ਅਮਰੀਕਾ : ਘਰ ‘ਚ ਵੜ ਕੇ ਤਾਬੜਤੋੜ ਫਾਇਰਿੰਗ, 8 ਸਾਲ ਦੇ ਬੱਚੇ ਸਮੇਤ 5 ਦੀ ਮੌਤ
ਆਸਟਿਨ : ਅਮਰੀਕਾ ਦੇ ਟੈਕਸਾਸ ਸੂਬੇ ਦੇ ਕਲੀਵਲੈਂਡ ‘ਚ ਇਕ ਵਿਅਕਤੀ ਨੇ ਰਾਈਫਲ ਕੱਢ ਕੇ ਆਪਣੇ ਗੁਆਂਢੀਆਂ ‘ਤੇ ਗੋਲ਼ੀਬਾਰੀ ਕਰ ਦਿੱਤੀ, ਜਿਸ ਕਾਰਨ ਇਕ 8 ਸਾਲ ਦੇ ਬੱਚੇ ਸਮੇਤ 5 ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਇਹ ਘਟਨਾ ਸ਼ੁੱਕਰਵਾਰ ਰਾਤ ਨੂੰ ਉਸ ਸਮੇਂ ਵਾਪਰੀ ਜਦੋਂ ਘਰ ਦੇ ਪਿਛਲੇ ਪਾਸੇ ਗੋਲ਼ੀਬਾਰੀ ਕਰਨ ਵਾਲੇ ਵਿਅਕਤੀ ਨੂੰ ਉਸ ਦੇ ਗੁਆਂਢੀਆਂ ਨੇ ਗੋਲ਼ੀਬਾਰੀ ਬੰਦ ਕਰਨ ਲਈ ਕਿਹਾ ਕਿਉਂਕਿ ਉਹ ਉਸ ਸਮੇਂ ਸੌਣ ਦੀ ਕੋਸ਼ਿਸ਼ ਕਰ ਰਹੇ ਸਨ। ਸੈਨ ਜੈਕਿੰਟੋ ਕਾਉਂਟੀ ਦੇ ਸ਼ੈਰਿਫ ਗ੍ਰੇਗ ਕੈਪਰਸ ਨੇ ਕਿਹਾ ਕਿ ਹਿਊਸਟਨ ਤੋਂ ਲਗਭਗ 72 ਕਿਲੋਮੀਟਰ ਉੱਤਰ ਵਿੱਚ ਕਲੀਵਲੈਂਡ ਸ਼ਹਿਰ ‘ਚ ਗੋਲ਼ੀਬਾਰੀ ਤੋਂ ਬਾਅਦ ਅਧਿਕਾਰੀ 39 ਸਾਲਾ ਸ਼ੱਕੀ ਦੀ ਭਾਲ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਸ਼ੱਕੀ ਨੇ ਗੋਲ਼ੀਬਾਰੀ ‘ਚ ਏਆਰ ਰਾਈਫਲ ਦੀ ਵਰਤੋਂ ਕੀਤੀ।
ਕੇਪਰਸ ਨੇ ਕਿਹਾ ਕਿ ਇਕ ਬਹਿਸ ਤੋਂ ਬਾਅਦ ਪੀੜਤ ਦੇ ਪਰਿਵਾਰਕ ਮੈਂਬਰ ਇਕ ਗੁਆਂਢੀ ਦੀ ਕੰਧ ਤੱਕ ਚਲੇ ਗਏ ਅਤੇ ਸ਼ੱਕੀ ਨੂੰ ਗੋਲ਼ੀਬਾਰੀ ਬੰਦ ਕਰਨ ਲਈ ਕਿਹਾ। ਕੇਪਰਸ ਦੇ ਅਨੁਸਾਰ ਸ਼ੱਕੀ ਨੇ ਜਵਾਬ ਦਿੱਤਾ ਕਿ ਇਹ ਉਸ ਦਾ ਪਰਿਸਰ ਸੀ। ਮਰਨ ਵਾਲਿਆਂ ਵਿੱਚ 3 ਔਰਤਾਂ ਵੀ ਸ਼ਾਮਲ ਹਨ। ਕੇਪਰਸ ਨੇ ਕਿਹਾ ਕਿ ਮਰਨ ਵਾਲਿਆਂ ਦੀ ਉਮਰ 8 ਤੋਂ ਲੈ ਕੇ 40 ਸਾਲ ਤੱਕ ਸੀ। ਸਾਰੇ ਮ੍ਰਿਤਕ ਹੋਂਡੂਰਸ ਦੇ ਨਾਗਰਿਕ ਸਨ।

