ਇਟਲੀ ਦੇ ਵੱਖ-ਵੱਖ ਸ਼ਹਿਰਾਂ ਦੇ ਮੇਅਰਾਂ ਨੇ ਗੁਰਦੁਆਰਾ ਸਾਹਿਬ ਦੀ ਨਵੀਂ ਇਮਾਰਤ ਦੀ ਕੀਤੇ ਦਰਸ਼ਨ

ਰੋਮ : ਸਿੱਖ ਧਰਮ ਦੀ ਵਿਸ਼ਾਲਤਾ ਅਤੇ ਗੌਰਵਮਈ ਸਿੱਖ ਇਤਿਹਾਸ ਤੋਂ ਵਿਦੇਸ਼ੀ ਲੋਕ ਵੀ ਖੂਬ ਪ੍ਰਭਾਵਿਤ ਹੋ ਰਹੇ ਹਨ। ਇਸੇ ਪ੍ਰਕਾਰ ਇਟਲੀ ਦੇ ਵਿਚੈਂਸਾ ਜ਼ਿਲ੍ਹੇ ਚ ਸਥਿੱਤ ਗੁਰਦੁਆਰਾ ਸਾਹਿਬ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਜੀ ਸੇਵਾ ਸੁਸਾਇਟੀ ਲੋਨੀਗੋ ਦੀ ਨਵੀਂ ਬਣੀ ਇਮਾਰਤ ਦੇ ਦਰਸ਼ਨਾਂ ਲਈ ਬੀਤੇ ਦਿਨ ਇਟਲੀ ਦੇ ਵੱਖ-ਵੱਖ ਸ਼ਹਿਰਾਂ ਦੇ ਮੇਅਰ ਅਤੇ ਅਨੇਕਾਂ ਅਧਿਕਾਰੀ ਪਹੁੰਚੇ ਅਤੇ ਗੁਰੂ ਘਰ ਨਤਮਸਤਕ ਹੋਏ। ਉਹਨਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਦਬ ਅਤੇ ਸਤਿਕਾਰ ਸਾਹਿਤ ਮੱਥਾ ਟੇਕਿਆ ਅਤੇ ਗੁਰਬਾਣੀ ਕੀਰਤਨ ਸੁਣਿਆ।

ਇਸ ਮੌਕੇ ਸੰਗਤ ਦੇ ਇਕੱਠ ਨੂੰ ਸਬੋਧਿਤ ਹੁੰਦਿਆਂ ਇਨਾਂ ਇਟਾਲੀਅਨ ਹਸਤੀਆਂ ਨੇ ਕਿਹਾ ਕਿ ਸਿੱਖ ਧਰਮ ਸੱਚਮੁੱਚ ਹੀ ਅਤਿ ਮਹਾਨ ਧਰਮ ਹੈ ਅਤੇ ਇਹ ਧਰਮ ਸਮੁੱਚੀ ਮਾਨਵਤਾ ਦੀ ਭਲਾਈ ਦੇ ਸਿਧਾਂਤ ਨੂੰ ਲੈ ਕੇ ਚੱਲਦਾ ਹੈ। ਦੱਸਣਯੋਗ ਹੈ ਕਿ ਲੋਨੀਗੋ ਗੁਰਦੁਆਰਾ ਸਾਹਿਬ ਦੀ ਨਵੀਂ ਇਮਾਰਤ ਦੀ ਉਸਾਰੀ ਦੇ ਕਾਰਜ ਵਿੱਚ ਵੀ ਇਨਾਂ ਇਟਾਲੀਅਨ ਸ਼ਖਸੀਅਤਾਂ ਨੇ ਭਰਪੂਰ ਸਹਿਯੋਗ ਦਿੱਤਾ ਹੈ। ਗੁਰਦੁਆਰਾ ਸਾਹਿਬ ਪਹੁੰਚਣ ‘ਤੇ ਪ੍ਰਬੰਧਕ ਕਮੇਟੀ ਲੋਨੀਗੋ ਦੁਆਰਾ ਇਹਨਾਂ ਇਟਾਲੀਅਨ ਸ਼ਖਸੀਅਤਾਂ ਅਤੇ ਗੁਰ ਘਰ ਦੀ ਉਸਾਰੀ ਵਿਚ ਯੋਗਦਾਨ ਪਾਉਣ ਵਾਲੇ ਦਾਨੀ ਸੱਜਣਾ ਅਤੇ ਵੱਖ-ਵੱਖ ਪ੍ਰਬੰਧਕ ਕਮੇਟੀਆਂ ਦਾ ਵਿਸ਼ੇਸ਼ ਤੌਰ ‘ਤੇ ਸਨਮਾਨ ਵੀ ਕੀਤਾ ਗਿਆ।

Add a Comment

Your email address will not be published. Required fields are marked *