ਟਰੂਡੋ ਨੇ ਰੂਸ ਅਤੇ ਚੀਨ ‘ਤੇ ਵਿੰਨ੍ਹਿਆ ਨਿਸ਼ਾਨਾ, ਦੁਨੀਆ ਭਰ ‘ਚ ਤਾਨਾਸ਼ਾਹੀ ਦੇ ਉਭਾਰ ਦੀ ਕੀਤੀ ਨਿੰਦਾ

ਓਟਾਵਾ : ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇੱਕ ਭਾਸ਼ਣ ਵਿੱਚ ਦੁਨੀਆ ਭਰ ਵਿੱਚ ਤਾਨਾਸ਼ਾਹੀ ਦੇ ਉਭਾਰ ਦੀ ਨਿਖੇਧੀ ਕੀਤੀ। ਇਸ ਦੇ ਨਾਲ ਹੀ ਉਸਨੇ ਲੋਕਤੰਤਰ ਦੇਸ਼ਾਂ ਨੂੰ ਵਪਾਰ ਅਤੇ ਵਿਦੇਸ਼ ਨੀਤੀ ਦੁਆਰਾ ਆਪਣੇ ਆਦਰਸ਼ਾਂ ‘ਤੇ ਚੱਲਣ ਲਈ ਕਿਹਾ। ਅਲ ਜਜ਼ੀਰਾ ਦੀ ਰਿਪੋਰਟ ਵਿਚ ਇਹ ਜਾਣਕਾਰੀ ਦਿੱਤੀ ਗਈ। ਟਰੂਡੋ ਨੇ ਸ਼ੁੱਕਰਵਾਰ ਨੂੰ ਸੰਯੁਕਤ ਰਾਜ ਦੇ ਸ਼ਹਿਰ ਨਿਊਯਾਰਕ ਵਿੱਚ ਸਥਿਤ ਇੱਕ ਥਿੰਕ ਟੈਂਕ, ਕੌਂਸਿਲ ਆਨ ਫਾਰੇਨ ਰਿਲੇਸ਼ਨਜ਼ ਨੂੰ ਆਪਣੀ ਟਿੱਪਣੀ ਵਿੱਚ ਕਿਹਾ ਕਿ “ਜੇਕਰ ਅਸੀਂ ਕਦਮ ਅੱਗੇ ਨਹੀਂ ਵਧਾਉਂਦੇ ਤਾਂ ਹੋਰ ਤਾਕਤਾਂ ਅੱਗੇ ਆਉਣਗੀਆਂ। ਸਮਾਨ ਵਿਚਾਰਧਾਰਾ ਵਾਲੇ ਲੋਕਤੰਤਰਾਂ ਦੇ ਰੂਪ ਵਿਚ,ਵੱਡੀਆਂ ਅਰਥਵਿਵਸਥਾਵਾਂ ਹੋਣ ਦੇ ਨਾਤੇ ਸਾਨੂੰ ਇਸ ਸਮੇਂ ਮਿਲ ਕੇ ਕੰਮ ਕਰਨ ਦੀ ਲੋੜ ਹੈ।” 

ਅਲ ਜਜ਼ੀਰਾ ਦੇ ਅਨੁਸਾਰ ਉਸ ਨੇ ਭਾਸ਼ਣ ਦੁਆਰਾ ਕੈਨੇਡਾ ਅਤੇ ਇਸਦੇ ਸਹਿਯੋਗੀਆਂ ਨੂੰ ਆਰਥਿਕ ਪ੍ਰੋਤਸਾਹਨ ਦੁਆਰਾ ਮਨੁੱਖੀ ਅਧਿਕਾਰਾਂ ਪ੍ਰਤੀ ਆਪਣੀਆਂ ਵਚਨਬੱਧਤਾਵਾਂ ਨੂੰ ਮਜ਼ਬੂਤ ​​ਕਰਨ ਲਈ ਉਤਸ਼ਾਹਿਤ ਕਰਦੇ ਹੋਏ ਰੂਸ ਅਤੇ ਚੀਨ ਵਰਗੇ ਦੇਸ਼ਾਂ ‘ਤੇ ਨਿਸ਼ਾਨਾ ਸਾਧਿਆ। ਟਰੂਡੋ ਨੇ ਕਿਹਾ ਕਿ “ਅਸੀਂ ਚਾਹੁੰਦੇ ਹਾਂ ਕਿ ਸਾਡੀਆਂ ਕੰਪਨੀਆਂ ਚੀਨ ਤੋਂ ਖਾਸ ਤੌਰ ‘ਤੇ ਖਰੀਦੇ ਗਏ ਮਹੱਤਵਪੂਰਨ ਖਣਿਜਾਂ ਦੀ ਮਾਤਰਾ ਨੂੰ ਸੀਮਤ ਕਰਨ।” ਟਰੂਡੋ ਮੁਤਾਬਕ ਇਸਦੀ ਬਜਾਏ ਸਾਨੂੰ ਸਿਰਫ਼ ਉਨ੍ਹਾਂ ਥਾਵਾਂ ਤੋਂ ਆਪਣੇ ਮਹਤੱਵਪੂਰਨ ਖਣਿਜਾਂ ਨੂੰ ਪ੍ਰਾਪਤ ਕਰਨ ਲਈ ਵਚਨਬੱਧ ਹੋਣਾ ਚਾਹੀਦਾ ਹੈ ਜੋ ਜਬਰੀ ਮਜ਼ਦੂਰੀ ‘ਤੇ ਪਾਬੰਦੀ ਲਗਾਉਂਦੇ ਹਨ। ਜਿਨ੍ਹਾਂ ਦੇ ਸੁਰੱਖਿਆ ਮਾਪਦੰਡ ਹੁੰਦੇ ਹਨ। ਜੋ ਮਜ਼ਦੂਰਾਂ ਨੂੰ ਵਾਜਿਬ ਮਜ਼ਦੂਰੀ ਦਿੰਦੇ ਹਨ। 

ਉਸਨੇ ਬਾਅਦ ਵਿੱਚ ਕਿਹਾ ਕਿ “ਕੈਨੇਡਾ ਵਿੱਚ ਪੈਦਾ ਹੋਣ ਵਾਲਾ ਲਿਥੀਅਮ ਵਧੇਰੇ ਮਹਿੰਗਾ ਹੋਣ ਜਾ ਰਿਹਾ ਹੈ।” ਆਸਟ੍ਰੇਲੀਆ ਅਤੇ ਚਿਲੀ ਤੋਂ ਬਾਅਦ ਚੀਨ ਲਿਥੀਅਮ ਦਾ ਸਭ ਤੋਂ ਵੱਡਾ ਉਤਪਾਦਕ ਹੈ, ਜੋ ਕਿ ਵਿਸ਼ਵ ਵਿੱਚ ਮੋਬਾਈਲ ਫੋਨਾਂ ਅਤੇ ਇਲੈਕਟ੍ਰਿਕ ਬੈਟਰੀਆਂ ਵਿੱਚ ਵਰਤੀ ਜਾਂਦੀ ਇੱਕ ਧਾਤ ਹੈ। ਟਰੂਡੋ ਨੇ ਇਹ ਵੀ ਕਿਹਾ ਕਿ ਉਨ੍ਹਾਂ ਦਾ ਪ੍ਰਸ਼ਾਸਨ ਵਾਤਾਵਰਣ ਵਰਗੇ ਮੁੱਦਿਆਂ ‘ਤੇ ਚੀਨ ਨਾਲ ਸਹਿਯੋਗ ਦੀ ਉਮੀਦ ਕਰਦਾ ਹੈ। ਜ਼ਿਕਰਯੋਗ ਹੈ ਕਿ ਦੋਹਾਂ ਦੇਸ਼ਾਂ ਵਿਚਾਲੇ ਤਣਾਅ ਕਾਫੀ ਵੱਧ ਗਿਆ ਹੈ। ਓਟਾਵਾ ਨੇ ਚੀਨ ‘ਤੇ ਚੋਣਾਂ ਵਿੱਚ ਦਖਲਅੰਦਾਜ਼ੀ ਕਰਨ ਅਤੇ ਕੈਨੇਡਾ ਵਿੱਚ ਵਿਦੇਸ਼ੀ “ਪੁਲਸ ਸਟੇਸ਼ਨ” ਸਥਾਪਤ ਕਰਨ ਦਾ ਦੋਸ਼ ਲਗਾਇਆ ਹੈ।

Add a Comment

Your email address will not be published. Required fields are marked *