੁਣ 27 ਸਾਲ ਹੋ ਗਏ ਹਨ ਅਤੇ ਉਹ ਮੈਨੁਕਾਊ ਹਾਈਟਸ ਵਿੱਖੇ ‘ਐਵਰਗਲੇਡ 4-ਸੁਕੇਅਰ’ ਦੇ ਮਾਲਕ ਹਨ। ਉੱਥੇ ਹੀ ਖੜਗ ਸਿੰਘ ਨੇ ਪਾਰਟੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਕਿਸੇ ਦਸਤਾਰਧਾਰੀ ਨੂੰ ਟਿਕਟ ਦੇ ਕੇ ਸੱਤਾਧਾਰੀ ਲੇਬਰ ਪਾਰਟੀ ਨੇ ਸਮੁੱਚੇ ਭਾਰਤੀਆਂ ਖਾਸ ਕਰ ਸਿੱਖ ਭਾਈਚਾਰੇ ਦਾ ਮਾਣ ਵਧਾਇਆ ਹੈ। ਬੌਟਨੀ ਹਲਕੇ ਦੇ ਵੋਟਰਾਂ ਲਈ ਲੇਬਰ ਪਾਰਟੀ ਦਾ ਉਮੀਦਵਾਰ ਨਿਯੁਕਤ ਹੋਣ ’ਤੇ ਮੈਂ ਮਾਣ ਮਹਿਸੂਸ ਕਰਦਾ ਹਾਂ। ਬੌਟਨੀ ਦੇ ਲੋਕਾਂ ਦੀ ਨੁਮਾਇੰਦਗੀ ਕਰਨਾ ਇੱਕ ਸਨਮਾਨ ਹੈ। 

Add a Comment

Your email address will not be published. Required fields are marked *