ਵਿਦੇਸ਼ੀ ਧਰਤੀ ‘ਤੇ 58 ਸਾਲਾ ਬਲਰਾਜ ਸਿੰਘ ਨੇ ਚਮਕਾਇਆ ਹੁਸ਼ਿਆਰਪੁਰ ਦਾ ਨਾਂ

ਹੁਸ਼ਿਆਰਪੁਰ- ਹੁਸ਼ਿਆਰਪੁਰ ਦੇ ਪ੍ਰਸਿੱਧ ਸਾਈਕਲਿਸਟ ਬਲਰਾਜ ਸਿੰਘ ਚੌਹਾਨ (ਬ੍ਰਾਂਡ ਅੰਬੈਸਡਰ ਮਿਉਂਸਿਪਲ ਕਾਰਪੋਰੇਸ਼ਨ ਹੁਸ਼ਿਆਰਪੁਰ ,ਸਵੱਛ ਭਾਰਤ ਮਿਸ਼ਨ ਅਤੇ ਕੌਫ਼ੀ ਹਾਓੂਸ) ਵੱਲੋਂ ਵਿਦੇਸ਼ ਦੀ ਧਰਤੀ ‘ਤੇ ਹੁਸ਼ਿਆਰਪੁਰ ਦਾ ਨਾਮ ਰੌਸ਼ਨ ਕਰਦਿਆਂ 1540 ਕਿਲੋਮੀਟਰ ਸਾਈਕਲ ਚਲਾ ਕੇ ਮੈਡਲ ਹਾਸਿਲ ਕੀਤਾ। ਅੱਜ ਹੁਸ਼ਿਆਰਪੁਰ ਦੇ ਪ੍ਰੈੱਸ ਕਲੱਬ ਵਿੱਚ ਕੌਮਾਂਤਰੀ ਸਾਈਕਲਿਸਟ ਬਲਰਾਜ ਸਿੰਘ ਚੌਹਾਨ ਵੱਲੋਂ ਇਕ ਪ੍ਰੈੱਸ ਕਾਨਫ਼ਰੰਸ ਕੀਤੀ ਗਈ, ਜਿੱਥੇ ਉਨ੍ਹਾਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਆਪਣੀਆਂ ਉਪਲੱਬਧੀਆਂ ਅਤੇ ਮੈਡਲ ਪ੍ਰਾਪਤੀ ਬਾਰੇ ਜਾਣਕਾਰੀਆਂ ਦਿੱਤੀਆਂ।

ਚੌਹਾਨ ਨੇ ਦੱਸਿਆ ਕਿ ਇੰਗਲੈਂਡ ਵਿਚ ਹੋਇਆ ਇਹ ਈਵੈਂਟ ਚੁਣੌਤੀਆਂ ਭਰਿਆ ਸੀ, ਜਿਸ ‘ਚ 70 ਦੇ ਕਰੀਬ ਦੇਸ਼ਾਂ ਦੇ 1500 ਤੋਂ ਵੱਧ ਸਾਈਕਲਿਸਟਾਂ ਨੇ ਹਿੱਸਾ ਲਿਆ। ਉਨ੍ਹਾਂ ਦੱਸਿਆ ਕਿ ਸਾਈਕਲਿੰਗ ਦੌਰਾਨ ਦਿਨ ਵੇਲੇ ਅਤਿ ਦੀ ਗਰਮੀ ਅਤੇ ਰਾਤ ਸਮੇਂ ਵਧੇਰੇ ਠੰਢ ਵਰਗੇ ਮੌਸਮ ਦਾ ਸਾਹਮਣਾ ਕਰਨਾ ਪੈਂਦਾ ਸੀ, ਜਿਸ ਕਾਰਨ ਉਨ੍ਹਾਂ ਦੀਆਂ ਬਾਹਾਂ ਵੀ ਝੁਲਸ ਗਈਆਂ ਅਤੇ ਉਨ੍ਹਾਂ ਨੂੰ ਕਈ ਸਰੀਰਕ ਸਮੱਸਿਆਵਾਂ ਦਾ ਸਾਹਮਣਾ ਵੀ ਕਰਨਾ ਪਿਆ।  ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਉਥੇ ਸਾਈਕਲਿੰਗ ਦੌਰਾਨ ਉਨ੍ਹਾਂ ਦੀਆਂ ਬਾਂਹਾਂ ਸੁੰਨ ਹੋ ਜਾਂਦੀਆਂ ਸਨ ਅਤੇ ਉਨ੍ਹਾਂ ਦੇ ਹੱਥ ਦੀਆਂ ਨਾੜਾਂ ਓੁੱਪਰ ਇਸ ਦਾ ਹੁਣ ਤਕ ਪ੍ਰਭਾਵ ਹੈ। ਇਸ ਤੋਂ ਇਲਾਵਾ ਉਥੇ ਭਾਸ਼ਾ ਸਬੰਧੀ ਵੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਸਾਰੇ ਸਾਈਕਲਿਸਟ ਵਿਸ਼ਵ ਭਰ ਦੇ ਵੱਖ-ਵੱਖ ਦੇਸ਼ਾਂ ਅਤੇ ਸ਼ਹਿਰਾਂ ਤੋਂ ਆਏ ਹੋਏ ਸਨ।

PunjabKesari

ਗੱਲਬਾਤ ਕਰਦਿਆਂ ਚੌਹਾਨ ਨੇ ਦੱਸਿਆ 2016 ਵਿੱਚ ਸ਼ੌਂਕੀਆ ਤੌਰ ‘ਤੇ ਸਾਈਕਲ ਚਲਾਉਣਾ ਸ਼ੁਰੂ ਕੀਤਾ ਸੀ। ਸ਼ੁਰੂਆਤ ਵਿੱਚ ਉਨ੍ਹਾਂ ਨੇ ਆਮ ਘਰੇਲੂ ਸਾਈਕਲ ਨਾਲ ਸ਼ਹਿਰ ਵਿੱਚ ਸਾਈਕਲ ਚਲਾਉਣ ਦੀ ਸ਼ੁਰੂਆਤ ਕੀਤੀ ਜੋਕਿ ਬਾਅਦ ਵਿੱਚ ਉਨ੍ਹਾਂ ਦਾ ਜਨੂੰਨ ਬਣ ਗਿਆ ਅਤੇ ਦੇਸ਼ ਤੇ ਵਿਦੇਸ਼ ਵਿੱਚ ਉਨ੍ਹਾਂ ਨੂੰ ਪ੍ਰਸਿੱਧ ਸਾਈਕਲਿਸਟ ਦੇ ਤੌਰ ‘ਤੇ ਪਛਾਣ ਮਿਲੀ। ਬਲਰਾਜ ਸਿੰਘ ਚੌਹਾਨ ਦੇ ਸਾਈਕਲਿੰਗ ਦੇ ਖੇਤਰ ਵਿੱਚ ਹਜ਼ਾਰਾਂ ਹੀ ਪ੍ਰਸ਼ੰਸਕ ਹਨ ਅਤੇ ਹੁਣ ਦੂਰੋਂ-ਦੂਰੋਂ ਨਵੇਂ ਸਾਈਕਲਿਸਟ ਉਨ੍ਹਾਂ ਨੂੰ ਮਿਲਣ ਅਤੇ ਉਨ੍ਹਾਂ ਦੇ ਤਜ਼ਰਬੇ ਜਾਣਨ ਲਈ ਉਨ੍ਹਾਂ ਕੋਲ ਆ ਰਹੇ ਹਨ ਅਤੇ ਉਨ੍ਹਾਂ ਦਾ ਸਨਮਾਨ ਕਰਨ ਲਈ ਵੱਖ-ਵੱਖ ਸ਼ਹਿਰਾਂ ਵਿੱਚ ਬੁਲਾਇਆ ਜਾ ਰਿਹਾ ਹੈ।

ਬਲਰਾਜ ਸਿੰਘ ਚੌਹਾਨ ਹੋਰ ਦੱਸਿਆ ਕਿ ਕਿਸੇ ਸਮੇਂ ਉਹ ਮਾਨਸਿਕ ਤਣਾਅ ਦਾ ਵੀ ਸ਼ਿਕਾਰ ਹੋ ਗਏ ਸਨ, ਜਿਸ ਕਾਰਨ ਉਨ੍ਹਾਂ ਨੂੰ ਕਈ ਸਰੀਰਕ ਬੀਮਾਰੀਆਂ ਘੇਰਾ ਪਾਉਣ ਲੱਗੀਆਂ ਪਰ ਕੁਝ ਸਮਾਂ ਦਵਾਈਆਂ ਖਾਣ ਤੋਂ ਬਾਅਦ ਉਨ੍ਹਾਂ ਨੇ ਠਾਣ ਲਿਆ ਕਿ ਉਹ ਹੁਣ ਹਸਪਤਾਲ ਜਾਣ ਦੀ ਥਾਂ ਖ਼ੁਦ ਸਿਹਤਯਾਬ ਹੋਣ ਦੇ ਹੀਲੇ ਵਸੀਲੇ ਕਰਨਗੇ, ਜਿਸ ਦੌਰਾਨ ਉਨ੍ਹਾਂ ਨੂੰ ਸਾਈਕਲ ਚਲਾਉਣ ਬਾਰੇ ਖਿਆਲ ਆਇਆ ਜੋ ਬਾਅਦ ਵਿੱਚ ਉਨ੍ਹਾਂ ਦਾ ਸ਼ੌਕ ਹੀ ਨਹੀਂ ਸਗੋਂ ਜਨੂੰਨ ਬਣ ਗਿਆ। 

ਚੌਹਾਨ ਨੇ ਹੋਰ ਦੱਸਿਆ ਕਿ ਉਨ੍ਹਾਂ ਉੱਤੇ ਇਕ ਅਜਿਹਾ ਸਮਾਂ ਵੀ ਆਇਆ ਜਦੋਂ ਡਾਕਟਰ ਨੇ ਉਨ੍ਹਾਂ ਦੇ ਸੱਜੇ ਗੋਡੇ ਵਿੱਚ ਲਗਾਤਾਰ ਦਰਦ ਰਹਿਣ ਉੱਤੇ ਉਨ੍ਹਾਂ ਨੂੰ ਸਾਰੀ ਜ਼ਿੰਦਗੀ ਦਵਾਈ ਖਾਣ ਅਤੇ ਕਸਰਤ ਨੂੰ ਛੱਡ ਕੇ ਆਰਾਮ ਕਰਨ ਦੀ ਸਲਾਹ ਦਿੱਤੀ ਪਰ ਬਚਪਨ ਤੋਂ ਹੀ ਖੇਡਾਂ ਨਾਲ ਜੁੜੇ ਹੋਣ ਕਾਰਨ ਬਲਰਾਜ ਸਿੰਘ ਚੌਹਾਨ ਨੇ ਖ਼ੁਦ ਨੂੰ ਤੰਦਰੁਸਤ ਰੱਖਣ ਲਈ ਘਰ ਵਿੱਚ ਹੀ ਪਏ ਇਕ ਸਾਧਾਰਨ ਸਾਈਕਲ ਤੋਂ ਸਾਈਕਲਿੰਗ ਦੀ ਸ਼ੁਰੂਆਤ ਕੀਤੀ ਅਤੇ ਅੱਜ ਇਸ ਮੁਕਾਮ ਤੱਕ ਪਹੁੰਚੇ ਹਨ। ਬਲਰਾਜ ਸਿੰਘ ਚੌਹਾਨ ਵੱਲੋਂ ਦਿਸੰਬਰ 2020 ‘ਚ ਇਕ ਲੱਖ ਕਿਲੋਮੀਟਰ ਸਾਈਕਲਿੰਗ ਕਰਕੇ ਆਪਣਾ ਨਾਮ ਇੰਡੀਆ ਬੁੱਕ ਆਫ਼ ਰਿਕਾਰਡਜ਼ ਵਿੱਚ ਵੀ ਦਰਜ ਕਰਵਾ ਚੁੱਕੇ ਹਨ।

ਜਦੋਂ ਪੱਤਰਕਾਰਾਂ ਵੱਲੋਂ ਸਾਈਕਲਿੰਗ ਉੱਤੇ ਹੋ ਰਹੇ ਖ਼ਰਚੇ ਬਾਰੇ ਸਵਾਲ ਕੀਤਾ ਤਾਂ ਬਲਰਾਜ ਸਿੰਘ ਚੌਹਾਨ ਨੇ ਇਹ ਗਿਲਾ ਕੀਤਾ ਕਿ ਇੰਨੇ ਇਨਾਮ ਜਿੱਤਣ ਅਤੇ ਦੇਸ਼ਾਂ-ਪ੍ਰਦੇਸ਼ਾਂ ਵਿੱਚ ਸੂਬੇ ਅਤੇ ਜ਼ਿਲ੍ਹੇ ਦਾ ਨਾਮ ਰੌਸ਼ਨ ਕਰਨ ਦੇ ਬਾਵਜੂਦ ਸਰਕਾਰਾਂ ਨੇ ਅਣਗੌਲਿਆਂ ਕੀਤਾ ਅਤੇ ਨਾ ਹੀ ਉਨ੍ਹਾਂ ਨੂੰ ਕਦੇ ਕਿਸੇ ਵੱਡੇ ਘਰਾਣੇ ਜਾਂ ਕੰਪਨੀ ਵੱਲੋਂ ਸਪਾਂਸਰ ਕੀਤਾ ਗਿਆ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਅਤੇ ਸੂਬੇ ਦਾ ਨਾਮ ਰੌਸ਼ਨ ਕਰਨ ਲਈ ਉਹ ਹੁਣ ਤੱਕ ਆਪਣੇ ਖ਼ਰਚੇ ਉੱਤੇ ਹੀ ਦੇਸ਼ ਅਤੇ ਪ੍ਰਦੇਸ਼ ਵਿੱਚ ਸਾਈਕਲਿੰਗ ਕਰਦੇ ਆ ਰਹੇ ਹਨ ਅਤੇ ਇਹ ਦੌਰ ਭਵਿੱਖ ਵਿੱਚ ਵੀ ਜਾਰੀ ਰਹੇਗਾ। 

Add a Comment

Your email address will not be published. Required fields are marked *