ਪਾਕਿਸਤਾਨ ਨੇ ਪੰਜਵੜ ਦੇ ਕਤਲ ਨੂੰ ਇਕ ‘ਪ੍ਰਾਪਰਟੀ ਡੀਲਰ’ ਦਾ ਕਤਲ ਦੱਸ ਕੇ ਦੁਨੀਆ ਨੂੰ ਕੀਤਾ ਗੁੰਮਰਾਹ

ਲਾਹੌਰ –ਬੀਤੇ ਦਿਨੀਂ ਲਾਹੌਰ ਦੇ ਸਨ-ਫਲਾਵਰ ਹਾਊਸਿੰਗ ਸੋਸਾਇਟੀ ’ਚ ਮੋਟਰਸਾਈਕਲ ਸਵਾਰ 2 ਬੰਦੂਕਧਾਰੀਆਂ ਵੱਲੋਂ ਖ਼ਾਲਿਸਤਾਨ ਕਮਾਂਡੋ ਫੋਰਸ ਦੇ ਖ਼ੁਦ ਬਣੇ ਚੀਫ ਪਰਮਜੀਤ ਸਿੰਘ ਪੰਜਵੜ ਦਾ ਸੈਰ ਕਰਦੇ ਸਮੇਂ ਗੋਲ਼ੀ ਮਾਰ ਕੇ ਕੀਤੇ ਕਤਲ ਦੇ ਸਬੰਧ ’ਚ ਪਾਕਿਸਤਾਨ ਨੇ ਇਹ ਕਹਿ ਕਿ ਦੁਨੀਆ ਨੂੰ ਗੁੰਮਰਾਹ ਕੀਤਾ ਕਿ ਮਰਨ ਵਾਲਾ ਇਕ ਪ੍ਰਾਪਰਟੀ ਡੀਲਰ ਸੀ। ਆਈ. ਐੱਸ. ਆਈ. ਦੇ ਕਹਿਣ ਉੱਤੇ ਹੀ ਤਾਜ ਹੁਸੈਨ ਸੇਠ ਸਮੱਗਲਰ ਨੇ ਪੰਜਵੜ ਨੂੰ ਸਨ-ਫਲਾਵਰ ਹਾਊਸਿੰਗ ਸੋਸਾਇਟੀ ’ਚ ਸ਼ਾਨਦਾਰ ਮਕਾਨ ਉਪਲੱਬਧ ਕਰਵਾਇਆ ਸੀ। ਹੁਣ ਉੱਚ ਪੁਲਸ ਅਧਿਕਾਰੀਆਂ ਨੇ ਦੁਨੀਆ ਨੂੰ ਇਹ ਦੱਸਿਆ ਕਿ ਜਿਸ ਸਿੱਖ ਵਿਅਕਤੀ ਦਾ ਗੋਲ਼ੀ ਮਾਰ ਕੇ ਕਤਲ ਕੀਤਾ ਗਿਆ ਹੈ, ਉਹ ਸੋਸਾਇਟੀ ’ਚ ਸਰਦਾਰ ਸਿੰਘ ਦੇ ਨਾਂ ਨਾਲ ਰਹਿ ਰਿਹਾ ਸੀ।

ਸਰਹੱਦ ਪਾਰ ਸੂਤਰਾਂ ਅਨੁਸਾਰ ਇਹ ਸਾਰੇ ਜਾਣਦੇ ਹਨ ਕਿ ਪਰਮਜੀਤ ਸਿੰਘ ਪੰਜਵੜ ਇਕ ਖਾਲਿਸਤਾਨੀ ਵਿਚਾਰਧਾਰਾ ਦਾ ਵਿਅਕਤੀ ਸੀ ਅਤੇ ਸਾਲ 1991 ਤੋਂ ਪਾਕਿਸਤਾਨ ’ਚ ਸ਼ਰਨ ਲਈ ਬੈਠਾ ਸੀ। ਉਹ ਲੰਬੇ ਸਮੇਂ ਤੋਂ ਭਾਰਤ ਵਿਰੋਧੀ ਗਤੀਵਿਧੀਆਂ ਚਲਾ ਰਿਹਾ ਸੀ। ਪਰਮਜੀਤ ਸਿੰਘ ਪੰਜਵੜ ਕੁੱਝ ਮਹੀਨਿਆਂ ਤੋਂ ਆਈ. ਐੱਸ. ਆਈ. ਦੀ ਮਦਦ ਨਾਲ ਅਤੇ ਅੰਤਰਰਾਸ਼ਟਰੀ ਪੱਧਰ ਦੇ ਸਮੱਗਲਰ ਗਫੂਰਾ ਪਟਵਾਰੀ ਅਤੇ ਤਾਜ ਹੁਸੈਨ ਸੇਠ ਦੀ ਮਦਦ ਨਾਲ ਪਾਕਿਸਤਾਨ ਤੋਂ ਨਸ਼ੇ ਵਾਲੇ ਪਦਾਰਥ ਅਤੇ ਛੋਟੇ ਹਥਿਆਰ ਭਾਰਤ ਭੇਜ ਰਿਹਾ ਸੀ ।

ਪਾਕਿਸਤਾਨ ’ਚ ਉੱਚ ਪੱਧਰੀ ਹਲਕਿਆਂ ’ਚ ਚਰਚਾ ਹੈ ਕਿ ਪਰਮਜੀਤ ਸਿੰਘ ਪੰਜਵੜ ਦੀ ਹੱਤਿਆ ਦੇ ਪਿੱਛੇ ਖਾਲਿਸਤਾਨ ਜ਼ਿੰਦਾਬਾਦ ਫੋਰਸ ਦੇ ਮੁਖੀ ਰਣਜੀਤ ਸਿੰਘ ਨੀਟਾ ਦਾ ਹੱਥ ਹੈ। ਪਹਿਲਾਂ ਰਣਜੀਤ ਸਿੰਘ ਨੀਟਾ ਆਈ. ਐੱਸ. ਆਈ. ਦਾ ਵਿਸ਼ੇਸ਼ ਕ੍ਰਿਪਾਪਾਤਰ ਬਣਿਆ ਹੋਇਆ ਸੀ। ਨੀਟਾ ਭਾਰਤੀ ਪੰਜਾਬ ਅਤੇ ਜੰਮੂ-ਕਸ਼ਮੀਰ ’ਚ ਹੈਰੋਇਨ ਅਤੇ ਹਥਿਆਰ ਭੇਜ ਰਿਹਾ ਸੀ ਅਤੇ ਕੁੱਝ ਮਹੀਨਿਆਂ ਤੋਂ ਆਈ. ਐੱਸ. ਆਈ. ਨੇ ਰਣਜੀਤ ਸਿੰਘ ਨੀਟਾ ਨੂੰ ਪਿੱਛੇ ਕਰ ਕੇ ਪਰਮਜੀਤ ਸਿੰਘ ਪੰਜਵੜ ਨੂੰ ਸਾਰੀ ਕਮਾਨ ਸੌਂਪ ਰੱਖੀ ਸੀ, ਜਿਸ ਕਾਰਨ ਪਰਮਜੀਤ ਸਿੰਘ ਪੰਜਵੜ ਅਤੇ ਰਣਜੀਤ ਸਿੰਘ ਨੀਟਾ ’ਚ ਤਣਾਅ ਬਣਿਆ ਹੋਇਆ ਸੀ।

Add a Comment

Your email address will not be published. Required fields are marked *