ਸ੍ਰੀ ਦਰਬਾਰ ਸਾਹਿਬ ਨੇੜੇ ਹੋਏ ਧਮਾਕਿਆਂ ਬਾਰੇ ਘੱਟ ਗਿਣਤੀ ਕਮਿਸ਼ਨ ਚੇਅਰਮੈਨ ਲਾਲਪੁਰਾ ਨੇ CM ਮਾਨ ਨੂੰ ਲਿਖਿਆ ਪੱਤਰ

ਨਵੀਂ ਦਿੱਲੀ : ਕੌਮੀ ਘੱਟ ਗਿਣਤੀਆਂ ਕਮਿਸ਼ਨ ਦੇ ਪ੍ਰਧਾਨ ਇਕਬਾਲ ਸਿੰਘ ਲਾਲਪੁਰਾ ਨੇ ਪਿਛਲੇ ਦਿਨੀਂ ਪੰਜਾਬ ਦੇ ਅੰਮ੍ਰਿਤਸਰ ਵਿਚ ਸ੍ਰੀ ਦਰਬਾਰ ਸਾਹਿਬ ਨੇੜੇ ਹੈਰੀਟੇਜ ਸਟਰੀਟ ‘ਤੇ ਹੋਏ ਧਮਾਕਿਆਂ ਬਾਰੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੱਤਰ ਲਿਖ ਕੇ ਕਿਹਾ ਹੈ ਕਿ ਉਹ ਮਾਮਲੇ ਦੀ ਜਾਂਚ ਅਤੇ ਜ਼ਿੰਮੇਵਾਰ ਲੋਕਾਂ ਦੀ ਗ੍ਰਿਫ਼ਤਾਰੀ ਲਈ ਸਮਾਂਬੱਧ ਕਾਰਵਾਈ ਦੇ ਨਿਰਦੇਸ਼ ਦੇਣ।

ਲਾਲਪੁਰਾ ਨੇ ਪੱਤਰ ਵਿਚ ਲਿਖਿਆ, “ਲੱਖਾਂ ਸ਼ਰਧਾਲੂਆਂ ਵਿਚ ਇਹ ਭਾਵਨਾ ਹੈ ਕਿ ਧਮਾਕਿਆਂ ਤੋਂ ਬਾਅਦ ਘਟਨਾਵਾਂ ਦੀ ਫ਼ੌਰੀ ਜਾਂਚ ਲਈ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਇਸ ਤਰ੍ਹਾਂ ਦੀਆਂ ਘਟਨਾਵਾਂ ਲੋਕਾਂ ਦੇ ਮਨ ਵਿਚ ਡਰ ਪੈਦਾ ਕਰਦੀਆਂ ਹਨ ਤੇ ਉਨ੍ਹਾਂ ਨੂੰ ਧਾਰਮਿਕ ਅਸਥਾਨਾਂ ਦੀ ਯਾਤਰਾ ਕਰਨ ਤੋਂ ਰੋਕਦੀ ਹੈ।” ਉਨ੍ਹਾਂ ਨੇ ਮੁੱਖ ਮੰਤਰੀ ਨੂੰ ਇਹ ਵੀ ਕਿਹਾ ਹੈ ਕਿ ਘੱਟ ਗਿਣਤੀ ਸਿੱਖ ਭਾਈਚਾਰੇ ਦੇ ਹਿਤਾਂ ਦੀ ਰਾਖੀ ਲਈ ਹੀਲੇ ਕਰਨ ਤੇ ਉਭਰਦੀਆਂ ਚੁਣੌਤੀਆਂ ਦੇ ਮੱਦੇਨਜ਼ਰ ਸਿੱਖ ਭਾਈਚਾਰੇ ਵਿਚ ਵਿਸ਼ਵਾਸ ਪੈਦਾ ਕਰਨ ਲਈ ਕਦਮ ਚੁੱਕੇ ਜਾਣ। 

ਜ਼ਿਕਰਯੋਗ ਹੈ ਕਿ ਪੰਜਾਬ ਦੇ ਅੰਮ੍ਰਿਤਸਰ ਵਿਚ ਸ੍ਰੀ ਦਰਬਾਰ ਸਾਹਿਬ ਨੇੜੇ ‘ਹੈਰੀਟੇਜ ਸਟਰੀਟ’ ‘ਤੇ ਸੋਮਵਾਰ ਨੂੰ ਘੱਟ ਤੀਬਰਤਾ ਦਾ ਧਮਾਕਾ ਹੋਇਆ, ਜੋ 30 ਘੰਟਿਆਂ ਤੋਂ ਵੀ ਘੱਟ ਸਮੇਂ ਵਿਚ ਇਸ ਖੇਤਰ ਵਿਚ ਹੋਇਆ ਦੂਜਾ ਧਮਾਕਾ ਸੀ। ਇਸ ਧਮਾਕੇ ਵਿਚ ਇਕ ਵਿਅਕਤੀ ਜ਼ਖ਼ਮੀ ਹੋ ਗਿਆ। ਬੀਤੀ ਸ਼ਨੀਵਾਰ ਰਾਤ ਨੂੰ ਹੋਏ ਧਮਾਕੇ ਵਿਚ ਇਕ ਵਿਅਕਤੀ ਜ਼ਖ਼ਮੀ ਹੋ ਗਿਆ ਸੀ ਤੇ ਕੁੱਝ ਇਮਾਰਤਾਂ ਦੀਆਂ ਬਾਰੀਆਂ ਦੇ ਸ਼ੀਸ਼ੇ ਟੁੱਟ ਗਏ ਸਨ। 

Add a Comment

Your email address will not be published. Required fields are marked *