ਸੀ.ਬੀ.ਐਸ.ਈ. 10ਵੀਂ ਤੇ 12ਵੀਂ ‘ਚ ਕੁੜੀਆਂ ਨੇ ਮਾਰੀ ਬਾਜ਼ੀ

ਨਵੀਂ ਦਿੱਲੀ, 12 ਮਈ (ਏਜੰਸੀ)-ਸੀ.ਬੀ.ਐਸ.ਈ. ਨੇ 10ਵੀਂ ਤੇ 12ਵੀਂ ਜਮਾਤ ਦੇ ਨਤੀਜੇ ਐਲਾਨ ਦਿੱਤੇ ਹਨ | 10ਵੀਂ ਜਮਾਤ ‘ਚ 93.12 ਫੀਸਦੀ ਵਿਦਿਆਰਥੀਆਂ ਨੇ ਪ੍ਰੀਖਿਆ ਪਾਸ ਕੀਤੀ ਹੈ, ਜੋ ਪਿਛਲੇ ਸਾਲ ਦੇ ਮੁਕਾਬਲੇ 1.28 ਫੀਸਦੀ ਘੱਟ ਹੈ | ਕੁੜੀਆਂ ਨੇ 94.25 ਪਾਸ ਪ੍ਰਤੀਸ਼ਤਤਾ ਦਰਜ ਕਰਦੇ ਹੋਏ ਇਕ ਵਾਰ ਫਿਰ ਮੁੰਡਿਆਂ ਨੂੰ ਪਛਾੜ ਦਿੱਤਾ ਹੈ | ਲੜਕਿਆਂ ਦੀ ਪਾਸ ਪ੍ਰਤੀਸ਼ਤਤਾ 92.27 ਰਹੀ | ਪਿਛਲੇ ਸਾਲ ਪਾਸ ਪ੍ਰਤੀਸ਼ਤਤਾ 94.40 ਸੀ | 1.34 ਲੱਖ ਤੋਂ ਵੱਧ ਵਿਦਿਆਰਥੀਆਂ ਨੂੰ ਕੰਪਾਰਟਮੈਂਟ ਸ਼੍ਰੇਣੀ ‘ਚ ਰੱਖਿਆ ਗਿਆ ਹੈ | ਇਸ ਤੋਂ ਇਲਾਵਾ 12ਵੀਂ ਜਮਾਤ ‘ਚ 87.33 ਫੀਸਦੀ ਵਿਦਿਆਰਥੀਆਂ ਨੇ ਪ੍ਰੀਖਿਆ ਪਾਸ ਕੀਤੀ ਹੈ, ਜੋ ਪਿਛਲੇ ਸਾਲ ਦੇ ਮੁਕਾਬਲੇ 5.38 ਫੀਸਦੀ ਘੱਟ ਹੈ | ਬੋਰਡ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਪਾਸ ਪ੍ਰਤੀਸ਼ਤਤਾ 2019 ‘ਚ ਕੋਵਿਡ ਤੋਂ ਪਹਿਲਾਂ ਦੀ ਮਿਆਦ ‘ਚ ਦਰਜ 83.40 ਨਾਲੋਂ ਵੱਧ ਹੈ | ਪਿਛਲੇ ਸਾਲ ਪਾਸ ਪ੍ਰਤੀਸ਼ਤਤਾ 92.71 ਸੀ | ਕੁੜੀਆਂ ਨੇ ਮੁੰਡਿਆਂ ਨੂੰ ਪਛਾੜਦਿਆਂ 6 ਪ੍ਰਤੀਸ਼ਤ ਅੰਕ ਵੱਧ ਪਾਸ ਹੋਣ ਦੀ ਦਰ ਦਰਜ ਕੀਤੀ ਹੈ | 16.60 ਲੱਖ ਤੋਂ ਵੱਧ ਵਿਦਿਆਰਥੀਆਂ ਨੇ 12ਵੀਂ ਜਮਾਤ ਦੀ ਪ੍ਰੀਖਿਆ ਦਿੱਤੀ ਸੀ | ਤਿ੍ਵੇਂਦਰਮ ਖੇਤਰ ‘ਚ ਸਭ ਤੋਂ ਵੱਧ 99.91 ਪਾਸ ਪ੍ਰਤੀਸ਼ਤਤਾ ਦਰਜ ਕੀਤੀ ਗਈ, ਜਦਕਿ ਪ੍ਰਯਾਗਰਾਜ ਖੇਤਰ ‘ਚ ਸਭ ਤੋਂ ਘੱਟ 78.05 ਪਾਸ ਪ੍ਰਤੀਸ਼ਤਤਾ ਦਰਜ ਕੀਤੀ ਗਈ | 1.25 ਲੱਖ ਤੋਂ ਵੱਧ ਵਿਦਿਆਰਥੀਆਂ ਨੂੰ ਕੰਪਾਰਟਮੈਂਟ ਸ਼੍ਰੇਣੀ ‘ਚ ਰੱਖਿਆ ਗਿਆ ਹੈ |
ਪਹਿਲੇ, ਦੂਜੇ ਤੇ ਤੀਜੇ ਸਥਾਨ ਨੂੰ ਰੱਦ ਕਰਨ ਦਾ ਫ਼ੈਸਲਾ
ਬੋਰਡ ਨੇ ਇਹ ਐਲਾਨ ਕੀਤਾ ਹੈ ਕਿ ਉਹ ‘ਗੈਰ-ਸਿਹਤਮੰਦ ਮੁਕਾਬਲੇ’ ਤੋਂ ਬਚਣ ਲਈ 10ਵੀਂ ਤੇ 12ਵੀਂ ਜਮਾਤ ਦੀ ਮੈਰਿਟ ਸੂਚੀ ਪ੍ਰਕਾਸ਼ਿਤ ਨਹੀਂ ਕਰੇਗਾ | ਇਸ ਸੰਬੰਧੀ ਅਧਿਕਾਰੀਆਂ ਨੇ ਕਿਹਾ ਕਿ ਬੋਰਡ ਨੇ ਵਿਦਿਆਰਥੀਆਂ ਦੇ ਪ੍ਰਦਰਸ਼ਨ ਦੇ ਆਧਾਰ ‘ਤੇ ਪਹਿਲੇ, ਦੂਜੇ ਤੇ ਤੀਜੇ ਸਥਾਨ ਨੂੰ ਰੱਦ ਕਰਨ ਦਾ ਫ਼ੈਸਲਾ ਕੀਤਾ ਹੈ | ਉਧਰ ਬੋਰਡ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਵਿਦਿਆਰਥੀਆਂ ‘ਚ ਗੈਰ-ਸਿਹਤਮੰਦ ਮੁਕਾਬਲੇ ਤੋਂ ਬਚਣ ਲਈ ਸੀ.ਬੀ.ਐਸ.ਈ. ਵਲੋਂ ਕੋਈ ਮੈਰਿਟ ਸੂਚੀ ਨਹੀਂ ਐਲਾਨੀ ਜਾਵੇਗੀ | ਹਾਲਾਂਕਿ ਬੋਰਡ ਵੱਖ-ਵੱਖ ਵਿਸ਼ਿਆਂ ‘ਚ ਸਭ ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੇ 0.1 ਪ੍ਰਤੀਸ਼ਤ ਵਿਦਿਆਰਥੀਆਂ ਨੂੰ ਮੈਰਿਟ ਸਰਟੀਫਿਕੇਟ ਜਾਰੀ ਕਰੇਗਾ |
10ਵੀਂ ਤੇ 12ਵੀਂ ਦੇ 3 ਲੱਖ ਤੋਂ ਵੱਧ ਵਿਦਿਆਰਥੀਆਂ ਦੇ 90 ਪ੍ਰਤੀਸ਼ਤ ਤੋਂ ਵੱਧ ਅੰਕ
10ਵੀਂ ਤੇ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ ‘ਚ 3.08 ਲੱਖ ਤੋਂ ਵੱਧ ਵਿਦਿਆਰਥੀਆਂ ਨੇ 90 ਫੀਸਦੀ ਤੋਂ ਵੱਧ ਅੰਕ ਪ੍ਰਾਪਤ ਕੀਤੇ ਹਨ, ਜਦਕਿ 66 ਹਜ਼ਾਰ ਤੋਂ ਵੱਧ ਵਿਦਿਆਰਥੀਆਂ ਨੇ 95 ਫ਼ੀਸਦੀ ਤੋਂ ਵੱਧ ਅੰਕ ਪ੍ਰਾਪਤ ਕੀਤੇ ਹਨ | ਬੋਰਡ ਨੇ ਵਿਦਿਆਰਥੀਆਂ ‘ਚ ਗੈਰ-ਸਿਹਤਮੰਦ ਮੁਕਾਬਲੇ ਨੂੰ ਖ਼ਤਮ ਕਰਨ ਲਈ ਮੈਰਿਟ ਸੂਚੀਆਂ ਦਾ ਐਲਾਨ ਕਰਨ ਤੇ ਅੰਕਾਂ ਦੇ ਆਧਾਰ ‘ਤੇ ਵੰਡੀਆਂ ਪਾਉਣ ਦੀ ਪ੍ਰਥਾ ਨੂੰ ਖ਼ਤਮ ਕਰ ਦਿੱਤਾ ਹੈ | 12ਵੀਂ ਜਮਾਤ ‘ਚ 1,12838 (1.12 ਲੱਖ) ਵਿਦਿਆਰਥੀਆਂ ਨੇ 90 ਪ੍ਰਤੀਸ਼ਤ ਤੋਂ ਵੱਧ ਅੰਕ ਪ੍ਰਾਪਤ ਕੀਤੇ ਹਨ ਤੇ 22622 ਵਿਦਿਆਰਥੀਆਂ ਨੇ 95 ਪ੍ਰਤੀਸ਼ਤ ਤੋਂ ਵੱਧ ਅੰਕ ਪ੍ਰਾਪਤ ਕੀਤੇ ਹਨ | 10ਵੀਂ ਜਮਾਤ ‘ਚ 1,95,799 (1.95 ਲੱਖ) ਵਿਦਿਆਰਥੀਆਂ ਨੇ 90 ਫੀਸਦੀ ਤੋਂ ਵੱਧ ਅੰਕ ਪ੍ਰਾਪਤ ਕੀਤੇ ਹਨ, ਜਦਕਿ 44297 ਨੇ 95 ਫੀਸਦੀ ਤੋਂ ਵੱਧ ਅੰਕ ਪ੍ਰਾਪਤ ਕੀਤੇ ਹਨ |
ਕੰਪਾਰਟਮੈਂਟ ਪ੍ਰੀਖਿਆ ਹੁਣ ਪੂਰਕ ਪ੍ਰੀਖਿਆ
ਸੀ.ਬੀ.ਐਸ.ਈ. ਨੇ ‘ਕੰਪਾਰਟਮੈਂਟ’ ਪ੍ਰੀਖਿਆ ਦੇ ਨਾਂਅ ਨੂੰ ਬਦਲ ਕੇ ‘ਪੂਰਕ’ ਪ੍ਰੀਖਿਆ ਕਰਨ ਦਾ ਫ਼ੈਸਲਾ ਕੀਤਾ ਹੈ | ਇਸ ਸੰਬੰਧੀ ਸੀ.ਬੀ.ਐਸ.ਈ. ਦੇ ਪ੍ਰੀਖਿਆ ਕੰਟਰੋਲਰ ਸੰਯਮ ਭਾਰਦਵਾਜ ਨੇ ਕਿਹਾ ਕਿ ਰਾਸ਼ਟਰੀ ਸਿੱਖਿਆ ਨੀਤੀ (ਐਨ.ਈ.ਪੀ.) ਵਲੋਂ ਕੀਤੀਆਂ ਸਿਫ਼ਾਰਸ਼ਾਂ ਅਨੁਸਾਰ ਸੀ.ਬੀ.ਐਸ.ਈ. ਨੇ ਕੰਪਾਰਟਮੈਂਟ ਪ੍ਰੀਖਿਆ ਨੂੰ ਪੂਰਕ ਪ੍ਰੀਖਿਆ ‘ਚ ਬਦਲ ਦਿੱਤਾ ਹੈ | ਵਿਦਿਆਰਥੀਆਂ ਨੂੰ ਪੂਰਕ ਪ੍ਰੀਖਿਆਵਾਂ ‘ਚ ਪ੍ਰਦਰਸ਼ਨ ‘ਚ ਸੁਧਾਰ ਕਰਨ ਲਈ ਵਧੇਰੇ ਮੌਕੇ ਪ੍ਰਦਾਨ ਕੀਤੇ ਜਾਣਗੇ | ਜਿੱਥੇ 10ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਸਪਲੀਮੈਂਟਰੀ ਪ੍ਰੀਖਿਆ ‘ਚ 2 ਵਿਸ਼ਿਆਂ ‘ਚ ਆਪਣੀ ਕਾਰਗੁਜ਼ਾਰੀ ਸੁਧਾਰਨ ਦਾ ਮੌਕਾ ਮਿਲੇਗਾ, ਉੱਥੇ ਹੀ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਇਕ ਵਿਸ਼ੇ ‘ਚ ਆਪਣੇ ਅੰਕ ਸੁਧਾਰਨ ਦਾ ਮੌਕਾ ਮਿਲੇਗਾ | ਉਨ੍ਹਾਂ ਅੱਗੇ ਕਿਹਾ ਕਿ ਜਿਨ੍ਹਾਂ ਵਿਦਿਆਰਥੀਆਂ ਨੂੰ ਪੂਰਕ ਸ਼੍ਰੇਣੀ ‘ਚ ਰੱਖਿਆ ਗਿਆ ਹੈ ਤੇ ਜੋ ਆਪਣੇ ਪ੍ਰਦਰਸ਼ਨ ‘ਚ ਸੁਧਾਰ ਕਰਨਾ ਚਾਹੁੰਦੇ ਹਨ, ਉਨ੍ਹਾਂ ਲਈ ਪ੍ਰੀਖਿਆ ਜੁਲਾਈ ‘ਚ ਕਰਵਾਈ ਜਾਵੇਗੀ ਤੇ ਤਰੀਕਾਂ ਦਾ ਐਲਾਨ ਜਲਦ ਹੀ ਕੀਤਾ ਜਾਵੇਗਾ |
ਅਗਲੇ ਸਾਲ 15 ਫਰਵਰੀ ਤੋਂ ਹੋਣਗੀਆਂ ਪ੍ਰੀਖਿਆਵਾਂ
ਸੀ.ਬੀ.ਐਸ.ਈ. ਨੇ ਐਲਾਨ ਕੀਤਾ ਹੈ ਕਿ ਅਗਲੇ ਸਾਲ ਲਈ 10ਵੀਂ ਤੇ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ 15 ਫਰਵਰੀ, 2024 ਤੋਂ ਸ਼ੁਰੂ ਹੋਣਗੀਆਂ |
ਮੋਦੀ ਵਲੋਂ ਵਿਦਿਆਰਥੀਆਂ ਨੂੰ ਵਧਾਈ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੀ.ਬੀ.ਐਸ.ਈ. 10ਵੀਂ ਤੇ 12ਵੀਂ ਜਮਾਤ ਦੀ ਪ੍ਰੀਖਿਆ ‘ਚ ਸਫਲਤਾਪੂਰਵਕ ਪਾਸ ਹੋਣ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਹੈ ਕਿ ਉਨ੍ਹਾਂ ਨੂੰ ਇਨ੍ਹਾਂ ਨੌਜਵਾਨਾਂ ਦੀ ਸਖ਼ਤ ਮਿਹਨਤ ਤੇ ਦਿ੍ੜ੍ਹ ਇਰਾਦੇ ‘ਤੇ ਮਾਣ ਹੈ |

Add a Comment

Your email address will not be published. Required fields are marked *