ਜ਼ਿਮਨੀ ਚੋਣ ਤੋਂ ਫਰੀ ਹੁੰਦੇ ਹੀ ਥਕਾਵਟ ਦੇ ਬਾਵਜੂਦ ਦਫ਼ਤਰਾਂ ‘ਚ ਹਾਜ਼ਰ ਹੋਏ ਮੰਤਰੀ

ਜਲੰਧਰ : ਜਲੰਧਰ ਲੋਕ ਸਭਾ ਸੀਟ ਲਈ ਪੋਲਿੰਗ ਬੁੱਧਵਾਰ ਨੂੰ ਸੰਪੰਨ ਹੋ ਜਾਣ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਅਤੇ ਉਨ੍ਹਾਂ ਦੇ ਮੰਤਰੀ ਮੰਡਲ ਦੇ ਸਾਥੀ ਸਰਕਾਰੀ ਕੰਮਕਾਜ ‘ਚ ਮੁੜ ਜੁੱਟ ਗਏ ਹਨ। ਜਲੰਧਰ ਉਪ-ਚੋਣ ਨੂੰ ਵੇਖਦੇ ਹੋਏ ਸੂਬੇ ਦੇ ਸਾਰੇ ਮੰਤਰੀਆਂ ਦੀਆਂ ਡਿਊਟੀਆਂ ਜਲੰਧਰ ਲੋਕ ਸਭਾ ਹਲਕੇ ‘ਚ ਪੈਂਦੇ 9 ਵਿਧਾਨ ਸਭਾ ਖੇਤਰਾਂ ‘ਚ ਲਗਾਈਆਂ ਗਈਆਂ ਸਨ। ਜਲੰਧਰ ਲੋਕ ਸਭਾ ਸੀਟ ਦੀ ਉਪ-ਚੋਣ ਵਾਸਤੇ ਆਮ ਆਦਮੀ ਪਾਰਟੀ ਲਈ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੂੰ ਇੰਚਾਰਜ ਬਣਾਇਆ ਗਿਆ ਸੀ। ਚੀਮਾ ਨੇ ਵੀ ਆਪਣਾ ਸਰਕਾਰੀ ਕੰਮਕਾਜ ਮੁੜ ਸ਼ੁਰੂ ਕਰ ਦਿੱਤਾ ਹੈ।

ਉਨ੍ਹਾਂ ਦੀ ਹੁਣ ਜ਼ਿੰਮੇਵਾਰੀ ਸੂਬੇ ਦੇ ਸਾਰੇ ਸਰਕਾਰੀ ਵਿਭਾਗਾਂ ਦੀ ਆਮਦਨ ਵਧਾਉਣ ਵੱਲ ਰਹੇਗੀ, ਤਾਂ ਜੋ ਪੰਜਾਬ ਨੂੰ ਆਰਥਿਕ ਤੌਰ ’ਤੇ ਮਜ਼ਬੂਤ ਬਣਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਪੰਜਾਬ ‘ਚ ਅਰਥ ਵਿਵਸਥਾ ਨੂੰ ਮਜ਼ਬੂਤ ਬਣਾਉਣਾ ਜ਼ਰੂਰੀ ਹੈ ਅਤੇ ਉਨ੍ਹਾਂ ਨੂੰ ਉਮੀਦ ਹੈ ਕਿ ਆਉਣ ਵਾਲੇ ਸਮੇਂ ‘ਚ ਜੀ. ਐੱਸ. ਟੀ. ਤੋਂ ਪ੍ਰਾਪਤ ਹੋਣ ਵਾਲੇ ਮਾਲੀਏ ‘ਚ ਵਾਧਾ ਹੋਵੇਗਾ। ਪੰਜਾਬ ਦੇ ਮਾਲ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੇ ਵੀ ਆਪਣਾ ਕਾਰਜ ਭਾਰ ਸੰਭਾਲ ਲਿਆ ਹੈ।

ਇਸੇ ਤਰ੍ਹਾਂ ਪੰਜਾਬ ਦੇ ਬਿਜਲੀ ਮੰਤਰੀ ਹਰਭਜਨ ਸਿੰਘ ਈ. ਟੀ. ਓ. ਨੇ ਵੀ ਸਰਕਾਰੀ ਵਿਭਾਗ ‘ਚ ਕੰਮ-ਕਾਜ ਮੁ਼ੜ ਸ਼ੁਰੂ ਕਰ ਦਿੱਤਾ ਹੈ ਅਤੇ ਅਧਿਕਾਰੀਆਂ ਨਾਲ ਆਪਣੇ ਵਿਭਾਗ ਸਬੰਧੀ ਸਲਾਹ-ਮਸ਼ਵਰਾ ਕੀਤਾ। ਹਾਲਾਂਕਿ ਉਪ-ਚੋਣ ਨੂੰ ਲੈ ਕੇ ਲੰਮੇ ਸਮੇਂ ਤੋਂ ਡਟੇ ਰਹਿਣ ਕਾਰਨ ਥਕਾਵਟ ਵੀ ਕਾਫ਼ੀ ਹੋ ਗਈ ਸੀ ਪਰ ਇਸ ਦੇ ਬਾਵਜੂਦ ਮੰਤਰੀ ਆਪਣੇ ਦਫ਼ਤਰ ‘ਚ ਹਾਜ਼ਰ ਹੋ ਗਏ। ਕੁੱਝ ਮੰਤਰੀ ਆਪਣੇ ਵਿਧਾਨ ਸਭਾ ਹਲਕਿਆਂ ‘ਚ ਚਲੇ ਗਏ। ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੇ ਦਾਅਵਾ ਕੀਤਾ ਕਿ ਆਮ ਆਦਮੀ ਪਾਰਟੀ ਇਹ ਜ਼ਿਮਨੀ ਚੋਣ ਜਿੱਤਣ ਜਾ ਰਹੀ ਹੈ ਕਿਉਂਕਿ ਲੋਕਾਂ ਦਾ ਭਾਰੀ ਸਮਰਥਨ ਸਾਨੂੰ ਮਿਲਿਆ ਹੈ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਨੀਤੀਆਂ ਨੂੰ ਜਨਤਾ ਨੇ ਸਲਾਹਿਆ ਹੈ।

Add a Comment

Your email address will not be published. Required fields are marked *