ਕਰਨਾਟਕ ਚੋਣਾਂ: ਪੰਚਾਇਤਾਂ ਨੂੰ ਇਕ-ਇਕ ਕਰੋੜ ਰੁਪਏ ਦੇਵਾਂਗੇ: ਰਾਹੁਲ ਗਾਂਧੀ
![](http://mehakewattan.com/wp-content/uploads/2023/04/2023_4largeimg_906536795.jpg)
ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਅੱਜ ਵਾਅਦਾ ਕੀਤਾ ਕਿ ਜੇਕਰ 10 ਮਈ ਨੂੰ ਹੋਣ ਵਾਲੀਆਂ ਸੂਬੇ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਉਨ੍ਹਾਂ ਦੀ ਪਾਰਟੀ ਜਿੱਤ ਕੇ ਸੱਤਾ ਵਿੱਚ ਆਉਂਦੀ ਹੈ ਤਾਂ ਹਰੇਕ ਪਿੰਡ ਦੀ ਪੰਚਾਇਤ ਨੂੰ ਇਕ-ਇਕ ਕਰੋੜ ਰੁਪਏ ਅਤੇ ਕਲਿਆਣ ਕਰਨਾਟਕ ਖੇਤਰ ਲਈ 5,000 ਕਰੋੜ ਰੁਪਏ ਦਿੱਤੇ ਜਾਣਗੇ। ਵਰ੍ਹਦੇ ਮੀਂਹ ਵਿਚ ਕਾਂਗਰਸ ਦੇ ਸਾਬਕਾ ਪ੍ਰਧਾਨ ਨੇ ਇਕ ਚੋਣ ਰੈਲੀ ਨੂੰ ਸੰਬੋਧਨ ਕੀਤਾ, ਜਿੱਥੇ ਉਨ੍ਹਾਂ ਸਰਕਾਰੀ ਵਿਭਾਗਾਂ ਵਿੱਚ 50,000 ਆਸਾਮੀਆਂ ਭਰਨ ਦਾ ਵਾਅਦਾ ਵੀ ਕੀਤਾ।
ਮੀਂਹ ਵਿੱਚ ਭਿੱਜੇ ਹੋਏ ਰਾਹੁਲ ਗਾਂਧੀ ਨੇ ਕਲਬੁਰਗੀ ਜ਼ਿਲ੍ਹੇ ਵਿੱਚ ਕਿਹਾ, ‘‘ਅਸੀਂ ਇਸ ਖੇਤਰ ਲਈ 5,000 ਕਰੋੜ ਰੁਪਏ ਦੇਵਾਂਗੇ। ਹਰੇਕ ਪਿੰਡ ਦੀ ਪੰਚਾਇਤ ਨੂੰ ਇਕ-ਇਕ ਕਰੋੜ ਰੁਪਏ ਮਿਲਣਗੇ।’’ ਕਲਿਆਣ ਕਰਨਾਟਕ ਖੇਤਰ ਵਿੱਚ ਬਿਦਰ, ਯਾਦਗੀਰ, ਰਾਇਚੂਰ, ਕੋਪਲ, ਕਲਬੁਰਗੀ, ਬੱਲਾਰੀ ਅਤੇ ਵਿਜੈਨਗਰ ਜ਼ਿਲ੍ਹੇ ਸ਼ਾਮਲ ਹਨ।
ਉਨ੍ਹਾਂ ਭਵਿੱਖਬਾਣੀ ਵੀ ਕੀਤੀ ਕਿ ਸੱਤਾਧਾਰੀ ਭਾਜਪਾ ਨੂੰ ਸਿਰਫ 40 ਸੀਟਾਂ ਮਿਲਣਗੀਆਂ ਕਿਉਂਕਿ ਉਸ ਨੂੰ ਇਹ ਅੰਕ ਪਸੰਦ ਹੈ। ਗਾਂਧੀ ਨੇ ਦੋਸ਼ ਲਗਾਇਆ ਕਿ ਕਰਨਾਟਕ ਵਿੱਚ ਭਾਜਪਾ ਸਰਕਾਰ ਦੇ ਮੰਤਰੀਆਂ ਨੇ ਠੇਕੇਦਾਰਾਂ ਕੋਲੋਂ ਲੋਕ ਨਿਰਮਾਣ ਦੇ ਕੰਮਾਂ ਲਈ 40 ਫ਼ੀਸਦ ਕਮਿਸ਼ਨ ਲਿਆ ਹੈ, ਇਸ ਵਾਸਤੇ ਪਾਰਟੀ ਨੂੰ 40 ਤੋਂ ਜ਼ਿਆਦਾ ਸੀਟਾਂ ਨਹੀਂ ਮਿਲਣਗੀਆਂ ਜਦਕਿ ਕਾਂਗਰਸ 150 ਸੀਟਾਂ ਜਿੱਤ ਕੇ ਅਗਲੀ ਸਰਕਾਰ ਬਣਾਏਗੀ।
![](http://mehakewattan.com/wp-content/uploads/2023/07/ALL-ADDS-2023_page-0001-1638x2048-1.jpg)
ਮੌਜੂਦਾ ਭਾਜਪਾ ਸਰਕਾਰ ਨੂੰ ‘ਚੋਰੀ ਦੀ ਸਰਕਾਰ’ ਦੱਸਦੇ ਹੋਏ ਉਨ੍ਹਾਂ ਦੋਸ਼ ਲਗਾਇਆ ਕਿ ਸੱਤਾਧਾਰੀ ਪਾਰਟੀ ਨੇ ਵਿਰੋਧੀ ਪਾਰਟੀਆਂ ਦੇ ਵਿਧਾਇਕਾਂ ਨੂੰ ਖਰੀਦਿਆ ਹੈ। ਉਨ੍ਹਾਂ ਕਿਹਾ, ‘‘ਅਸੀਂ ਸਰਕਾਰ ਬਣਾਉਣ ਜਾ ਰਹੇ ਹਾਂ। ਸਾਡੀ ਪਾਰਟੀ ਨੂੰ ਸੱਤਾ ’ਚ ਆਉਣ ਤੋਂ ਕੋਈ ਨਹੀਂ ਰੋਕ ਸਕਦਾ।’’