‘ਜਵਾਨ’ ਦੀ ਰਿਲੀਜ਼ ਡੇਟ ਬਦਲਣ ਦਾ ਸ਼ਾਹਰੁਖ ਖ਼ਾਨ ’ਤੇ ਹੀ ਪਵੇਗਾ ਅਸਰ

ਮੁੰਬਈ – ਕਿਆਸ ਲਗਾਈ ਜਾ ਰਹੀ ਹੈ ਕਿ ‘ਜਵਾਨ’ ਤੋਂ ਬਾਅਦ ਸ਼ਾਹਰੁਖ ਖ਼ਾਨ ਦੀ ‘ਡੰਕੀ’ ਫ਼ਿਲਮ ਵੀ ਅੱਗੇ ਸ਼ਿਫਟ ਹੋ ਸਕਦੀ ਹੈ। ‘ਜਵਾਨ’ ਪਹਿਲਾਂ 2 ਜੂਨ ਨੂੰ ਰਿਲੀਜ਼ ਹੋਣੀ ਸੀ। ਕਾਫੀ ਰੌਲੇ-ਰੱਪੇ ਤੋਂ ਬਾਅਦ ਫ਼ਿਲਮ ਦੀ ਰਿਲੀਜ਼ ਡੇਟ ਬਦਲ ਕੇ 7 ਸਤੰਬਰ ਕਰ ਦਿੱਤੀ ਗਈ ਹੈ ਕਿਉਂਕਿ ਫ਼ਿਲਮ ਦੇ VFX ਆਦਿ ਦਾ ਕੰਮ ਬਾਕੀ ਸੀ। ਹੁਣ ਅਜਿਹੀ ਹੀ ਖ਼ਬਰ ਰਾਜਕੁਮਾਰ ਹਿਰਾਨੀ ਦੀ ‘ਡੰਕੀ’ ਨੂੰ ਲੈ ਕੇ ਆ ਰਹੀ ਹੈ।

ਮਾਮਲਾ ਇਹ ਹੈ ਕਿ ‘ਜਵਾਨ’ 2 ਜੂਨ ਨੂੰ ਰਿਲੀਜ਼ ਹੋਣੀ ਸੀ ਤੇ ‘ਡੰਕੀ’ 6 ਮਹੀਨਿਆਂ ਬਾਅਦ ਦਸੰਬਰ ’ਚ ਆਉਣ ਵਾਲੀ ਸੀ ਪਰ ਹੁਣ ਸਮੱਸਿਆ ਇਹ ਹੈ ਕਿ ‘ਜਵਾਨ’ ਸਤੰਬਰ ’ਚ ਆ ਰਹੀ ਹੈ। ਇਸ ਤੋਂ ਬਾਅਦ ਸ਼ਾਹਰੁਖ ‘ਟਾਈਗਰ 3’ ’ਚ ਨਜ਼ਰ ਆਉਣਗੇ, ਜੋ ਨਵੰਬਰ ’ਚ ਆ ਰਹੀ ਹੈ ਤੇ ਇਕ ਮਹੀਨੇ ਬਾਅਦ ‘ਡੰਕੀ’ ਆ ਰਹੀ ਹੈ। ਯਾਨੀ ਸ਼ਾਹਰੁਖ ਖ਼ਾਨ ਚਾਰ ਮਹੀਨਿਆਂ ’ਚ ਤਿੰਨ ਫ਼ਿਲਮਾਂ ’ਚ ਨਜ਼ਰ ਆਉਣਗੇ, ਜੋ ਕਿ ਕੋਈ ਬਹੁਤੀ ਸਹੀ ਗਣਨਾ ਨਹੀਂ ਹੈ। ਚਾਰ ਸਾਲਾਂ ’ਚ ਕੋਈ ਫ਼ਿਲਮ ਨਹੀਂ ਕੀਤੀ ਤੇ ਹੁਣ ਚਾਰ ਮਹੀਨਿਆਂ ’ਚ ਤਿੰਨ ਫ਼ਿਲਮਾਂ। ਖ਼ਬਰਾਂ ਹਨ ਕਿ ‘ਡੰਕੀ’ ਦੀ ਰਿਲੀਜ਼ ਨੂੰ ਵੀ 2024 ਦੀ ਪਹਿਲੀ ਤਿਮਾਹੀ ’ਚ ਤਬਦੀਲ ਕੀਤਾ ਜਾ ਸਕਦਾ ਹੈ। ਹਾਲਾਂਕਿ ਇਹ ਸਾਰੀਆਂ ਅਫਵਾਹਾਂ ਹਨ ਕਿਉਂਕਿ ਅਧਿਕਾਰਤ ਤੌਰ ’ਤੇ ਇਸ ਬਾਰੇ ਕੁਝ ਨਹੀਂ ਕਿਹਾ ਗਿਆ ਸੀ।

‘ਡੰਕੀ’ ਜਿੰਨੀ ਸ਼ਾਹਰੁਖ ਖ਼ਾਨ ਦੀ ਫ਼ਿਲਮ ਹੈ, ਓਨੀ ਹੀ ਰਾਜਕੁਮਾਰ ਹਿਰਾਨੀ ਦੀ ਫ਼ਿਲਮ ਹੈ। ਹਿਰਾਨੀ ਉਨ੍ਹਾਂ ਫ਼ਿਲਮ ਨਿਰਮਾਤਾਵਾਂ ’ਚੋਂ ਨਹੀਂ ਹਨ, ਜੋ ਆਪਣੀਆਂ ਫ਼ਿਲਮਾਂ ਦੀ ਰਿਲੀਜ਼ ਡੇਟ ਬਦਲਦੇ ਰਹਿੰਦੇ ਹਨ। ਜਦੋਂ ਤੱਕ ਕੋਈ ਗੁੰਝਲਦਾਰ ਮੁੱਦਾ ਪੈਦਾ ਨਹੀਂ ਹੁੰਦਾ, ਉਹ ਅਜਿਹੀਆਂ ਗੱਲਾਂ ਤੋਂ ਬਚਦੇ ਹਨ। ਪਰ ਇਥੇ ਸਵਾਲ ਸ਼ਾਹਰੁਖ ਖ਼ਾਨ ਦੇ ਸਟਾਰਡਮ ਨੂੰ ਲੈ ਕੇ ਹੈ। ਹਰ ਕੋਈ ਡਰਦਾ ਹੈ ਕਿ ਉਸ ਦੀ ਹਾਲਤ ਅਕਸ਼ੇ ਕੁਮਾਰ ਵਰਗੀ ਨਾ ਹੋ ਜਾਵੇ। ਇਕ ਸਾਲ ’ਚ ਪੰਜ ਫ਼ਿਲਮਾਂ ਆਉਂਦੀਆਂ ਹਨ ਤੇ ਇਕ ਵੀ ਕੰਮ ਨਹੀਂ ਕਰਦੀ ਕਿਉਂਕਿ ਅਕਸ਼ੇ ਕੁਮਾਰ ਜਨਤਾ ਲਈ ਬਹੁਤ ਜ਼ਿਆਦਾ ਹੋ ਗਏ ਸਨ। ਜੇਕਰ ਤੁਸੀਂ ਥੀਏਟਰ ’ਚ ਜਾਓਗੇ ਤਾਂ ਉਥੇ ਅਕਸ਼ੇ ਦੀ ਫ਼ਿਲਮ ਹੋਵੇਗੀ।

ਅਕਸ਼ੇ ਦੀ ਫ਼ਿਲਮ ‘ਬੜੇ ਮੀਆਂ ਛੋਟੇ ਮੀਆਂ’ ਪਹਿਲਾਂ ਸ਼ਾਹਰੁਖ ਦੀ ‘ਡੰਕੀ’ ਨਾਲ ਤੈਅ ਸੀ ਪਰ ਹਾਲ ਹੀ ’ਚ ਇਹ ਐਲਾਨ ਕੀਤਾ ਗਿਆ ਸੀ ਕਿ ਹੁਣ ‘BMCM’ ਈਦ 2024 ’ਤੇ ਆਵੇਗੀ। ਅਜਿਹੇ ’ਚ ‘ਡੰਕੀ’ ਦੀ ਰਿਲੀਜ਼ ਦਾ ਰਸਤਾ ਸਾਫ ਹੋ ਗਿਆ ਹੈ ਪਰ ਹੁਣ ਦੇਖਣਾ ਇਹ ਹੋਵੇਗਾ ਕਿ ‘ਡੰਕੀ’ ਦਸੰਬਰ, 2023 ਦੀ ਤੈਅ ਤਾਰੀਖ਼ ’ਤੇ ਰਿਲੀਜ਼ ਹੁੰਦੀ ਹੈ ਜਾਂ ਇਸ ਨੂੰ ਅੱਗੇ ਵੀ ਵਧਾਇਆ ਜਾਂਦਾ ਹੈ।

‘ਡੰਕੀ’ ‘ਚ ਸ਼ਾਹਰੁਖ ਨਾਲ ਤਾਪਸੀ ਪੰਨੂ, ਬੋਮਨ ਇਰਾਨੀ ਅਤੇ ਸਤੀਸ਼ ਸ਼ਾਹ ਵਰਗੇ ਕਲਾਕਾਰ ਕੰਮ ਕਰ ਰਹੇ ਹਨ। ਇਹ ਫਿਲਮ 22 ਦਸੰਬਰ, 2023 ਨੂੰ ਰਿਲੀਜ਼ ਹੋਣ ਵਾਲੀ ਹੈ।

Add a Comment

Your email address will not be published. Required fields are marked *