8 ਹਜ਼ਾਰ ਪਿੱਛੇ ਚਲਾ ਦਿੱਤੀਆਂ ਗੋਲ਼ੀਆਂ, ਨੌਜਵਾਨ ਹੋਇਆ ਗੰਭੀਰ ਜ਼ਖ਼ਮੀ

ਗੁਰਦਾਸਪੁਰ : ਸ਼ਨੀਵਾਰ ਸ਼ਾਮ ਨੂੰ ਬਟਾਲਾ ਪੁਲਸ ਅਧੀਨ ਪੈਂਦੇ ਸਰਹੱਦੀ ਹਲਕੇ ਡੇਰਾ ਬਾਬਾ ਨਾਨਕ ਦੇ ਪਿੰਡ ਠੇਠਰਕੇ ਵਿਖੇ ਮੋਟਰਸਾਈਕਲ ‘ਤੇ ਸਵਾਰ 2 ਅਣਪਛਾਤੇ ਨੌਜਵਾਨਾਂ ਵੱਲੋਂ ਪਿੰਡ ਧਰਮਕੋਟ ਦੇ ਰਹਿਣ ਵਾਲੇ ਨੌਜਵਾਨ ਜੇਮਸ ਮਸੀਹ ਪੁੱਤਰ ਲੱਖਾ ਮਸੀਹ ਵਾਸੀ ਪੁਰਾਣਾ ਧਰਮਕੋਟ ‘ਤੇ ਫਾਇਰ ਕਰਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ ਗਿਆ। ਮਾਮਲਾ ਉਧਾਰ ਲਏ ਗਏ 8 ਹਜ਼ਾਰ ਰੁਪਏ ਦਾ ਹੈ। ਉਥੇ ਹੀ ਜ਼ਖ਼ਮੀ ਹਾਲਤ ‘ਚ ਨੌਜਵਾਨ ਨੂੰ ਸਿਵਲ ਹਸਪਤਾਲ ਡੇਰਾ ਬਾਬਾ ਨਾਨਕ ਵਿਖੇ ਦਾਖਲ ਕਰਵਾਇਆ ਗਿਆ, ਜਦਕਿ ਉਸ ਦੀ ਹਾਲਤ ਨੂੰ ਦੇਖਦਇਆਂ ਉਸ ਨੂੰ ਸਿਵਲ ਹਸਪਤਾਲ ਗੁਰਦਾਸਪੁਰ ‘ਚ ਰੈਫਰ ਕਰ ਦਿੱਤਾ ਗਿਆ ਹੈ। ਫਿਲਹਾਲ ਮਾਮਲੇ ‘ਚ ਕੋਈ ਵੀ ਪੁਲਸ ਅਧਿਕਾਰੀ ਕੈਮਰੇ ਦੇ ਸਾਹਮਣੇ ਬੋਲਣ ਨੂੰ ਤਿਆਰ ਨਹੀਂ ਹੈ।

ਸਿਵਲ ਹਸਪਤਾਲ ‘ਚ ਜਾਣਕਾਰੀ ਦਿੰਦਿਆਂ ਜ਼ਖ਼ਮੀ ਨੌਜਵਾਨ ਜੇਮਸ ਮਸੀਹ ਨੇ ਦੱਸਿਆ ਕਿ ਉਸ ਦੇ ਦੋਸਤ ਨਿਹਾਲ ਸਿੰਘ ਨੇ ਕਿਸੇ ਕੋਲੋਂ 8 ਹਜ਼ਾਰ ਰੁਪਏ ਉਧਾਰ ਲਏ ਸਨ। ਉਸ ਕੋਲ ਵਾਪਸ ਦੇਣ ਲਈ ਪੈਸੇ ਨਹੀਂ ਸੀ, ਇਸ ਲਈ ਜਦੋਂ ਉਸ ਦੀ ਦੁਕਾਨ ‘ਤੇ 2 ਵਿਅਕਤੀ ਪੈਸੇ ਵਾਪਸ ਮੰਗਣ ਆਏ ਤਾਂ ਉਸ ਨੇ ਮੈਨੂੰ ਫੋਨ ਕਰਕੇ ਬੁਲਾ ਲਿਆ। ਮੈਂ ਆ ਕੇ ਨੌਜਵਾਨਾਂ ਕੋਲੋਂ ਪੈਸੇ ਵਾਪਸ ਕਰਨ ਲਈ ਕੁਝ ਦਿਨ ਦਾ ਸਮਾਂ ਮੰਗ ਰਿਹਾ ਸੀ ਕਿ ਉਹ ਗਰਮ ਹੋਣ ਲੱਗ ਪਏ ਤੇ ਇਸੇ ਦੌਰਾਨ ਉਨ੍ਹਾਂ ਨੇ ਗੋਲ਼ੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਉਨ੍ਹਾਂ 2 ਗੋਲ਼ੀਆਂ ਚਲਾਈਆਂ, ਜਿਨ੍ਹਾਂ ‘ਚੋਂ ਇਕ ਉਸ ਦੀ ਲੱਤ ਅਤੇ ਇਕ ਦੂਜੀ ਪੈਰ ‘ਤੇ ਲੱਗੀ।

ਉੱਥੇ ਹੀ ਮੌਕੇ ‘ਤੇ ਡੇਰਾ ਬਾਬਾ ਨਾਨਕ ਹਸਪਤਾਲ ‘ਚ ਤਇਨਾਤ ਮੈਡੀਕਲ ਅਧਿਕਾਰੀ ਡਾ. ਪੁਸ਼ਮਿੰਦਰ ਸਿੰਘ ਨੇ ਦੱਸਿਆ ਕਿ ਨੌਜਵਾਨ ਜੇਮਸ ਮਸੀਹ ਦੀ ਲੱਤ ‘ਤੇ ਗੰਨ ਸ਼ਾਟ ਹੈ ਅਤੇ ਉਸ ਦੇ ਹੋਰ ਵੀ ਸੱਟਾਂ ਲੱਗੀਆਂ ਹਨ। ਗੰਨ ਸ਼ਾਟ ਹੋਣ ਕਾਰਨ ਉਕਤ ਨੌਜਵਾਨ ਦੀ ਹਾਲਤ ਗੰਭੀਰ ਹੈ। ਉਸ ਨੂੰ ਇਲਾਜ ਲਈ ਗੁਰਦਾਸਪੁਰ ਹਸਪਤਾਲ ‘ਚ ਰੈਫਰ ਕੀਤਾ ਗਿਆ ਹੈ। ਮਾਮਲੇ ਦੀ ਸੂਚਨਾ ਮਿਲਦੇ ਪੁਲਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਸ ਸਬੰਧੀ ਜਦੋਂ ਪੁਲਸ ਥਾਣਾ ਡੇਰਾ ਬਾਬਾ ਨਾਨਕ ਦੀ ਐੱਸਐੱਚਓ ਮੈਡਮ ਦਿਲਪ੍ਰੀਤ ਕੌਰ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਮੀਡੀਆ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ।

Add a Comment

Your email address will not be published. Required fields are marked *