ਪ੍ਰਿਯੰਕਾ ਗਾਂਧੀ ਨੇ ਬੰਗਲੂਰੂ ਵਿੱਚ ਕੱਢਿਆ ਰੋਡ ਸ਼ੋਅ

ਹੈਦਰਾਬਾਦ, 8 ਮਈ-: ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਬੰਗਲੂਰੂ ਦੇ ਵਿਜੈਨਗਰ ’ਚ ਅੱਜ ਰੋਡ ਸ਼ੋਅ ਕੱਢਿਆ। ਰੋਡ ਸ਼ੋਅ ਦੌਰਾਨ ਵੱਡੀ ਗਿਣਤੀ ਲੋਕ ਸੜਕਾਂ ’ਤੇ ਇਕੱਤਰ ਹੋਏ। ਸੜਕਾਂ ਦੇ ਦੋਵੇਂ ਪਾਸਿਆਂ ’ਤੇ ਖੜ੍ਹੇ ਲੋਕਾਂ ਵੱਲ ਪ੍ਰਿਯੰਕਾ ਨੇ ਹੱਥ ਹਿਲਾ ਕੇ ਉਨ੍ਹਾਂ ਦਾ ਪਿਆਰ ਕਬੂਲਿਆ। ਲੋਕਾਂ ਨੇ ਉਨ੍ਹਾਂ ’ਤੇ ਫੁੱਲਾਂ ਦੀ ਵਰਖਾ ਵੀ ਕੀਤੀ। ਪ੍ਰਿਯੰਕਾ ਨੇ ਲੋਕਾਂ ਨੂੰ ਕਿਹਾ ਕਿ ਉਹ ਕਾਂਗਰਸ ਨੂੰ ਜਿਤਾਉਣਗੇ ਤਾਂ ਉਨ੍ਹਾਂ ਨਾਲ ਕੀਤੇ ਗਏ ਵਾਅਦਿਆਂ ਨੂੰ ਪੂਰਾ ਕੀਤਾ ਜਾਵੇਗਾ। ਕਾਂਗਰਸ ਆਗੂਆਂ ਰਾਹੁਲ ਗਾਂਧੀ, ਸੋਨੀਆ ਗਾਂਧੀ ਅਤੇ ਮਲਿਕਾਰਜੁਨ ਖੜਗੇ ਨੇ ਵੀ ਵੱਖ ਵੱਖ ਥਾਵਾਂ ’ਤੇ ਰੋਡ ਸ਼ੋਅ ਕੱਢੇ ਅਤੇ ਰੈਲੀਆਂ ਕੀਤੀਆਂ।

ਬਾਅਦ ’ਚ ਪ੍ਰਿਯੰਕਾ ਗਾਂਧੀ ਹੈਦਰਾਬਾਦ ’ਚ ਇਕ ਸਮਾਗਮ ’ਚ ਹਿੱਸਾ ਲੈਣ ਲਈ ਚਲੀ ਗਈ ਜਿਥੇ ਉਨ੍ਹਾਂ ਤਿਲੰਗਾਨਾ ਸਰਕਾਰ ’ਤੇ ਲੋਕਾਂ ਦੀਆਂ ਮੰਗਾਂ ਪੂਰੀਆਂ ਨਾ ਕਰਨ ਦੇ ਦੋਸ਼ ਲਾਏ। ਉਨ੍ਹਾਂ ਬੀਆਰਐੱਸ ਸਰਕਾਰ ’ਤੇ ਦੋਸ਼ ਲਾਇਆ ਕਿ ਸੂਬੇ ’ਚ 2014 ਤੋਂ ਲੈ ਕੇ ਹੁਣ ਤੱਕ 8 ਹਜ਼ਾਰ ਕਿਸਾਨਾਂ ਨੇ ਖੁਦਕੁਸ਼ੀ ਕੀਤੀ ਹੈ। ਕਾਂਗਰਸ ਆਗੂ ਨੇ ਕਿਹਾ ਕਿ ਜਿਹੜੇ ਸਰਕਾਰ ਦੇ ਨਜ਼ਦੀਕ ਹਨ, ਉਨ੍ਹਾਂ ਨੂੰ ਨੌਕਰੀਆਂ, ਪਾਣੀ ਅਤੇ ਫੰਡ ਮਿਲ ਰਹੇ ਹਨ। ਮੁੱਖ ਮੰਤਰੀ ਕੇ ਚੰਦਰਸ਼ੇਖਰ ਰਾਓ ’ਤੇ ਨਿਸ਼ਾਨਾ ਸੇਧਦਿਆਂ ਪ੍ਰਿਯੰਕਾ ਨੇ ਕਿਹਾ ਕਿ ਉਹ ਤਿਲੰਗਾਨਾ ਨੂੰ ਆਪਣੀ ਜਾਗੀਰ ਸਮਝਦੇ ਹਨ। ਇਸ ਦੌਰਾਨ ਕਾਂਗਰਸ ਨੇ ‘ਯੂਥ ਐਲਾਨਨਾਮਾ’ ਵੀ ਜਾਰੀ ਕੀਤਾ ਜਿਸ ’ਚ ਵਾਅਦਾ ਕੀਤਾ ਗਿਆ ਹੈ ਕਿ ਜੇਕਰ ਕਾਂਗਰਸ ਸੂਬੇ ਦੀ ਸੱਤਾ ’ਚ ਆਈ ਤਾਂ ਤਿਲੰਗਾਨਾ ਦੇ ਨੌਜਵਾਨਾਂ ਨੂੰ ਤਰਜੀਹ ਦਿੱਤੀ ਜਾਵੇਗੀ।

Add a Comment

Your email address will not be published. Required fields are marked *