ਪੰਜਾਬ ਦੀ ਹਾਲਤ ਜੋ ਇਨ੍ਹਾਂ 13 ਮਹੀਨਿਆਂ ਵਿਚ ਹੋਈ, ਉਹ ਕਦੀ ਨਹੀਂ ਦੇਖੀ: ਅਵਿਨਾਸ਼ ਰਾਏ ਖੰਨਾ

ਜਲੰਧਰ : ਪੰਜਾਬ ਭਾਜਪਾ ਦੇ ਸਾਬਕਾ ਪ੍ਰਧਾਨ ਅਤੇ ਸਾਬਕਾ ਸੰਸਦ ਮੈਂਬਰ ਅਵਿਨਾਸ਼ ਰਾਏ ਖੰਨਾ ਨੇ ਦਾਅਵਾ ਕੀਤਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ‘ਚ ਪਿਛਲੇ 9 ਸਾਲਾਂ ‘ਚ ਦੇਸ਼ ‘ਚ ਜਿੰਨਾ ਵਿਕਾਸ ਹੋਇਆ ਹੈ, ਓਨਾ ਕਦੇ ਨਹੀਂ ਹੋਇਆ। ਲੋਕਾਂ ਨੂੰ ਸਹੂਲਤਾਂ ਮਿਲ ਰਹੀਆਂ ਹਨ। ਪਰ ਇਸ ਦੇ ਉਲਟ ਪੰਜਾਬ ਦੀ ਹਾਲਤ ਜੋ ਇਨ੍ਹਾਂ 13 ਮਹੀਨਿਆਂ ਵਿਚ ਹੋਈ ਹੈ, ਉਹ ਪਹਿਲਾਂ ਕਦੇ ਵੀ ਨਹੀਂ ਬਣੀ। ਅੱਜ ਇੱਥੇ ਜੱਗ ਬਾਣੀ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਉਨ੍ਹਾਂ ਜਲੰਧਰ ਲੋਕ ਸਭਾ ਚੋਣਾਂ ਬਾਰੇ ਵਿਚਾਰ ਚਰਚਾ ਕੀਤੀ

ਪੰਜਾਬ ਵਿਚ ਪਹਿਲੀ ਵਾਰ ਭਾਜਪਾ ਬਿਨਾਂ ਕਿਸੇ ਗਠਜੋੜ ਤੋਂ ਲੋਕ ਸਭਾ ਚੋਣ ਲੜ ਰਹੀ ਹੈ। ਇਸ ਵਾਰ ਲੱਗਦਾ ਹੈ ਕਿ ਭਾਜਪਾ ਪਿੰਡਾਂ ਵਿਚ ਚੰਗਾ ਪ੍ਰਦਰਸ਼ਨ ਕਰੇਗੀ ਕਿਉਂਕਿ ਸ਼ਹਿਰੀ ਵੋਟ ਤਾਂ ਪਹਿਲਾਂ ਹੀ ਭਾਜਪਾ ਦੇ ਨਾਲ ਸੀ ਪਰ ਹੁਣ ਪਿੰਡਾਂ ਦੇ ਲੋਕ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕੰਮ ਕਰਨ ਦੇ ਢੰਗਾਂ ਤੋਂ ਪ੍ਰਭਾਵਿਤ ਹਨ। ਪੰਜਾਬ ਦੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਕੇਂਦਰ ਤੋਂ ਲਗਾਤਾਰ ਗਰਾਂਟਾਂ ਮਿਲ ਰਹੀਆਂ ਹਨ। ਲੋਕਾਂ ਨੂੰ ਆਯੁਸ਼ਮਾਨ ਕਾਰਡ ਅਤੇ ਈ-ਸ਼੍ਰਮ ਕਾਰਡ ਦਾ ਲਾਭ ਮਿਲ ਰਿਹਾ ਹੈ। ਪਿੰਡਾਂ ਵਿਚ ਘਰ ਤੇ ਪਖਾਨੇ ਬਣ ਰਹੇ ਹਨ, ਇਹ ਸਭ ਕੇਂਦਰ ਦੀ ਮੋਦੀ ਸਰਕਾਰ ਦਾ ਅਜੂਬਾ ਹੈ। ਜ਼ਾਹਿਰ ਹੈ ਕਿ ਪਿੰਡਾਂ ਦੇ ਲੋਕ ਵੀ ਭਾਜਪਾ ਦੇ ਹੱਕ ਵਿਚ ਵਿਸ਼ਵਾਸ ਦਿਖਾਉਣ ਲੱਗ ਪਏ ਹਨ।

ਜੋ ਆਮ ਆਦਮੀ ਪਾਰਟੀਦੇ ਲੋਕ ਕਰ ਰਹੇ ਹਨ, ਇਸ ਨੂੰ ਪ੍ਰਾਪਤੀਆਂ ਨਹੀਂ, ਸਗੋਂ ‘ਗੱਪ’ ਕਿਹਾ ਜਾਂਦਾ ਹੈ। ਇਨ੍ਹਾਂ ਲੋਕਾਂ ਕਾਰਨ ਸੂਬੇ ਦਾ ਵਿਕਾਸ ਹੁਣ ਸਿਰਫ਼ ਇਸ਼ਤਿਹਾਰਾਂ ਵਿਚ ਹੀ ਰਹਿ ਗਿਆ ਹੈ। ‘ਆਪ’ ਦੇ ਹਰ ਆਗੂ ਨੇ ਝੂਠ ‘ਤੇ ਪੀ.ਐੱਚ.ਡੀ. ਕੀਤੀ ਹੋਈ ਹੈ। ਮੁਹੱਲਾ ਕਲੀਨਿਕਾਂ ਦੇ ਦਾਅਵੇ ਕਰਦੇ ਹਨ, ਪਰ ਤੁਸੀਂ ਹੈਰਾਨ ਹੋਵੋਗੇ ਕਿ ਮੁੱਢਲੇ ਸਿਹਤ ਕੇਂਦਰਾਂ ਨੂੰ ਬੰਦ ਕਰਨ ਤੋਂ ਬਾਅਦ ਇਹ ਕਲੀਨਿਕ ਬਣਾਏ ਗਏ। ਸਿਹਤ ਕੇਂਦਰਾਂ ਵਿਚ ਚਾਰ ਡਾਕਟਰ ਬੈਠਦੇ ਸਨ ਪਰ ਕਲੀਨਿਕਾਂ ਵਿਚ ਹੁਣ 1-1 ਡਾਕਟਰ ਬੈਠ ਰਿਹਾ ਹੈ। ਇਸ ਤੋਂ ਅਸੀਂ ਹੁਣ ਅੰਦਾਜ਼ਾ ਲਗਾ ਸਕਦੇ ਹਾਂ ਕਿ ਉਨ੍ਹਾਂ ਦੇ ਦਾਅਵਿਆਂ ਵਿਚ ਕਿੰਨੀ ਤਾਕਤ ਹੈ। ਜਿੱਥੋਂ ਤੱਕ ਬਿਜਲੀ ਮੁਆਫੀ ਦਾ ਸਵਾਲ ਹੈ, ਲੋਕ ਇਸ ਗੱਲੋਂ ਵੀ ਡਰੇ ਹੋਏ ਹਨ ਕਿ ਕਿਤੇ 13 ਮਈ ਤੋਂ ਬਾਅਦ ਬਿਜਲੀ ਦੇ ਬਿੱਲ ਆਉਣੇ ਸ਼ੁਰੂ ਨਾ ਹੋ ਜਾਣ।

ਭਾਜਪਾ ਹੁਣ ਆਪਣੇ ਦਮ ‘ਤੇ ਚੋਣਾਂ ਲੜ ਰਹੀ ਹੈ। ਨਾ ਸਮਰਥਨ ਦੇਵੇਗੀ ਅਤੇ ਨਾ ਹੀ ਸਮਰਥਨ ਲਵੇਗੀ। ਜਿੱਥੋਂ ਤਕ ਚਰਚਾ ਦੀ ਗੱਲ ਹੈ ਤਾਂ ਪ੍ਰਧਾਨ ਮੰਤਰੀ ਸਮਾਜਿਕ ਜ਼ਿੰਮੇਵਾਰੀ ਵਜੋਂ ਖੁਦ ਸਵ. ਬਾਦਲ ਦੀ ਮੌਤ ‘ਤੇ ਆਏ ਸਨ, ਇਸ ਤੋਂ ਇਲਾਵਾ ਹੋਰ ਕੋਈ ਕਾਰਨ ਨਹੀਂ ਸੀ। ਜਲੰਧਰ ਲੋਕ ਸਭਾ ਅਧੀਨ 9 ਸੀਟਾਂ ਹਨ, ਜਿਨ੍ਹਾਂ ‘ਚ ਭਾਜਪਾ ਦਾ ਇਕ ਵੀ ਵਿਧਾਇਕ ਨਹੀਂ ਹੈ ਪਰ ਅਜਿਹੇ ‘ਚ ਜੰਮੂ-ਕਸ਼ਮੀਰ ‘ਚ ਭਾਜਪਾ ਦਾ ਕੋਈ ਆਧਾਰ ਨਹੀਂ ਸੀ, ਪਰ ਫਿਰ ਵੀ ਭਾਜਪਾ ਨੇ ਸਫਲਤਾ ਹਾਸਲ ਕੀਤੀ। ਪਾਰਟੀ ਜਲੰਧਰ ਵਿਚ ਵੀ ਕਾਮਯਾਬੀ ਹਾਸਲ ਕਰੇਗੀ।

Add a Comment

Your email address will not be published. Required fields are marked *