ਪੰਜਾਬ ਸਕੂਲ ਸਿੱਖਿਆ ਬੋਰਡ ਨੇ ਅੱਠਵੀਂ ਦਾ ਨਤੀਜਾ ਐਲਾਨਿਆ

(ਮੁਹਾਲੀ), 28 ਅਪਰੈਲ-: ਪੰਜਾਬ ਸਕੂਲ ਸਿੱਖਿਆ ਬੋਰਡ ਨੇ ਅੱਜ ਅੱਠਵੀਂ ਜਮਾਤ ਦਾ ਨਤੀਜਾ ਐਲਾਨ ਦਿੱਤਾ ਹੈ। ਇਸ ਸਾਲ 2,98,127 ਵਿਦਿਆਰਥੀ ਇਹ ਪ੍ਰੀਖਿਆ ਵਿੱਚ ਬੈਠੇ ਸਨ, ਜਿਨ੍ਹਾਂ ’ਚੋਂ 2,92,206 (98.01 ਫ਼ੀਸਦ) ਵਿਦਿਆਰਥੀ ਪਾਸ ਹੋਏ ਹਨ। ਸਿੱਖਿਆ ਬੋਰਡ ਦੇ ਵਾਈਸ ਚੇਅਰਮੈਨ ਡਾ. ਵਰਿੰਦਰ ਭਾਟੀਆ ਨੇ ਅੱਜ 356 ਵਿਦਿਆਰਥੀਆਂ ਦੀ ਮੈਰਿਟ ਸੂਚੀ ਜਾਰੀ ਕਰਦਿਆਂ ਦੱਸਿਆ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੰਨਿਆ ਬੁਢਲਾਡਾ (ਮਾਨਸਾ) ਦੀ ਲਵਪ੍ਰੀਤ ਕੌਰ ਪੁੱਤਰੀ ਕੁਲਵਿੰਦਰ ਸਿੰਘ ਤੇ ਨੀਲਮ ਕੌਰ ਅਤੇ ਇਸੇ ਸਕੂਲ ਦੀ ਗੁਰਅੰਕਿਤ ਕੌਰ ਪੁੱਤਰੀ ਸੁਖਵਿੰਦਰ ਸਿੰਘ ਤੇ ਬਲਵੀਰ ਕੌਰ ਨੇ 100 ਫੀਸਦ ਅੰਕ ਪ੍ਰਾਪਤ ਕੀਤੇ ਹਨ, ਪਰ ਜਨਮ ਮਿਤੀ ਦੇ ਆਧਾਰ ’ਤੇ ਲਖਪ੍ਰੀਤ ਨੂੰ ਪਹਿਲਾ ਤੇ ਗੁਰਅੰਕਿਤ ਕੌਰ ਨੂੰ ਦੂਸਰਾ ਸਥਾਨ ਹਾਸਲ ਹੋਇਆ ਹੈ। ਇਸ ਦੇ ਨਾਲ ਹੀ ਗੁਰੂ ਨਾਨਕ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬੱਸੀਆਂ (ਲੁਧਿਆਣਾ) ਦੀ ਸਮਰਪ੍ਰੀਤ ਕੌਰ ਪੁੱਤਰੀ ਜਗਦੇਵ ਸਿੰਘ ਤੇ ਮਨਪ੍ਰੀਤ ਕੌਰ ਨੇ 598 ਅੰਕਾਂ ਨਾਲ ਤੀਜਾ ਸਥਾਨ ਹਾਸਲ ਕੀਤਾ ਹੈ। ਉਨ੍ਹਾਂ ਦੱਸਿਆ ਕਿ ਮੈਰਿਟ ਅਨੁਸਾਰ ਲੜਕੀਆਂ ਦੀ ਪਾਸ ਫ਼ੀਸਦ 98.68 ਅਤੇ ਲੜਕਿਆਂ ਦੀ ਪਾਸ ਫ਼ੀਸਦ 97.41 ਰਹੀ। ਛੇ ਟ੍ਰਾਂਸਜੈਂਡਰ ਵਿਦਿਆਰਥੀਆਂ ਨੇ ਵੀ ਚੰਗੇ ਅੰਕ ਪ੍ਰਾਪਤ ਕੀਤੇ ਹਨ। ਇਸੇ ਤਰ੍ਹਾਂ ਮਾਨਤਾ ਪ੍ਰਾਪਤ ਅਤੇ ਐਸੋਸੀਏਟਿਡ ਸਕੂਲਾਂ ਦੇ 99.12 ਫੀਸਦ ਵਿਦਿਆਰਥੀ ਪਾਸ ਹੋਏ ਹਨ। ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੀ ਪਾਸ ਫ਼ੀਸਦ 97.88 ਤੇ ਏਡਿਡ ਸਕੂਲਾਂ ਦੀ 94.44 ਫੀਸਦ ਰਹੀ।

Add a Comment

Your email address will not be published. Required fields are marked *