ਈ-ਰਿਕਸ਼ਾ ਚਲਾਉਣ ਵਾਲਾ ਪੌਣੇ 2 ਕਰੋੜ ਦੀ ਹੈਰੋਇਨ ਸਣੇ ਗ੍ਰਿਫ਼ਤਾਰ

ਲੁਧਿਆਣਾ –ਐੱਸ. ਟੀ. ਐੱਫ. ਦੀ ਲੁਧਿਆਣਾ ਟੀਮ ਨੇ ਨਸ਼ਾ ਸਮੱਗਲਰਾਂ ਖਿਲਾਫ਼ ਛੇੜੀ ਮੁਹਿੰਮ ਤਹਿਤ ਇਕ ਨਸ਼ਾ ਸਮੱਗਲਰ ਨੂੰ ਪੌਣੇ 2 ਕਰੋੜ ਦੀ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਐੱਸ. ਟੀ. ਐੱਫ. ਦੇ ਇੰਚਾਰਜ ਹਰਬੰਸ ਸਿੰਘ ਰਹਿਲ ਨੇ ਪ੍ਰੈੱਸ ਨੂੰ ਦੱਸਿਆ ਕਿ ਐੱਸ. ਟੀ. ਐੱਫ. ਦੀ ਟੀਮ ਥਾਣਾ ਡਵੀਜ਼ਨ ਨੰ. 6 ਦੇ ਇਲਾਕੇ ਅਰੋੜਾ ਪੈਲੇਸ ’ਤੇ ਮੌਜੂਦ ਸੀ ਅਤੇ ਉਸੇ ਸਮੇਂ ਮੁਖ਼ਬਰ ਖਾਸ ਨੇ ਸੂਚਨਾ ਦਿੱਤੀ ਕਿ ਇਕ ਵਿਅਕਤੀ ਅੰਮ੍ਰਿਤਸਰ ਤੋਂ ਹੈਰੋਇਨ ਦੀ ਖੇਪ ਲੈ ਕੇ ਸ਼ਿਮਲਾਪੁਰੀ ਇਲਾਕੇ ’ਚ ਆਪਣੇ ਗਾਹਕਾਂ ਨੂੰ ਸਪਲਾਈ ਕਰਨ ਆ ਰਿਹਾ ਹੈ, ਜਿਸ ’ਤੇ ਐੱਸ. ਟੀ. ਐੱਫ. ਦੀ ਟੀਮ ਨੇ ਤੁਰੰਤ ਕਾਰਵਾਈ ਕਰਦਿਆਂ ਅਰੋੜਾ ਪੈਲੇਸ ਕੱਟ ਕੋਲ ਇਕ ਪੈਦਲ ਜਾ ਰਹੇ ਵਿਕਅਤੀ ਨੂੰ ਸ਼ੱਕ ਦੇ ਆਧਾਰ ’ਤੇ ਚੈਕਿੰਗ ਲਈ ਰੋਕਿਆ।

ਜਦੋਂ ਪੁਲਸ ਨੇ ਉਕਤ ਵਿਅਕਤੀ ਕੋਲ ਢੋਲਕੀ ਵਰਗੇ ਬੈਗ ਦੀ ਤਲਾਸ਼ੀ ਲਈ ਤਾਂ ਬੈਗ ’ਚ ਕੱਪੜਿਆਂ ’ਚ ਲੁਕੋ ਕੇ ਰੱਖੀ ਗਈ ਸਾਢੇ 300 ਗ੍ਰਾਮ ਹੈਰੋਇਨ ਬਰਾਮਦ ਹੋਈ। ਪੁਲਸ ਨੇ ਤੁਰੰਤ ਉਕਤ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਕੇ ਉਸ ਦੀ ਪਛਾਣ ਰਵਿੰਦਰ ਸਿੰਘ ਰਾਜਾ (30) ਪੁੱਤਰ ਹੀਰਾ ਸਿੰਘ ਵਾਸੀ ਪਿੰਡ ਕੋਟ ਖਾਲਸਾ ਵਜੋਂ ਕੀਤੀ ਗਈ ਅਤੇ ਮੁਲਜ਼ਮ ਖਿਲਾਫ਼ ਥਾਣਾ ਐੱਸ. ਟੀ. ਐੱਫ. ਮੋਹਾਲੀ ਵਿਖੇ ਐੱਨ. ਡੀ. ਪੀ. ਐੱਸ. ਐਕਟ ਤਹਿਤ ਕੇਸ ਦਰਜ ਕਰ ਲਿਆ ਹੈ। ਬਰਾਮਦ ਹੈਰੋਇਨ ਦੀ ਕੀਮਤ ਕਰੀਬ ਪੌਣੇ 2 ਕਰੋੜ ਦੀ ਦੱਸੀ ਜਾ ਰਹੀ ਹੈ। ਪੁਲਸ ਵੱਲੋਂ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਐੱਸ. ਟੀ. ਐੱਫ. ਦੇ ਇੰਚਾਰਜ ਹਰਬੰਸ ਸਿੰਘ ਰਹਿਲ ਨੇ ਦੱਸਿਆ ਕਿ ਮੁਲਜ਼ਮ ਰਵਿੰਦਰ ਸਿੰਘ ਇੱਥੇ ਕਿਰਾਏ ਦਾ ਮਕਾਨ ਲੈ ਕੇ ਈ-ਰਿਕਸ਼ਾ ਚਲਾਉਣ ਦਾ ਕੰਮ ਕਰਦਾ ਸੀ ਅਤੇ ਜਿਸ ਤੋਂ ਬਾਅਦ ਉਸ ਨੇ ਹੈਰੋਇਨ ਵੇਚਣ ਦਾ ਕੰਮ ਸ਼ੁਰੂ ਕੀਤਾ। ਮੁਲਜ਼ਮ ਦੇ ਅੰਮ੍ਰਿਤਸਰ ’ਚ ਕਈ ਨਸ਼ਾ ਸਮੱਗਲਰਾਂ ਨਾਲ ਲਿੰਕ ਸਨ। ਇਸ ਲਈ ਉਸ ਨੇ ਅੰਮ੍ਰਿਤਸਰ ਤੋਂ ਆਪਣੇ ਜਾਣਕਾਰ ਤੋਂ ਥੋਕ ਦੇ ਭਾਅ ਸਸਤੇ ਰੇਟ ’ਤੇ ਹੈਰੋਇਨ ਖਰੀਦ ਕੇ ਲੁਧਿਆਣਾ ’ਚ ਲਿਆ ਕੇ ਪ੍ਰਚੂਨ ’ਚ ਮਹਿੰਗੇ ਮੁੱਲ ਵੇਚਣਾ ਸ਼ੁਰੂ ਕਰ ਦਿੱਤਾ।

ਮੁਲਜ਼ਮ ਪਿਛਲੇ 1 ਸਾਲ ਤੋਂ ਨਸ਼ਾ ਵੇਚਣ ਦਾ ਕੰਮ ਕਰ ਰਿਹਾ ਸੀ, ਜੋ ਕਈ ਵਾਰ ਵੱਡੀ ਮਾਤਰਾ ’ਚ ਹੈਰੋਇਨ ਅੰਮ੍ਰਿਤਸਰ ਤੋਂ ਲੈ ਕੇ ਆਉਂਦਾ ਸੀ ਅਤੇ ਲੁਧਿਆਣਾ ’ਚ ਆਪਣੇ ਗਾਹਕਾਂ ਨੂੰ ਮਹਿੰਗੇ ਮੁੱਲ ਵੇਚ ਕੇ ਮੋਟੀ ਕਮਾਈ ਕਰਦਾ ਸੀ। ਅੱਜ ਮੁਲਜ਼ਮ ਨੂੰ ਅਦਾਲਤ ’ਚ ਪੇਸ਼ ਕਰ ਕੇ ਰਿਮਾਂਡ ਹਾਸਲ ਕੀਤਾ ਗਿਆ ਹੈ, ਜਿਸ ਦੌਰਾਨ ਮੁਲਜ਼ਮ ਤੋਂ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।

Add a Comment

Your email address will not be published. Required fields are marked *