ਸਿੱਧੂ ਦੀ ਮਾਂ ਚਰਨ ਕੌਰ ਨੇ ਆਪਣੇ ਜਨਮਦਿਨ ਮੌਕੇ ਸਾਂਝੀ ਕੀਤੀ ਭਾਵੁਕ ਪੋਸਟ

ਚੰਡੀਗੜ੍ਹ – ਸਿੱਧੂ ਮੂਸੇ ਵਾਲਾ ਦੀ ਮਾਂ ਚਰਨ ਕੌਰ ਦਾ ਅੱਜ ਜਨਮਦਿਨ ਹੈ। ਆਪਣੇ ਜਨਮਦਿਨ ਮੌਕੇ ਚਰਨ ਕੌਰ ਨੇ ਮਰਹੂਮ ਪੁੱਤ ਸਿੱਧੂ ਮੂਸੇ ਵਾਲਾ ਨੂੰ ਯਾਦ ਕੀਤਾ ਹੈ। ਇਸ ਦੇ ਨਾਲ ਹੀ ਭਾਵੁਕ ਪੋਸਟ ਵੀ ਸਾਂਝੀ ਕੀਤੀ ਹੈ। ਪੋਸਟ ’ਚ ਲਿਖਿਆ ਹੈ, ‘‘ਮੈਂ ਪਹਿਲਾਂ ਬੇਟੀ ਬਣ ਤੁਹਾਡੇ ਨਾਨਕੇ ਘਰ ਜਨਮ ਲਿਆ, ਫਿਰ ਤੁਹਾਡੇ ਬਾਪੂ ਜੀ ਨਾਲ ਵਿਆਹ ਦੇ ਬੰਧਨ ’ਚ ਬੱਝ ਮੈਂ ਕਿੰਨੇ ਰਿਸ਼ਤੇ ਕਿਸੇ ਦੀ ਚਾਚੀ, ਤਾਈ, ਭਾਬੀ ਤੇ ਨੂੰਹ ਬਣ ਆਪਣੀ ਝੋਲੀ ਪਾਏ ਪਰ ਮੇਰੀ ਹੋਂਦ ਦਾ ਅਸਲ ਆਧਾਰ ਮੈਂ ਤੁਹਾਡੀ ਮਾਂ ਬਣ ਪਾਇਆ ਤੇ ਤੁਸੀਂ ਮੈਨੂੰ ਅਸਲ ’ਚ ਇਕ ਸੰਪੂਰਨ ਔਰਤ ਦਾ ਦਰਜਾ ਦਿਵਾਇਆ।’’

ਪੋਸਟ ’ਚ ਅੱਗੇ ਲਿਖਿਆ, ‘‘ਮੈਨੂੰ ਮਮਤਾ ਦਾ ਪਿਆਰ ਦਾ ਅਸਲ ਅਰਥ ਤੁਹਾਨੂੰ ਆਪਣੀ ਬੁੱਕਲ ’ਚ ਲੈ ਕੇ ਮਹਿਸੂਸ ਹੋਇਆ ਸੀ ਪਰ ਕੱਲ ਦਾ ਉਹੀ ਪਿਆਰ ਉਹੀ ਮਮਤਾ ਦਾ ਨਿੱਘ ਮੈਨੂੰ ਆਉਂਦੇ ਜਾਂਦੇ ਸਾਹ ਨਾਲ ਕਿੰਨੀਆਂ ਧਾਹਾਂ ਨਾਲ ਲੈ ਕੇ ਆ ਰਿਹਾ, ਅੱਜ ਵੀ ਮੈਂ ਤੁਹਾਨੂੰ ਕਮਰੇ ’ਚ ਬੈਠੀ ਉਡੀਕ ਰਹੀ ਸੀ ਕਿਉਂਕਿ ਹਮੇਸ਼ਾ ਮੈਂ ਪਹਿਲਾਂ ਤੁਹਾਡੇ ਤੋਂ ਆਪਣੇ ਜਨਮਦਿਨ ਦੀ ਵਧਾਈ ਕਬੂਲਦੀ ਸੀ ਪਰ ਅੱਜ ਤੁਹਾਡੀ ਤਸਵੀਰ ਨੂੰ ਆਪਣੀ ਬੁੱਕਲ ’ਚ ਲੈ ਕੇ ਤੁਹਾਨੂੰ ਮਹਿਸੂਸ ਕਰ ਰਹੀ ਹਾਂ ਮੇਰੇ ਬੱਚੇ, ਵਾਪਸ ਆ ਜਾਓ ਪੁੱਤ ਮੇਰੇ ਤੋਂ ਤੁਹਾਡੇ ਬਿਨਾਂ ਰਿਹਾ ਨਹੀਂ ਜਾ ਰਿਹਾ।’’

ਦੱਸ ਦੇਈਏ ਕਿ ਇਸ ਪੋਸਟ ਨਾਲ ਇਕ ਕੈਪਸ਼ਨ ਵੀ ਚਰਨ ਕੌਰ ਵਲੋਂ ਲਿਖੀ ਗਈ ਹੈ। ਕੈਪਸ਼ਨ ’ਚ ਲਿਖਿਆ ਹੈ, ‘‘ਸ਼ੁੱਭ ਪਿਛਲੇ ਜਨਮਦਿਨ ’ਤੇ ਤੁਸੀਂ ਮੁੰਬਈ ਸੀ ਰਾਤ 12 ਵਜੇ ਵਿਸ਼ ਕੀਤਾ ਸੀ ਪਰ ਇਸ ਵਾਰ ਮੈਂ ਉਡੀਕਦੀ ਰਹੀ ਤੁਸੀਂ ਮੈਨੂੰ ਵਿਸ਼ ਹੀ ਨਹੀਂ ਕੀਤਾ ਕੀ ਤੁਸੀਂ ਮੈਥੋਂ ਇੰਨੀ ਦੂਰ ਚਲੇ ਗਏ ਤੁਸੀਂ ਮੈਨੂੰ ਕਦੇ ਵੀ ਵਿਸ਼ ਨਹੀ ਕਰੋਗੇ। ਨਹੀ ਪੁੱਤ ਐਦਾਂ ਨਾ ਕਰੋ ਸਾਡਾ ਨਹੀਂ ਸਰਦਾ ਤੁਹਾਡੇ ਬਿਨਾਂ ਵਾਪਸ ਆ ਜਾਓ ਸ਼ੁੱਭ ਰੱਬ ਦਾ ਵਾਸਤਾ।’’

Add a Comment

Your email address will not be published. Required fields are marked *